*ਪੰਜਾਬ ‘ਚ ਕਾਂਗਰਸ ਦੀ ਵਾਪਸੀ ਦਾ ਰਸਤਾ ਹੋਇਆ ਸਾਫ਼*

0
28

ਫਗਵਾੜਾ 8 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਦਿੱਗਜ ਆਗੂਆਂ ਦੀ ਕਰਾਰੀ ਹਾਰ ’ਤੇ ਤਿੱਖੀ ਟਿੱਪਣੀ ਕਰਦਿਆਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਜਨਰਲ ਸਕੱਤਰ ਅੰਕੁਸ਼ ਧੀਮਾਨ ਨੇ ਅੱਜ ਕਿਹਾ ਕਿ ਆਪ-ਮੁਹਾਰੇ ਕੱਟੜ ਇਮਾਨਦਾਰ ਅਖਵਾਉਣ ਵਾਲੇ ਅਰਵਿੰਦ ਕੇਜਰੀਵਾਲ ਦਾ ਚਿਹਰਾ ਦਿੱਲੀ ’ਚ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਹੁਣ ਪੰਜਾਬ ਦੇ ਲੋਕ ਵੀ ਇਸ ਪਾਰਟੀ ਨੂੰ ਦਿੱਲੀ ਵਾਂਗ ਹੀ ਸੱਤਾ ਤੋਂ ਬੇਦਖਲ ਕਰਨ ਲਈ ਬੇਤਾਬ ਹਨ। ਜੇਕਰ ਅੱਜ ਪੰਜਾਬ ਵਿੱਚ ਚੋਣਾਂ ਹੋ ਜਾਣ ਤਾਂ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ‘ਝਾੜੂ’ ਚੋਣ ਨਿਸ਼ਾਨ ਨੂੰ ਕਫ਼ਨ ਪਾਇਆ ਹੈ, ਪੰਜਾਬ ਦੇ ਲੋਕ ਹਮੇਸ਼ਾ ਲਈ ਦਫ਼ਨ ਕਰਕੇ ਹੀ ਛੱਡਣਗੇ। ਅੰਕੁਸ਼ ਧੀਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਦਿੱਲੀ ਦੀ ਸੱਤਾ ਵਿੱਚ ਆਈ ਸੀ, ਪਰ ਮੁੱਖ ਮੰਤਰੀ ਕੇਜਰੀਵਾਲ ਸਮੇਤ ਇਸ ਦੇ ਕਈ ਸੀਨੀਅਰ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮਹੀਨਿਆਂ ਤੋਂ ਸਾਲਾਂ ਤੱਕ ਸਜ਼ਾ ਭੁਗਤ ਚੁੱਕੇ ਹਨ। ਉਹੀ ਸ਼ਰਾਬ ਘੁਟਾਲਾ ਜਿਸ ਦਾ ਪਰਦਾਫਾਸ਼ ਸਭ ਤੋਂ ਪਹਿਲਾਂ ਕਾਂਗਰਸ ਨੇ ਕੀਤਾ ਸੀ ਅਤੇ ਆਮ ਆਦਮੀ ਦੇ ਪੈਸੇ ਨਾਲ ਬਣਾਏ ਸ਼ੀਸ਼ ਮਹਿਲ ਨੇ ਦਿੱਲੀ ਵਿੱਚ ‘ਆਪ’ ਪਾਰਟੀ ਦੀ ਕਬਰ ਪੁੱਟ ਦਿੱਤੀ ਹੈ। ਪੰਜਾਬ ਵਿੱਚ ਵੀ ‘ਆਪ’ ਪਾਰਟੀ ਨੇ ਝੂਠ ਬੋਲ ਕੇ ਸੱਤਾ ਤਾਂ ਹਾਸਲ ਕੀਤੀ ਹੈ ਪਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਜਿਸ ਵਿੱਚ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਮਾਮਲਾ ਸ਼ਹਿਰ ਵਾਸੀਆਂ ਦੇ ਸਾਹਮਣੇ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਇਸ ਪਾਰਟੀ ਦੇ ਸਾਰੇ ਵੱਡੇ ਆਗੂ ਤੇ ਵਰਕਰ ਸਿਰਫ਼ ਝੂਠ ਦੀ ਦੁਕਾਨ ਹੀ ਚਲਾਉਂਦੇ ਹਨ। ਪੰਜਾਬ ਅੱਜ ਵੀ ਨਸ਼ਿਆਂ, ਮਾਫੀਆ, ਗੈਂਗਸਟਰਾਂ ਅਤੇ ਚੋਰੀਆਂ, ਡਕੈਤੀਆਂ, ਲੁੱਟਾਂ-ਖੋਹਾਂ ਅਤੇ ਕਤਲਾਂ ਦੀ ਮਾਰ ਝੱਲ ਰਿਹਾ ਹੈ। ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਦੀ ਪੰਜਾਬ ’ਚੋਂ ਵਿਦਾਈ ਅਤੇ ਕਾਂਗਰਸ ਦੀ ਵਾਪਸੀ ਤੈਅ ਹੈ। ਇਸ ਮੌਕੇ ਉਨ੍ਹਾਂ ਨਾਲ ਮੁਕੇਸ਼ ਭਾਟੀਆ, ਅਗਮ ਪਰਾਸ਼ਰ, ਬੌਬੀ ਵੋਹਰਾ, ਜੱਸੀ, ਸੰਜੀਵ, ਟੀਟੂ ਆਦਿ ਹਾਜ਼ਰ ਸਨ।

NO COMMENTS