ਪੰਜਾਬ ‘ਚੋਂ ਕੱਲ੍ਹ 9 ਹੋਰ ਰੇਲ ਗੱਡੀਆਂ ਚੱਲਣਗੀਆਂ

0
152

ਚੰਡੀਗੜ੍ਹ, 29 ਮਈ: (ਸਾਰਾ ਯਹਾ/ ਬਲਜੀਤ ਸ਼ਰਮਾ ) 75 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 4.84 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲਾਂ ਹੀ ਉਹਨਾਂ ਦੇ ਪਿੱਤਰੀ ਰਾਜ ਵਾਪਸ ਭੇਜਿਆ ਗਿਆ ਹੈ ਜਿਸ ਨਾਲ ਪੰਜਾਬ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਸੂਬੇ ਭਰ ‘ਚੋਂ ਕੱਲ੍ਹ ਵੱਖ-ਵੱਖ ਥਾਵਾਂ ਤੋਂ 9 ਹੋਰ ਰੇਲ ਗੱਡੀਆਂ ਚੱਲਣਗੀਆਂ।

ਨੋਡਲ ਅਧਿਕਾਰੀ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ, ਲੋਕ ਨਿਰਮਾਣ ਵਿਭਾਗ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਵਿੱਚ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਬਿਨਾਂ ਕਿਸੇ ਮੁਸ਼ਕਿਲ ਤੋਂ ਉਹਨਾਂ ਦੇ ਪਿੱਤਰੀ ਰਾਜਾਂ ਨੂੰ ਵਾਪਸ ਜਾਣ ਲਈ ਹਰ ਸੰਭਵ ਸਹਿਯੋਗ ਦੇਣਾ ਯਕੀਨੀ ਬਣਾਇਆ ਜਾਵੇ। ਉਹਨਾਂ ਅੱਗੇ ਕਿਹਾ ਕਿ ਲੋੜ ਮੁਤਾਬਕ ਰੇਲ ਗੱਡੀਆਂ ਚਲਾਉਣ ਸਬੰਧੀ ਮੁਲਾਂਕਣ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਿੱਤਰੀ ਰਾਜਾਂ ਨੂੰ ਵਾਪਸ ਜਾਣ ਦੀ ਇੱਛਾ ਰੱਖਣ ਵਾਲੇ ਪਰਵਾਸੀ ਕਾਮਿਆਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਜਲਦੀ ਤੋਂ ਜਲਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾਵੇ। ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋੜ ਮੁਤਾਬਕ ਹੋਰ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

ਸ੍ਰੀ ਵਿਕਾਸ ਪ੍ਰਤਾਪ ਨੇ ਅੱਗੇ ਕਿਹਾ ਕਿ ਸੂਬੇ ‘ਚੋਂ 5 ਮਈ ਤੋਂ ਹੁਣ ਤੱਕ ਲਗਭਗ 375 ਵਿਸ਼ੇਸ਼ ਸ਼੍ਰਮਿਕ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਇਹ ਮੁਲਾਂਕਣ ਹੁਣ ਤੱਕ ਕੀਤੇ ਯਤਨਾਂ ਦੀ ਸਮੀਖਿਆ ਕਰਨ ਅਤੇ ਆਉਣ ਵਾਲੇ ਦਿਨਾਂ ਵਿਚ ਲੋੜੀਂਦੀਆਂ ਰੇਲ ਗੱਡੀਆਂ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ ਕੀਤਾ ਗਿਆ ਹੈ।

ਕੁੱਲ 375 ਵਿਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਨੂੰ 226 ਰੇਲਗੱਡੀਆਂ ਅਤੇ ਉਸ ਤੋਂ ਬਾਅਦ ਬਿਹਾਰ ਨੂੰ 123 ਰੇਲ ਗੱਡੀਆਂ ਪਰਵਾਸੀ ਕਾਮਿਆਂ ਨੂੰ ਲੈ ਕੇ ਰਵਾਨਾ ਹੋਈਆਂ ਹਨ। ਇਸੇ ਤਰ੍ਹਾਂ ਝਾਰਖੰਡ ਨੂੰ 9,  ਮੱਧ ਪ੍ਰਦੇਸ਼ ਨੂੰ 7 ਅਤੇ ਛੱਤੀਸਗੜ੍ਹ ਨੂੰ 3 ਅਤੇ ਪੱਛਮੀ ਬੰਗਾਲ ਨੂੰ 2 ਰੇਲ ਗੱਡੀਆਂ ਰਵਾਨਾ ਹੋਈਆਂ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮਨੀਪੁਰ, ਤਾਮਿਲਨਾਡੂ ਅਤੇ ਉਤਰਾਖੰਡ ਨੂੰ ਇੱਕ-ਇੱਕ ਰੇਲ ਗੱਡੀ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈ।

ਜ਼ਿਕਰਯੋਗ ਹੈ ਕਿ ਸੂਬੇ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਭੋਜਨ ਅਤੇ ਰਹਿਣ ਲਈ ਕੀਤੇ ਪ੍ਰਬੰਧਾਂ ਕਾਰਨ ਲੱਖਾਂ ਪ੍ਰਵਾਸੀਆਂ ਨੇ ਤਾਲਾਬੰਦੀ ਦੌਰਾਨ ਵੀ ਆਪਣੀ ਇੱਛਾ ਨਾਲ ਪੰਜਾਬ ਵਿੱਚ ਹੀ  ਰਹਿਣ ਦਾ ਫੈਸਲਾ ਕੀਤਾ।

ਸੂਬਾ ਸਰਕਾਰ ਇਹ ਰੇਲ ਗੱਡੀਆਂ ਚਲਾਉਣ ਲਈ ਪਹਿਲਾਂ ਹੀ 26 ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ ਜੋ ਕਿ ਫਿਰੋਜ਼ਪੁਰ ਅਤੇ ਅੰਬਾਲਾ ਡਿਵੀਜ਼ਨ ਦੇ ਰੇਲਵੇ ਅਧਿਕਾਰੀਆਂ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ।

ਸਭ ਤੋਂ ਵੱਧ 188 ਰੇਲ ਗੱਡੀਆਂ ਚਲਾਉਣ ਨਾਲ ਲੁਧਿਆਣਾ ਪਹਿਲੇ ਨੰਬਰ ‘ਤੇ ਹੈ, ਇਸ ਤੋਂ ਬਾਅਦ ਜਲੰਧਰ (76), ਅੰਮ੍ਰਿਤਸਰ (29), ਪਟਿਆਲਾ (24), ਮੁਹਾਲੀ (23) ਤੋਂ ਇਲਾਵਾ ਫਿਰੋਜ਼ਪੁਰ (15), ਦੋਰਾਹਾ (7), ਸਰਹਿੰਦ (6), ਬਠਿੰਡਾ (3), ਗੁਰਦਾਸਪੁਰ (2) ਅਤੇ ਹੁਸ਼ਿਆਰਪੁਰ ਅਤੇ ਪਠਾਨਕੋਟ ਤੋਂ ਇਕ-ਇਕ ਰੇਲ ਗੱਡੀ ਚਲਾਈ ਗਈ ਹੈ।

ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਸੂਬੇ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਘਰ ਵਾਪਸ ਜਾਣ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।    

ਇਸ ਤੋਂ ਇਲਾਵਾ, ਇਨ੍ਹਾਂ ਸਾਰੇ ਰਾਜਾਂ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਪ੍ਰਵਾਸੀਆਂ ਦੀ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਸੁਰੱਖਿਅਤ ਵਾਪਸੀ ਦੀ ਸਹੂਲਤ ਲਈ ਦੂਜੇ ਰਾਜਾਂ ਵਿੱਚ ਆਪਣੇ ਹਮਰੁਤਬਾ ਨਾਲ ਸਰਗਰਮੀ ਨਾਲ ਸੰਪਰਕ ਵਿੱਚ ਹਨ ਅਤੇ ਪ੍ਰਵਾਸੀਆਂ ਦੀ ਲਾਜ਼ਮੀ ਡਾਕਟਰੀ ਜਾਂਚ ਲਈ ਡਿਪਟੀ ਕਮਿਸਨਰਜ਼ ਪੱਧਰ ‘ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ।

————-

NO COMMENTS