*ਪੰਜਾਬ ‘ਚ ਕੋਰੋਨਾ ਦਾ ਕਹਿਰ, ਪਹਿਲੀ ਵਾਰ ਐਕਟਿਵ ਮਰੀਜ਼ ਦਾ ਅੰਕੜਾ 50,000 ਤੋਂ ਪਾਰ*

0
70

ਚੰਡੀਗੜ੍ਹ 28,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਕੋਰੋਨਾ ਦੀ ਲਾਗ ਕਾਰਨ ਪੰਜਾਬ ‘ਚ ਪਹਿਲੀ ਵਾਰ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰਕੇ 51,936 ਹੋ ਗਈ ਹੈ। ਇਨ੍ਹਾਂ ‘ਚੋਂ 677 ਗੰਭੀਰ ਮਰੀਜ਼ ਆਕਸੀਜਨ ‘ਤੇ ਹਨ ਤੇ 83 ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ।

ਐਕਟਿਵ ਮਰੀਜ਼ਾਂ ਦੀ ਗਿਣਤੀ ਜ਼ਿਲ੍ਹਾ ਐਸਏਐਸ ਨਗਰ (ਮੋਹਾਲੀ) ‘ਚ 8235, ਲੁਧਿਆਣਾ ‘ਚ 7462, ਅੰਮ੍ਰਿਤਸਰ ‘ਚ 5152, ਜਲੰਧਰ ‘ਚ 4603 ਤੇ ਅੰਮ੍ਰਿਤਸਰ ‘ਚ 4022 ਹੋ ਗਈ ਹੈ। ਉੱਥੇ ਹੀ ਮੰਗਲਵਾਰ ਨੂੰ ਇੱਕ ਦਿਨ ‘ਚ 100 ਲੋਕਾਂ ਦੀ ਮੌਤ ਹੋ ਗਈ। ਸੂਬੇ ‘ਚ ਲਾਗ ਦੇ 5932 ਨਵੇਂ ਕੇਸਾਂ ‘ਚੋਂ 3774 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਮੰਗਲਵਾਰ ਨੂੰ ਟੀਕਾਕਰਨ ਦੀ ਰਫ਼ਤਾਰ ਹੌਲੀ ਰਹੀ ਤੇ 35,833 ਲੋਕਾਂ ਨੇ ਟੀਕਾ ਲਵਾਇਆ।

ਪਿਛਲੇ ਦਿਨੀਂ ਅੰਮ੍ਰਿਤਸਰ ‘ਚ ਵੱਧ ਤੋਂ ਵੱਧ 17, ਲੁਧਿਆਣਾ ‘ਚ 13, ਐਸਏਐਸ ਨਗਰ (ਮੋਹਾਲੀ) ‘ਚ 9, ਪਟਿਆਲਾ ‘ਚ 9, ਬਠਿੰਡਾ ਤੇ ਹੁਸ਼ਿਆਰਪੁਰ ‘ਚ 7, ਫਾਜ਼ਿਲਕਾ ਅਤੇ ਜਲੰਧਰ ‘ਚ 6, ਫਿਰੋਜ਼ਪੁਰ ‘ਚ 5, ਐਸਬੀਐਸ ਨਗਰ (ਨਵਾਂ ਸ਼ਹਿਰ) ‘ਚ 4, ਕਪੂਰਥਲਾ ‘ਚ 3, ਮੁਕਤਸਰ ਤੇ ਤਰਨਤਾਰਨ ‘ਚ 3, ਫਰੀਦਕੋਟ ‘ਚ 2 ਤੇ ਬਰਨਾਲਾ, ਪਠਾਨਕੋਟ ਤੇ ਮਾਨਸਾ ‘ਚ 1-1 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।

ਸਿਹਤ ਵਿਭਾਗ ਅਨੁਸਾਰ ਲੁਧਿਆਣਾ ‘ਚ 1136, ਮੋਹਾਲੀ ‘ਚ 828, ਬਠਿੰਡਾ ‘ਚ 636, ਜਲੰਧਰ ‘ਚ 565, ਪਟਿਆਲਾ ‘ਚ 492 ਅਤੇ ਅੰਮ੍ਰਿਤਸਰ ‘ਚ 437 ਨਵੇਂ ਮਾਮਲੇ ਸਾਹਮਣੇ ਆਏ।

150 ਜ਼ਿਲ੍ਹਿਆਂ ‘ਚ ਲੱਗ ਸਕਦੈ ਲੌਕਡਾਊਨ
ਦੇਸ਼ ਦੇ ਲਗਪਗ 150 ਜ਼ਿਲ੍ਹਿਆਂ ‘ਚ ਕੋਵਿਡ-19 ਪੌਜ਼ੇਟਿਵਿਟੀ ਦਰ 15 ਫ਼ੀਸਦੀ ਤੋਂ ਵੱਧ ਹੈ ਤੇ ਕੋਰੋਨਾ ਮਹਾਂਮਾਰੀ ਇਨ੍ਹਾਂ ਜ਼ਿਲ੍ਹਿਆਂ ਦੀ ਸਿਹਤ ਪ੍ਰਣਾਲੀ ਉੱਤੇ ਦਬਾਅ ਵਧਾ ਰਹੀ ਹੈ। ਅਜਿਹੀ ਸਥਿਤੀ ‘ਚ ਇਨ੍ਹਾਂ ਜ਼ਿਲ੍ਹਿਆਂ ‘ਚ ਲੌਕਡਾਊਨ ਲਾਇਆ ਜਾ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਉੱਚ ਪੱਧਰੀ ਮੀਟਿੰਗ ‘ਚ ਇਨ੍ਹਾਂ ਜ਼ਿਲ੍ਹਿਆਂ ਲਈ ਅਜਿਹੇ ਕਦਮਾਂ ਚੁੱਕਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਕੇਂਦਰ ਅੰਤਮ ਫ਼ੈਸਲਾ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੋਵੇਗਾ। ਮੰਤਰਾਲੇ ਨੇ ਕਿਹਾ ਹੈ ਕਿ ਜ਼ਿਲ੍ਹਿਆਂ ‘ਚ ਵੱਧ ਰਹੇ ਕੋਰੋਨਾ ਮਾਮਲੇ ਤੇ ਸਿਹਤ ਪ੍ਰਣਾਲੀ ਦੇ ਪੈ ਰਹੇ ਦਬਾਅ ਕਾਰਨ ਸਖ਼ਤ ਕਦਮ ਚੁੱਕਣ ਦੀ ਤੁਰੰਤ ਲੋੜ ਹੈ।

ਲਾਗ ਦੀ ਲੜੀ ਨੂੰ ਤੋੜਨ ਲਈ ਸਖ਼ਤ ਕਦਮ ਜ਼ਰੂਰੀ ਹਨ
ਇੱਕ ਸੀਨੀਅਰ ਅਧਿਕਾਰੀ ਅਨੁਸਾਰ, “ਸਾਡੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਅਗਲੇ ਕੁਝ ਹਫ਼ਤਿਆਂ ‘ਚ ਲਾਗ ਦੀ ਲੜੀ ਨੂੰ ਤੋੜਨ ਲਈ ਬਹੁਤ ਜ਼ਿਆਦਾ ਪੌਜ਼ੇਟਿਵਿਟੀ ਵਾਲੇ ਜ਼ਿਲ੍ਹਿਆਂ ‘ਚ ਤਾਲਾਬੰਦੀ ਵਰਗੇ ਉਪਾਅ ਜ਼ਰੂਰੀ ਹਨ।”

ਦੇਸ਼ ‘ਚ ਰੋਜ਼ਾਨਾ ਪੌਜ਼ੇਟਿਵਿਟੀ ਦਰ 20 ਫ਼ੀਸਦੀ
ਭਾਰਤ ‘ਚ ਹੁਣ ਲਗਪਗ ਇੱਕ ਹਫ਼ਤੇ ਦੌਰਾਨ 3 ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਦੇਸ਼ ਭਰ ਤੋਂ 3.23 ਲੱਖ ਨਵੇਂ ਕੇਸ ਦਰਜ ਕੀਤੇ ਗਏ, ਜਿਨ੍ਹਾਂ ‘ਚ ਮਹਾਰਾਸ਼ਟਰ ਵਿੱਚ ਨਵੇਂ ਕੇਸਾਂ ਦੇ ਸਭ ਤੋਂ ਵੱਧ 48,700 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ‘ਚ 33,551 ਤੇ ਕਰਨਾਟਕ ‘ਚ 29,744 ਮਾਮਲੇ ਮਿਲੇ। ਇਥੋਂ ਤਕ ਕਿ ਕੇਰਲ ਵਰਗੇ ਘੱਟ ਆਬਾਦੀ ਵਾਲੇ ਸੂਬੇ ‘ਚ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਦੀ ਰੋਜ਼ਾਨਾ ਪੌਜ਼ੇਟਿਵਿਟੀ ਦਰ ਇਸ ਸਮੇਂ 20 ਫ਼ੀਸਦੀ ਹੈ।

NO COMMENTS