*ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਲੱਗੇਗੀ ਮੋਹਰ*

0
105

ਚੰਡੀਗੜ੍ਹ 01,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਏਗੀ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਜ਼ਿਆਦਾਤਰ ਬਕਾਇਆ ਪਏ ਮੁੱਦਿਆਂ ’ਤੇ ਹੀ ਮੋਹਰ ਲੱਗਣ ਦੀ ਸੰਭਾਵਨਾ ਹੈ ਪਰ ਕਈ ਨਵੇਂ ਏਜੰਡੇ ਵੀ ਆ ਸਕਦੇ ਹਨ।

ਸਰਕਾਰੀ ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ’ਚ ਤਿੰਨ ਨਵੀਆਂ ਸਬ-ਤਹਿਸੀਲਾਂ ਬਣਾਏ ਜਾਣ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ। ਇਹ ਮੁੱਦਾ ਵੀ ਕਾਫੀ ਸਮੇਂ ਤੋਂ ਲਟਕ ਰਿਹਾ ਹੈ। ਚੋਣਾਂ ਤੋਂ ਪਹਿਲਾਂ ਸਰਕਾਰ ਇਹ ਐਲਾਨ ਕਰਕੇ ਇਸ ਦਾ ਸਿਆਸੀ ਲਾਹਾ ਲੈਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦੀ।

ਇਸ ਤੋਂ ਇਲਾਵਾ ਲਖੀਮਪੁਰ ਖੀਰੀ ’ਚ ਮਾਰੇ ਗਏ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ 50-50 ਲੱਖ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਵੀ ਦਿੱਤੀ ਜਾਣੀ ਹੈ। ਉਂਝ ਇਹ ਰਾਸ਼ੀ ਪਹਿਲਾਂ ਦਿੱਤੀ ਜਾ ਚੁੱਕੀ ਹੈ ਜਿਸ ਦੀ ਪ੍ਰਵਾਨਗੀ ਬਾਕੀ ਹੈ। ਵਜ਼ੀਫ਼ਾ ਸਕੀਮ ਤੇ ਕਿਸਾਨੀ ਨਾਲ ਤੁਅੱਲਕ ਰੱਖਦੇ ਹੋਰ ਏਜੰਡੇ ਆਉਣ ਦੀ ਸੰਭਾਵਨਾ ਹੈ।

ਇਹ ਵੀ ਚਰਚੇ ਹਨ ਕਿ ਨੌਕਰੀਆਂ ਵਿੱਚ ਪੰਜਾਬੀਆਂ ਲਈ ਤਰਜੀਹੀ ਕੋਟਾ ਨਿਸ਼ਚਿਤ ਕੀਤੇ ਜਾਣ ਦਾ ਏਜੰਡਾ ਵੀ ਪੇਸ਼ ਹੋ ਸਕਦਾ ਹੈ। ਹਰਿਆਣਾ ਨੇ ਇਹ ਕਦਮ ਪਹਿਲਾਂ ਹੀ ਚੁੱਕਿਆ ਹੋਇਆ ਹੈ। ਇਸ ਕਰਕੇ ਪੰਜਾਬ ਸਰਕਾਰ ਇਸ ’ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਤੇ ਮੁਲਾਜ਼ਮਾਂ ਨਾਲ ਸਬੰਧਤ ਕਈ ਮੁੱਦਿਆਂ ਉੱਪਰ ਵੀ ਚਰਚਾ ਹੋ ਸਕਦੀ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਤੇਜ਼ੀ ਨਾਲ ਬਕਾਇਆ ਵਾਅਦੇ ਪੂਰੇ ਕਰਨ ਵਿੱਚ ਜੁੱਟੀ ਹੋਈ। 

NO COMMENTS