*ਪੰਜਾਬ ‘ਚ ਕੋਰੋਨਾ ਦੀ ਦਸਤਕ ! ਮਹਿਲਾ ਦੀ ਮੌਤ ਮਗਰੋਂ ਹਾਈ ਅਲਰਟ, ਨਵੀਆਂ ਗਾਈਡਲਾਈਨਜ਼ ਜ਼ਰੂਰੀ*

0
137

 (ਸਾਰਾ ਯਹਾਂ) : ਕਰੋਨਾ ਨੇ ਪੰਜਾਬ ਅੰਦਰ ਦਸਤਕ ਦੇ ਦਿੱਤੀ ਹੈ (Corona in Punjab)। ਇਸ ਕਾਰਨ ਜਲੰਧਰ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਉਹ ਸ਼ੂਗਰ ਤੋਂ ਵੀ ਪੀੜਤ ਸੀ। ਉਹ ਇਲਾਜ ਕਰਵਾਉਣ ਲਈ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਤੋਂ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਪਹੁੰਚੀ ਸੀ। ਔਰਤ ਨੂੰ ਤੇਜ਼ ਬੁਖਾਰ ਸੀ ਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਹਾਸਲ ਜਾਣਕਾਰੀ ਮੁਤਾਬਕ ਹਸਪਤਾਲ ’ਚ ਉਸ ਦਾ ਕਰੋਨਾ ਟੈਸਟ ਕੀਤਾ ਗਿਆ ਤੇ ਰਿਪੋਰਟ ਪੌਜ਼ੇਟਿਵ ਆਈ। ਇਸ ਦੇ ਨਾਲ ਹੀ ਜਲੰਧਰ ’ਚ 46 ਸਾਲਾ ਵਿਅਕਤੀ ਦੇ ਕਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਸ ਨੂੰ ਘਰ ’ਚ ਇਕਾਂਤਵਾਸ ਕੀਤਾ ਗਿਆ ਹੈ। 

ਉਝਰ, ਪੰਜਾਬ ਵਿੱਚ ਕਰੋਨਾਵਾਇਰਸ ਦੇ ਨਵੇਂ ਵੇਰੀਐਂਟ ਜੇਐਨ-1 ਦੇ ਐਕਟਿਵ ਹੋਣ ’ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। 

ਇਸ ਦੇ ਨਾਲ ਹੀ ਹਸਪਤਾਲਾਂ ਵਿੱਚ ਮਰੀਜ਼ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਲਾਜ਼ਮੀ ਤੌਰ ’ਤੇ ਮਾਸਕ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਦੌਰਾਨ ਸਿਹਤ ਖਰਾਬ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਦੱਸ ਦਈ ਕਿ ਦੇਸ਼ ਵਿੱਚ ਕੋਰੋਨਾ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਸ਼ਨੀਵਾਰ ਤੱਕ ਮਰੀਜ਼ਾਂ ਦੀ ਗਿਣਤੀ ਵਧ ਕੇ 3,420 ਹੋ ਗਈ। ਇਹ ਦੇਸ਼ ਵਿੱਚ 21 ਮਈ ਤੋਂ ਬਾਅਦ ਤੋਂ ਇੱਕ ਦਿਨ ਵਿੱਚ ਸਾਹਮਣੇ ਆਏ ਕਰੋਨਾ ਕੇਸਾਂ ਦੇ ਸਭ ਤੋਂ ਵੱਧ ਮਾਮਲੇ ਹਨ। ਹੁਣ ਤੱਕ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 5,33,332 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 4.50 ਕਰੋੜ (4,50,07,964) ਹੈ। ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਕਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 4,44,71,212 ਹੋ ਗਈ ਹੈ।

NO COMMENTS