ਪੰਜਾਬ ‘ਚ ਖੁੱਲ੍ਹੇ ਸਕੂਲ, ਜਾਣੋ ਕਿਵੇਂ ਦੀ ਰਹੀਆਂ ਪਹਿਲੇ ਦਿਨ ਤਿਆਰੀਆਂ

0
52

ਅੰਮ੍ਰਿਤਸਰ 07 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੋਵਿਡ ਦੇ ਸੰਕਟ ਕਾਰਨ ਪਿਛਲੇ ਵਰ੍ਹੇ ਸਰਕਾਰ ਹੁਕਮਾਂ ਤਹਿਤ ਸਾਰੇ ਸਕੂਲ ਬੰਦ ਕਰਕੇ ਆਨਲਾਈਨ ਪੜ੍ਹਾਈ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ, ਉੱਥੇ ਹੀ ਸਥਿਤੀ ‘ਚ ਹੋਏ ਸੁਧਾਰਾਂ ਤੋਂ ਬਾਅਦ ਪਹਿਲਾਂ ਅਕਤੂਬਰ ਮਹੀਨੇ ਤੋਂ 9ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਕੇ ਪੜ੍ਹਾਈ ਸ਼ੁਰੂ ਕਰਵਾਈ ਗਈ ਸੀ। ਇਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਵੀਰਵਾਰ ਤੋਂ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਸਕੂਲ ਖੋਲ੍ਹ ਦਿੱਤੇ ਹਨ।

ਸਰਕਾਰ ਵੱਲੋਂ ਜਾਰੀ ਕੋਵਿਡ ਬਾਬਤ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਸਮੇਤ ਬੱਚਿਆਂ ਦੀ ਸਿਹਤ ਦਾ ਪੂਰਾ ਖਿਆਲ ਰੱਖਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਬੇਸ਼ੱਕ ਸਰਕਾਰ ਨੇ ਅੱਜ ਤੋਂ ਹੁਕਮ ਜਾਰੀ ਕਰਕੇ ਪੰਜਵੀਂ ਤੋਂ ਉਪਰਲੀਆਂ ਕਲਾਸਾਂ ਲਈ ਸਕੂਲ ਤਾਂ ਖੋਲ੍ਹੇ ਗਏ ਹਨ ਪਰ ਆਖਰੀ ਮਨਜੂਰੀ ਫਿਰ ਵੀ ਮਾਪਿਆਂ ਵੱਲੋਂ ਦਿੱਤੀ ਜਾਏਗੀ। ਇਸ ‘ਤੇ ਕੁਝ ਮਾਪੇ ਹਾਲੇ ਵੀ ਸਹਿਮਤ ਨਹੀਂ ਹਨ।

ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਮਾਪਿਆਂ ਨੇ ਇਤਰਾਜ਼ ਜਾਹਰ ਕੀਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਵਿਡ ਵੈਕਸੀਨ ਤਿਆਰ ਨਹੀਂ ਹੋ ਜਾਂਦੀ, ਉਦੋਂ ਤੱਕ ਸਕੂਲ ਛੋਟੇ ਬੱਚਿਆਂ ਲਈ ਨਹੀਂ ਖੁੱਲ੍ਹਣੇ ਚਾਹੀਦੇ। ਇਸੇ ਕਰਕੇ ਅੱਜ ਪਹਿਲੇ ਦਿਨ ਸਕੂਲ ‘ਚ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਹੀ ਰਹੀ ਤੇ ਸਿਰਫ 8ਵੀਂ ਜਮਾਤ ਦੇ ਬੱਚੇ ਹੀ ਸਕੂਲ ਪਹੁੰਚੇ।

ਅੰਮ੍ਰਿਤਸਰ ਦੇ ਲਾਰੰਸ ਰੋਡ ਤੇ ਸਥਿਤ ਲੜਕੀਆਂ ਦੇ ਸਭ ਤੋਂ ਵੱਡੇ ਸਕੂਲ ‘ਚ ਕੋਵਿਡ ਬਾਬਤ ਜਾਰੀ ਹਦਾਇਤਾਂ ਪਾਲਣਾ ਕੀਤੀ ਜਾ ਰਹੀ ਹੈ ਪਰ 5ਵੀਂ ਤੋਂ 8ਵੀਂ ਤੱਕ ਦੇ ਬਹੁਤ ਘੱਟ ਵਿਦਿਆਰਥੀ ਪੁੱਜੇ। ਅਗਲੇ ਦਿਨਾਂ ‘ਚ ਗਿਣਤੀ ਵੱਧ ਸਕਦੀ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਨੇ ਦੱਸਿਆ ਕਿ ਮਾਪੇ ਜੇਕਰ ਚਾਹੁਣਗੇ ਤਾਂ ਹੀ ਬੱਚੇ ਸਕੂਲ ਆ ਸਕਣਗੇ, ਇਸ ਦੇ ਲਈ ਮਾਪਿਆਂ ਨੂੰ ਲਿਖਤੀ ‘ਚ ਸਰਟੀਫਿਕੇਟ ਦੇਣਾ ਪਵੇਗਾ। ਨਾਲ ਹੀ ਬੱਚਿਆਂ ਨੂੰ ਸਕੂਲ ਨਹੀਂ ਭੇਜਣ ਦੀ ਸੂਰਤ ‘ਚ ਪਹਿਲਾਂ ਵਾਂਗ ਆਨਲਾਈਨ ਪੜ੍ਹਾਈ ਜਾਰੀ ਰਹੇਗੀ।

ਅਧਿਆਪਕਾਂ ਨੇ ਦੱਸਿਆ ਕਿ ਕਲਾਸਾਂ ਚ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ, ਸੈਨੇਟਾਈਜੇਸ਼ਨ ‘ਤੇ ਬਕਾਇਦਾ ਜ਼ੋਰ ਦਿੱਤਾ ਜਾ ਰਿਹਾ ਹੈ। ਅਧਿਆਪਕ ਡੋਲੀ ਭਾਟੀਆ ਨੇ ਕਿਹਾ ਕਿ ਉਸ ਦੀ ਬੇਟੀ 6ਵੀ ਕਲਾਸ ‘ਚ ਪੜ੍ਹਦੀ ਹੈ ਪਰ ਬੱਚਿਆਂ ਦੀ ਸਿਹਤ ਦਾ ਖਿਆਲ ਬਹੁਤ ਜਰੂਰੀ ਹੈ ਤੇ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ ਛੋਟੇ ਬੱਚਿਆਂ ਨੂੰ ਸਕੂਲ ਨਹੀਂ ਬੁਲਾਇਆ ਜਾਣਾ ਚਾਹੀਦਾ।

NO COMMENTS