ਮਾਨਸਾ, 27 ਦਸੰਬ- ((ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪਰਧਾਨ ਧੰਨਾ ਮੱਲ ਗੋਇਲ ਅਤੇ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਵਲੋਂ ਸੋਸ਼ਲ ਮੀਡੀਏ ‘ਤੇ ਮਿਲੇ ਰਜਿਸਟਰਾਰ ਪੰਜਾਬ ਮੈਡੀਕਲ ਕੌਂਸਲ ਦੇ ਪੱਤਰ ਮੁਤਾਬਕ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਰੀਦਕੋਟ ਵੱਲੋਂ ਕੋਟਕਪੂਰਾ, ਜੈਤੋ ਅਤੇ ਬਾਜਾਖਾਨਾ ਦੇ ਏਰੀਏ ਵਿਚ ਰਜਿਸਟਰੇਸ਼ਨ ਦੀ ਆੜ ਹੇਠ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਬੰਦ ਨੂੰ ਕਰਾਉਣ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਹਨਾਂ ਪੈ੍ਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਸਿਹਤ ਵਿਭਾਗ ਵਲੋਂ ਅੰਮਿ੍ਤਸਰ ਦੇ ਵੇਰਕਾ ਤਰਨਤਾਰਨ ,ਪਟਿਆਲਾ, ਕਪੂਰਥਲਾ , ਮੋਹਾਲੀ ਅਤੇ ਹੁਣ ਫਰੀਦਕੋਟ ਅੰਦਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਣ ਦੀ ਕਾਰਵਾਈ ਵਿੱਢੀ ਗਈ ਹੈ। ਜਿਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਅਤੇ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੀ ਵਾਅਦੇ ਦੀ ਖਿਲਾਫ਼ੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਹਨਾਂ ਸੰਬੰਧਿਤ ਜ਼ਿਲ੍ਹਿਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਪ੍ਰਸਾਸ਼ਨ ਅੱਗੇ ਗੋਡੇ ਟੇਕੂ ਨੀਤੀਆਂ ਨੂੰ ਛੱਡਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸੰਘਰਸ਼ ਨੂੰ ਤੇਜ਼ ਕੀਤਾ ਜਾਵੇ।ਪੰਜਾਬ ਅੰਦਰ ਸਰਕਾਰੀ ਸਿਹਤ ਸੇਵਾਵਾਂ ਬਹੁਤ ਨਿਗੂਣੀਆਂ ਹਨ।ਜੋ ਸਿਰਫ਼ 20 ਪ੍ਤੀਸ਼ਤ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਸਕਦੀਆਂ ਹਨ। ਪਰਾਈਵੇਟ ਸਿਹਤ ਸੇਵਾਵਾਂ ਮਹਿੰਗੀਆਂ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ।ਪਿਛਲੇ 50 ਸਾਲਾਂ ਤੋਂ ਸ਼ਹਿਰੀ ਗਰੀਬ ਬਸਤੀਆਂ ਅਤੇ ਪਿੰਡਾਂ ਅੰਦਰ ਮੈਡੀਕਲ ਪ੍ਰੈਕਟੀਸ਼ਨਰ ਹੀ ਲੋਕਾਂ ਨੂੰ ਦਿਨ ਰਾਤ ਸਸਤੀਆਂ ਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਨ। ਲੋਕ ਇਨ੍ਹਾਂ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੋਂ ਸੰਤੁਸ਼ਟ ਹਨ। ਜੇਕਰ ਇਨ੍ਹਾਂ ਮੈਡੀਕਲ ੫ੈ੍ਕਟੀਸਨਰਾਂ ਦਾ ਕਿੱਤਾ ਬੰਦ ਹੁੰਦਾ ਹੈ ਤਾਂ ਜਿੱਥੇ ਕਰੋੜਾਂ ਲੋਕ ਮੁਢਲੀਆਂ ਸਿਹਤ ਸੇਵਾਵਾਂ ਤੋ ਵਾਝੇ ਹੋ ਜਾਣਗੇ,ਉਥੇ ਲੱਖਾਂ ਲੋਕਾਂ ਦਾ ਰੁਜਗਾਰ ਬੰਦ ਹੋ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਲੋੜ ਨੂੰ ਸਮਝਦੇ ਹੋਏ ਇਹਨਾਂ ਪ੍ਰੈਕਟੀਸ਼ਨਰਾਂ ਨੂੰ ਪੱਛਮੀ ਬੰਗਾਲ ਦੀ ਤਰਜ਼ ‘ਤੇ ਪਾਰਟ ਟਾਈਮ ਟਰੇਨਿੰਗ ਦੇ ਕੇ ਪ੍ਰੈਕਟਿਸ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਜਾਵੇ । ਇਹੀ ਇਸ ਬਹੁਤ ਵੱਡੇ ਸਮਾਜਿਕ ਮਸਲੇ ਦਾ ਮੁਨਾਸਬ ਹੱਲ ਹੈ।