*ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਏਜੰਟ ਕਹਿ ਕਸੂਤੇ ਘਿਰੇ ਕਾਂਗਰਸੀ ਵਿਧਾਇਕ, 29 ਕਰੋੜ ਦੇ ਮਾਣਹਾਨੀ ਕੇਸ ਦੀ ਚੇਤਾਵਨੀ*

0
17

ਪਟਿਆਲਾ 28,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੂੰ ਆਰਐਸਐਸ ਦਾ ਏਜੰਟ ਕਹਿ ਕੇ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਕਸੂਤੇ ਘਿਰ ਗਏ ਹਨ। ਵਾਈਸ ਚਾਂਸਲਰ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਕਾਨੂੰਨੀ ਨੋਟਿਸ ਭੇਜ ਕੇ 29 ਕਰੋੜ ਦੇ ਮਾਣਹਾਨੀ ਕੇਸ ਦੀ ਚੇਤਾਵਨੀ ਦਿੱਤੀ ਹੈ।

ਵਾਈਸ ਚਾਂਸਲਰ ਨੇ ਨੋਟਿਸ ਵਿੱਚ ਵਿਧਾਇਕ ਨੂੰ 15 ਦਿਨਾਂ ਦੀ ਮੋਹਲਤ ਦਿੰਦਿਆਂ ਬਿਆਨ ਸਬੰਧੀ ਲਿਖਤੀ ਮੁਆਫ਼ੀ ਦੇ ਨਾਲ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਮੁਆਫ਼ੀ ਮੰਗਣ ਲਈ ਆਖਿਆ ਗਿਆ। ਅਜਿਹਾ ਨਾ ਕਰਨ ਦੀ ਸੂਰਤ ਵਿਚ ਵਿਧਾਇਕ ਖ਼ਿਲਾਫ਼ ਵਾਈਸ ਚਾਂਸਲਰ ਵੱਲੋਂ ਵੀਹ ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਦਾਇਰ ਕਰਵਾਇਆ ਜਾਵੇਗਾ। ਵੀਸੀ ਨੇ ਵੱਖਰੇ ਤੌਰ ’ਤੇ ਅਪਰਾਧਿਕ ਕੇਸ ਦਰਜ ਕਰਵਾਉਣ ਦੀ ਗੱਲ ਵੀ ਆਖੀ ਹੈ।

ਪੰਜਾਬੀ ਯੂਨੀਵਰਸਿਟੀ ਦੇ ਕਿਸੇ ਵੀਸੀ ਵੱਲੋਂ ਸੱਤਾਧਾਰੀ ਧਿਰ ਦੇ ਕਿਸੇ ਵਿਧਾਇਕ ਨੂੰ ਅਜਿਹਾ ਨੋਟਿਸ ਭੇਜੇ ਜਾਣ ਦਾ ਇਹ ਇਹ ਪਲੇਠਾ ਮਾਮਲਾ ਹੈ। ਵਾਈਸ ਚਾਂਸਲਰ ਨੇ ਇਹ ਨੋਟਿਸ ਆਪਣੇ ਵਕੀਲ ਐਡਵੋਕੇਟ ਹਰਚੰਦ ਸਿੰਘ ਬਾਠ ਰਾਹੀਂ ਭੇਜਿਆ ਹੈ। ਵਿਧਾਇਕ ਜਲਾਲਪੁਰ ਵੱਲੋਂ ਵੀਸੀ ਨੂੰ ਆਰਐਸਐਸ ਦਾ ਬੰਦਾ ਕਹਿਣ ਦੀ ਇਹ ਘਟਨਾ ਕੁਝ ਹੀ ਦਿਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੀ ਯੂਨੀਵਰਸਿਟੀ ਫੇਰੀ ਦੌਰਾਨ ਵਾਪਰੀ ਸੀ।

ਇਸ ਦੌਰਾਨ ਭਾਵੇਂ ਮੁੱਖ ਮੰਤਰੀ ਨੇ ਵਿਧਾਇਕ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਜਲਾਲਪੁਰ ਦਾ ਕਹਿਣਾ ਸੀ ‘‘ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਇਆ ਗਿਆ ਇਹ ਵਾਈਸ ਚਾਂਸਲਰ ਆਰਐਸਐਸ ਦਾ ਬੰਦਾ ਹੈ।’’ ਇਸ ਮੌਕੇ ਵਾਈਸ ਚਾਂਸਲਰ ਵੀ ਮੰਚ ’ਤੇ ਮੌਜੂਦ ਸਨ। ਮੁੱਖ ਮੰਤਰੀ ਚੰਨੀ ਨੇ ਜਲਾਲਪੁਰ ਨੂੰ ਜਦੋਂ ਮੰਚ ’ਤੇ ਆਉਣ ਲਈ ਆਖਿਆ ਤਾਂ ਉਨ੍ਹਾਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਹ ਆਰਐਸਐਸ ਦੇ ਬੰਦੇ ਨਾਲ ਨਹੀਂ ਬੈਠਣਗੇ।

NO COMMENTS