ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਵੱਡਾ ਐਲਾਨ, ਸਿਆਸਤ ਨੂੰ ਅਲਵਿਦਾ?

0
157

ਚੰਡੀਗੜ੍ਹ 23 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਨਾਲ ਸਬੰਧਤ ਮਾਮਲਿਆਂ ਦੇ ਪਾਰਟੀ ਇੰਚਾਰਜ ਹਰੀਸ਼ ਰਾਵਤ ਨੇ ਵੱਡਾ ਐਲਾਨ ਕੀਤਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਰੀਸ਼ ਰਾਵਤ ਨੇ ਸਾਲ 2024 ’ਚ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਜ ਸੋਮਵਾਰ ਨੂੰ ਸਵੇਰੇ ਆਪਣੇ ਫ਼ੇਸਬੁੱਕ ਪੰਨੇ ਉੱਤੇ ਇਹ ਐਲਾਨ ਕਰਦਿਆਂ ਲਿਖਿਆ, ‘ਮੈਂ 2024 ’ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਬਾਅਦ ਸੰਨਿਆਸ ਲੈ ਲਵਾਂਗਾ।’

ਹਰੀਸ਼ ਰਾਵਤ ਨੇ ਮੁੱਖ ਤੌਰ ਉੱਤੇ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਮਹਾਭਾਰਤ ਦੇ ਯੁੱਧ ਵਿੱਚ ਜਦੋਂ ਅਰਜੁਨ ਦੇ ਕੋਈ ਜ਼ਖ਼ਮ ਹੁੰਦਾ ਸੀ, ਤਾਂ ਉਨ੍ਹਾਂ ਨੂੰ ਦਰਦ ਦੀ ਥਾਂ ਆਨੰਦ ਮਿਲਦਾ ਸੀ। ਇੰਝ ਹੀ ‘ਮੇਰੇ ਵੀ ਬਹੁਤ ਜ਼ਖ਼ਮ ਹੋਏ। ਕਈ ਵਾਰ ਹਾਰਿਆ ਪਰ ਮੈਦਾਨ-ਏ-ਜੰਗ ਨਹੀਂ ਛੱਡਿਆ।

ਕੱਲ੍ਹ ਦੇ ਕੁਝ ਬੱਚੇ ਆਰਐਸਐਸ ਦੀ ਕਲਾਸ ਵਿੱਚ ਸਿੱਖੇ ਹੁਨਰ ਮੇਰੇ ਉੱਤੇ ਅਜ਼ਮਾ ਰਹੇ ਹਨ। ਜਦੋਂ ਮੈਂ ਹਾਰ ਝੱਲਣ ਤੋਂ ਬਾਅਦ ਜੰਗ ਲਈ ਮੁੜ ਤਿਆਰੀ ਕਰ ਰਿਹਾ ਸਾਂ, ਤਦ ਅਜਿਹੇ ਬੱਚੇ ਜਨਮ ਲੈ ਰਹੇ ਸਨ। ਜਿਨ੍ਹਾਂ ਦੇ ਵਾਰਡ ’ਚ ਕਦੇ ਕਾਂਗਰਸ ਜਿੱਤੀ ਹੀ ਨਹੀਂ, ਉਹ ਮੈਨੂੰ ਚੇਤੇ ਕਰਵਾ ਰਹੇ ਹਨ ਕਿ ਮੇਰੀ ਅਗਵਾਈ ਹੇਠ ਕਾਂਗਰਸ 70 ਸੀਟਾਂ ਵਾਲੀ ਵਿਧਾਨ ਸਭਾ ’ਚ 11 ਉੱਤੇ ਕਿਉਂ ਆ ਗਈ।’

ਹਰੀਸ਼ ਰਾਵਤ ਨੇ ਅੱਗੇ ਕਿਹਾ ਕਿ ਚੋਣ ਹਾਰਾਂ ਦੇ ਅੰਕ-ਗਣਿਤ ਸ਼ਾਸਤਰੀਆਂ ਨੂੰ ਆਪਣੇ ਉਸਤਾਦਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨਿਆਂ ਨੂੰ ਚੋਣ ਲੜਾਈ ਤੇ ਉਨ੍ਹਾਂ ਵਿੱਚੋਂ ਕਿੰਨੇ ਜਿੱਤੇ? ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਵਿਧਾਨਕ ਲੋਕਤੰਤਰਕ ਸ਼ਕਤੀਆਂ ਦੀ ਜਿੱਤ ਹੁੰਦੀ ਵੇਖਣੀ ਚਾਹੁੰਦੇ ਹਨ ਤੇ ਅਜਿਹਾ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਸੰਭਵ ਹੋਵੇਗਾ।

NO COMMENTS