ਚੰਡੀਗੜ੍ਹ 18,ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ): ਕਾਂਗਰਸ ਦਾ ਆਪਸੀ ਕਲੇਸ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਵਿਧਾਇਕ ਪਰਗਟ ਸਿੰਘ ਨੂੰ ਖੁੱਲ੍ਹੀ ਧਮਕੀ ਨੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਵਾਰ ਫੇਰ ਗਰਮਾ ਦਿੱਤਾ ਹੈ। ਅੱਜ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਫੋਨ ‘ਤੇ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਕੀਤੀ ਹੈ।
ਹਰੀਸ਼ ਰਾਵਤ ਨੇ ਕਿਹਾ, “ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦੀ ਵੀਜੀਲੈਂਸ ਜਾਂਚ ਕਰਵਾਉਣਾ ਬੇਹੱਦ ਗਲ਼ਤ ਹੈ। ਇਸ ਨਾਲ ਪਾਰਟੀ ਵਿੱਚ ਤਣਾਅ ਵਧੇਗਾ ਤੇ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।”
ਉਧਰ ਬਾਜਵਾ ਨੇ ਹਰੀਸ਼ ਰਾਵਤ ਨੂੰ ਕਿਹਾ, “ਹਾਈਕਮਾਨ ਨੂੰ ਇਸ ਪੂਰੇ ਮਾਮਲੇ ਵਿੱਚ ਜਲਦ ਦਖਲ ਦੇਣਾ ਚਾਹੀਦਾ ਹੈ। ਕੋਰੋਨਾ ਕਾਲ ਵਿੱਚ ਆਪਸੀ ਖਿੱਚੋਤਾਣ ਨਾਲ ਸਰਕਾਰ ਦਾ ਲੋਕਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ। ਸਰਕਾਰ ਨੂੰ ਵਿਜੀਲੈਂਸ ਦੀ ਜਾਂਚ ਕਰਵਾਉਣ ਦੀ ਬਜਾਏ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣਾ ਚਾਹੀਦਾ ਹੈ।”
ਇਸ ਮਗਰੋਂ ਹਰੀਸ਼ ਰਾਵਤ ਨੇ ਭਰੋਸਾ ਦਿੱਤਾ ਕਿ ਹਾਈਕਮਾਨ ਜਲਦ ਇਸ ਮਾਮਲੇ ਨੂੰ ਸੁਲਝਾਏਗੀ। ਹਾਈਕਾਮ ਵੀ ਹੁਣ ਇਸ ਮਾਮਲੇ ਨੂੰ ਲੈ ਕੇ ਐਕਟਿਵ ਹੋ ਗਈ ਹੈ। ਹਰੀਸ਼ ਰਾਵਤ ਨੇ ਖੁਦ ਕਮਾਨ ਸੰਭਾਲ ਲਈ ਹੈ। ਹਰੀਸ਼ ਰਾਵਤ ਨੇ ਚਰਨਜੀਤ ਚੰਨੀ, ਪਰਗਟ ਸਿੰਘ ਸਣੇ ਕਈ ਲੀਡਰਾਂ ਨਾਲ ਫੋਨ ਤੇ ਗੱਲ ਕੀਤੀ।