ਪੰਜਾਬੀ ਨੌਜਵਾਨਾਂ ਨੂੰ ਨਹੀਂ ਠੱਗ ਸਕਣਗੇ ਟ੍ਰੈਵਲ ਏਜੰਟ, ਕੈਪਟਨ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

0
40

ਚੰਡੀਗੜ੍ਹ06 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਚੰਗੇ ਭਵਿੱਖ ਦੀ ਆਸ ‘ਚ ਨੌਜਵਾਨਾਂ ‘ਚ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਦਿਨ-ਬ-ਦਿਨ ਵਧ ਰਿਹਾ ਹੈ। ਅਜਿਹੇ ‘ਚ ਟ੍ਰੈਵਲ ਏਜੰਟ ਵੀ ਠੱਗੀ ਮਾਰਨ ਲਈ ਖੁੰਬਾਂ ਵਾਂਗ ਉੱਗ ਰਹੇ ਹਨ ਪਰ ਹੁਣ ਨੌਜਵਾਨਾਂ ਨੂੰ ਠੱਗੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਿਦੇਸ਼ੀ ਪੜ੍ਹਾਈ ਤੇ ਪਲੇਸਮੈਂਟ ਸੈੱਲ ਦੀ ਸ਼ੁਰੂਆਤ ਕਰੇਗੀ।

15 ਫਰਵਰੀ ਤੋਂ ਇਸ ਦੀ ਸ਼ੁਰੂਆਤ ਹੋਵੇਗੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਉਦਘਾਟਨ ਕਰਨਗੇ। ਇਸ ਸੈੱਲ ਦੀ ਸ਼ੁਰੂਆਤ ਸਰਕਾਰ ਮੋਹਾਲੀ ਤੋਂ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਕਰੇਗੀ। ਇਸ ਸੈੱਲ ‘ਚ ਨੌਜਵਾਨਾਂ ਨੂੰ ਕਾਊਂਸਲਿੰਗ ਤੋਂ ਬਾਅਦ ਸਟੱਡੀ ਵੀਜ਼ਾ ਤੇ ਵਰਕ ਵੀਜ਼ਾ ਲੈਣ ਲਈ ਸਰਕਾਰ ਵੱਲੋਂ ਮੁਫ਼ਤ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਲਈ ਭਾਰਤ ਸਰਕਾਰ ਤੋਂ ਮਨਜੂਰੀ ਵੀ ਮਿਲ ਗਈ ਹੈ।

ਵਿਦੇਸ਼ੀ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਨਾਲ ਪੰਜਾਬੀ ਨੌਜਵਾਨਾਂ ਨੂੰ ਸਟੱਡੀ ਵੀਜ਼ਾ ਦੀ ਸਹਾਇਤਾ ਲਈ ਗੱਲਬਾਤ ਚੱਲ ਰਹੀ ਹੈ। ਸੂਬਾ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 10 ਲੱਖ ਲੋਕਾਂ ਨੂੰ ਰੁਜ਼ਗਾਰ ਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਏਗਾ। ਇਸ ਦੇ ਤਹਿਤ ਇਕ ਲੱਖ ਸਰਕਾਰੀ ਨੌਕਰੀਆ, 4 ਲੱਖ ਨਿੱਜੀ ਖੇਤਰ ‘ਚ ਨੌਕਰੀਆਂ ਤੇ 5 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦਿਵਾਇਆ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਦਫਤਰਾਂ ਦਾ ਵੀ ਜ਼ਿਲ੍ਹਾ ਰੋਜ਼ਗਾਰ ਤੇ ਐਂਟਰਪ੍ਰਾਇਜਜ਼ ਬਿਊਰੋ ਦੇ ਤੌਰ ‘ਤੇ ਨਵੀਨੀਕਰਨ ਕੀਤਾ ਗਿਆ ਹੈ।

ਪੰਜਾਬ ‘ਚ ਜਪਾਨ ਤੋਂ ਨਿਵੇਸ਼ ਦੀਆਂ ਸੰਭਾਵਨਾਵਾਂ ਦੇ ਚੱਲਦਿਆਂ ਸੂਬਿਆਂ ‘ਚ ਜਾਪਾਨੀ ਭਾਸ਼ਾ ਦੇ ਸਿੱਖਿਆ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤੋਂ ਪਹਿਲੇ ਪੜਾਅ ਨੂੰ ਪੂਰਾ ਕਰ ਲਿਆ ਹੈ। ਇਸ ਦੇ ਅੰਤਰਗਤ ਜਪਾਨੀ ਭਾਸ਼ਾ ਦੀ ਸਿੱਖਿਆ ਦੇਣ ਲਈ 37 ਮਾਸਟਰ ਟ੍ਰੇਨਰ ਤਿਆਰ ਕੀਤੇ ਗਏ ਹਨ ਜੋ 18 ਤੋਂ 45 ਸਾਲ ਦੇ ਨੌਜਵਾਨਾਂ ਨੂੰ ਜਪਾਨੀ ਭਾਸ਼ਾ ਦਾ 200 ਘੰਟੇ ਦਾ ਕੋਰਸ ਕਰਵਾਉਣਗੇ। ਇਸ ਨਾਲ ਪੈਦਾ ਹੋਣ ਵਾਲੀਆਂ ਕਈ ਨੌਕਰੀਆਂ ‘ਚ ਨੌਜਵਾਨਾਂ ਨੂੰ ਰੋਜ਼ਗਾਰ ਮਲ ਸਕੇ।

ਇਸ ਤੋਂ ਇਲਾਵਾ ਤਕਨੀਕੀ ਸਿੱਖਿਆ ਦੇ 16 ਵੱਖ-ਵੱਖ ਟ੍ਰੇਡਾਂ ਦੀਆਂ ਪੁਸਤਕਾਂ ਦਾ ਪੰਜਾਬੀ ‘ਚ ਅਨੁਵਾਦ ਕਰਵਾਇਆ ਗਿਆ ਹੈ ਤੇ 25 ਵੱਖ-ਵੱਖ ਟ੍ਰੇ਼ਡਾਂ ਦੀਆਂ ਪੁਸਤਕਾਂ ਦੇ ਪੰਜਾਬੀ ਅਨੁਵਾਦ ਦਾ ਕੰਮ ਚੱਲ ਰਿਹਾ ਹੈ। ਸਰਕਾਰ ਨੇ ਡੀਜੀਟੀ, ਭਾਰਤ ਸਰਕਾਰ ਨੂੰ 25 ਹਜ਼ਾਰ ਤੋਂ ਵੱਧ ਪ੍ਰਸ਼ਨਾਂ ਦਾ ਪੁਲੰਦਾ ਭੇਜਿਆ ਹੈ।

ਜਿਸ ਨਾਲ ਸੂਬੇ ਦੇ ਵਿਦਿਆਰਥੀਆਂ ਲਈ ਪ੍ਰਸ਼ਨ ਪੱਤਰ ਪੰਜਾਬੀ ‘ਚ ਭੇਜੇ ਜਾ ਸਕਣ। ਜਦਕਿ ਪਹਿਲਾਂ ਤਕਨੀਕੀ ਸਿੱਖਿਆ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਤੋਂ ਅੰਗ੍ਰੇਜ਼ੀ ਤੇ ਹਿੰਦੀ ‘ਚ ਪ੍ਰਸ਼ਨ ਪੱਤਰ ਭੇਜੇ ਜਾਂਦੇ ਸਨ। ਗੁਰਦਾਸਪੁਰ ਤੇ ਫਿਰੋਜ਼ਪੁਰ ‘ਚ ਕੈਂਪਸ ਯੂਨੀਵਰਸਿਟੀ ਦੀ ਸਥਾਪਨਾ ਹੋਵੇਗੀ। ਕੈਪਟਨ ਸਰਕਾਰ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਨੌਜਵਾਨਾਂ ਨੂੰ ਖੁਸ਼ ਕਰਨ ਦੇ ਰੌਂਅ ‘ਚ ਹੈ। ਇਸ ਤਹਿਤ ਹੀ ਹੁਣ ਸਰਕਾਰ ਸਿੱਖਿਆ ਖੇਤਰ ਵੱਲ ਧਿਆਨ ਖਿੱਚਣ ਲੱਗੀ ਹੈ।

NO COMMENTS