*ਪੰਜਾਬ ਆਰਟ ਕੌਂਸਲ ਦੇ ਪ੍ਰਧਾਨ ਸਵਰਨਜੀਤ ਸਵੀ ਅਤੇ ਮਨਜੀਤ ਕੌਰ ਔਲਖ ਕਰਨਗੇ ਸ਼ਿਰਕਤ*

0
39

ਮਾਨਸਾ 29 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)ਸਿੱਖਿਆ ਅਤੇ ਕਲਾ ਮੰਚ ਪੰਜਾਬ ਦੀ ਅਗਵਾਈ ‘ਚ ਰਾਜ ਦੇ ਅਧਿਆਪਕਾਂ ਵੱਲ੍ਹੋਂ ਰਵਾਇਤੀ ਕਲਾਵਾਂ ਨੂੰ ਉਭਾਰਨ ਲਈ ਨਵੀਂ ਪਹਿਲ ਕਦਮੀਂ ਕੀਤੀ ਹੈ,ਮੰਚ ਵੱਲ੍ਹੋਂ ਨਵੇਂ ਦਿਸਹੱਦੇ ਤਹਿਤ ਰਾਜ ਪੱਧਰੀ ਕਲਾ ਮੁਕਾਬਲੇ 2,3 ਅਕਤੂਬਰ ਨੂੰ ਮਸਤੂਆਣਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ,ਇਨ੍ਹਾਂ ਮੁਕਾਬਲਿਆਂ ‘ਚ ਰਾਜ ਭਰ ਤੋਂ 12 ਮੁਕਾਬਲਿਆਂ ਲਈ 500 ਤੋਂ ਵੱਧ ਵਿਦਿਆਰਥੀ ਭਾਗ ਲੈਣਗੇ। ਇਨ੍ਹਾਂ ਵਿਦਿਆਰਥੀਆਂ ਦੀ ਚੋਣ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਆਨਲਾਈਨ ਰਾਜ ਪੱਧਰੀ ਕਲਾ ਮੁਕਾਬਲਿਆਂ ਦੌਰਾਨ ਹੋਈ ਹੈ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਫਿਲਮੀਂ ਅਦਾਕਾਰਾ ਮਨਜੀਤ ਕੌਰ ਔਲਖ ਕਰਨਗੇ।
          ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ, ਸ੍ਰਪ੍ਰਸਤ ਬਲਦੀਪ ਕੌਰ ਸੰਧੂ,ਚੇਅਰਮੈਨ ਡਾ.ਸੰਦੀਪ ਘੰਡ ਨੇ ਦੱਸਿਆ ਹੈ ਕਿ ” ਨਵੇਂ ਦਿਸਹੱਦੇ” ਬੈਨਰ ਤਹਿਤ ਪਿਛਲੇ 6 ਮਹੀਨਿਆਂ ਤੋਂ ਆਨਲਾਈਨ ਮੁਕਾਬਲੇ ਚੱਲ ਰਹੇ ਹਨ,ਜਿਸ ਤਹਿਤ ਪਹਿਲੇ ਪੜਾਅ ਦੌਰਾਨ ਸ਼ਬਦ ਗਾਇਨ, ਸੁੰਦਰ ਲਿਖਾਈ, ਕਵਿਤਾ, ਲੋਕ ਗੀਤ, ਕਵੀਸ਼ਰੀ,ਸੋਲੋ ਡਾਂਸ ਲੜਕੀਆਂ ਅਤੇ ਦੂਸਰੇ ਪੜਾਅ ਦੌਰਾਨ ਭਾਸ਼ਣ, ਚਿੱਤਰਕਾਰੀ, ਗਿੱਧਾ, ਭੰਗੜਾ,ਕੋਰੀਓਗ੍ਰਾਫੀ ਦੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ ਨੂੰ ਤਿੰਨ ਵਰਗਾਂ ਸਰਕਾਰੀ ਪ੍ਰਾਇਮਰੀ ਸਕੂਲ,ਅੱਪਰ ਪ੍ਰਾਇਮਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਵਰਗਾਂ ‘ਚ ਵੰਡਿਆ ਗਿਆ, ਜਿਸ ਦੌਰਾਨ ਹਰ ਮੁਕਾਬਲੇ ਚੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਅਤੇ ਟੀਮਾਂ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਮੁਕਾਬਲਿਆਂ ਦੌਰਾਨ 5 ਤੋਂ ਲੈ ਕੇ 10 ਤੱਕ ਅਤੇ ਟੀਮ ਮੁਕਾਬਲਿਆਂ ਦੌਰਾਨ 5 ਤੋਂ ਲੈ ਕੇ 8 ਟੀਮਾਂ ਦੀ ਚੋਣ ਕੀਤੀ ਗਈ ਹੈ।
“ਨਵੇਂ ਦਿਸਹੱਦੇ” ਪ੍ਰੋਜੈਕਟ ਦੇ ਕੋਆਰਡੀਨੇਟਰ ਮੈਡਮ ਜੱਸ ਸ਼ੇਰਗਿੱਲ, ਮਨਦੀਪ ਕੌਰ ਜੱਸੀ, ਗੋਪਾਲ ਸਿੰਘ ਰਟੋਲਾਂ ਨੇ ਦੱਸਿਆ ਹੈ ਕਿ ਦੋ ਰੋਜ਼ਾ ਕਲਾ ਮੁਕਾਬਲਿਆਂ ਦੌਰਾਨ ਪਹਿਲੇ ਦਿਨ ਸੰਤ ਤੇਜਾ ਸਿੰਘ ਸੁਤੰਤਰ ਹਾਲ ਵਿਖੇ ਸਟੇਜ ਨੰਬਰ 1 ਉਪਰ ਸ਼ਬਦ ਗਾਇਨ, ਭੰਗੜਾ,ਸੋਲੋ ਡਾਂਸ ਲੜਕੇ ਦੇ ਮੁਕਾਬਲੇ ਹੋਣਗੇ,ਦੂਜੇ ਦਿਨ ਸੋਲੋ ਡਾਂਸ ਲੜਕੀਆਂ,ਗਿੱਧੇ ਦੇ ਮੁਕਾਬਲੇ ਹੋਣਗੇ। ਬੀ.ਐੱਡ ਕਾਲਜ ਸਟੇਜ ਨੰਬਰ 2 ਉਪਰ ਪਹਿਲੇ ਦਿਨ ਕੋਰੀਓਗ੍ਰਾਫੀ,ਦੂਜੇ ਦਿਨ ਕਵੀਸ਼ਰੀ, ਲੋਕ ਗੀਤ ਦੇ ਮੁਕਾਬਲੇ ਹੋਣਗੇ। ਡਿਗਰੀ ਕਾਲਜ ਸਟੇਜ ਨੰਬਰ 3 ਉਪਰ ਪਹਿਲੇ ਦਿਨ ਕਵਿਤਾ, ਭਾਸ਼ਣ ਦੇ ਮੁਕਾਬਲੇ ਹੋਣਗੇ ਅਤੇ ਡਿਗਰੀ ਕਾਲਜ ਕੰਪਿਊਟਰ ਸੈਂਟਰ ਕਮਰਾ ਨੰਬਰ 2 ਵਿਖੇ ਸੁੰਦਰ ਲਿਖਾਈ ਅਤੇ ਚਿੱਤਰਕਾਰੀ ਦੇ ਮੁਕਾਬਲੇ ਹੋਣਗੇ।

NO COMMENTS