*ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ, ਮਾਂ ਨੂੰ ਬੰਧਕ ਬਣਾ ਕੀਤੀ ਵਾਰਦਾਤ*

0
133

ਮੁਹਾਲੀ 19,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼):  : ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ (Jaswinder Bhalla) ਦੇ ਘਰ ਚੋਰੀ ਦੀ ਘਟਨਾ ਵਾਪਰੀ ਹੈ। ਆਰੋਪੀ ਨੌਕਰ ਨੇ ਭੱਲਾ ਦੀ ਮਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਵੇਲੇ ਪਰਿਵਾਰ ਦੇ ਹੋਰ ਮੈਂਬਰ ਬਾਹਰ ਸਨ। CCTV ਕੈਮਰੇ ‘ਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਥਾਣਾ ਮਟੌਰ ਦੀ ਪੁਲੀਸ ਨੇ ਔਰਤ ਨੂੰ ਬੰਧਕ ਬਣਾ ਕੇ ਚੋਰੀ ਕਰਨ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਸਵਿੰਦਰ ਭੱਲਾ ਹਾਲ ਹੀ ਵਿੱਚ ਲੁਧਿਆਣਾ ਤੋਂ ਮੁਹਾਲੀ ਵਿੱਚ ਸ਼ਫਿਟ ਹੋ ਗਏ ਹਨ। ਇੱਥੇ ਉਸ ਨੇ ਥਾਣਾ ਮਟੌਰ ਦੇ ਇਲਾਕੇ ਵਿੱਚ ਆਪਣਾ ਮਕਾਨ ਬਣਾ ਲਿਆ ਹੈ। ਸ਼ੁੱਕਰਵਾਰ ਨੂੰ ਪਰਿਵਾਰ ਹੋਲੀ ਖੇਡਣ ਗਿਆ ਹੋਇਆ ਸੀ। ਘਰ ਵਿਚ ਬਜ਼ੁਰਗ ਮਾਂ ਅਤੇ ਉਸ ਦਾ ਨੌਕਰ ਸਨ। ਆਰੋਪੀ ਨੌਕਰ ਨੇ ਪਹਿਲਾਂ ਬਜ਼ੁਰਗ ਦੇ ਹੱਥ ਬੰਨ੍ਹੇ, ਫਿਰ ਆਪਣੇ ਸਾਥੀਆਂ ਨਾਲ ਘਰ ‘ਚ ਲੁੱਟਮਾਰ ਕੀਤੀ ਅਤੇ ਉੱਥੋਂ ਫਰਾਰ ਹੋ ਗਿਆ।

ਭੱਲਾ ਦੀ ਮਾਂ ਨੂੰ ਕੋਈ ਸੱਟ ਨਹੀਂ ਲੱਗੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਗਹਿਣੇ, ਨਗਦੀ ਅਤੇ ਪਿਸਤੌਲ ਲੈ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਜਸਵਿੰਦਰ ਭੱਲਾ ਦੇ ਘਰ ਇੱਕ ਨੇਪਾਲੀ ਨੌਕਰ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਜਦੋਂ ਉਹ ਛੁੱਟੀ ‘ਤੇ ਗਿਆ ਸੀ ਤਾਂ ਉਸ ਨੇ ਇਕ ਦੋਸਤ ਨੂੰ ਨੌਕਰੀ ‘ਤੇ ਰੱਖਿਆ ਸੀ। ਉਸ ਨੇ ਆਪਣੇ 4 ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕੈਮਰੇ ‘ਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ।

ਜਸਵਿੰਦਰ ਭੱਲਾ ‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’, ‘ਡੈਡੀ ਕੂਲ ਮੁੰਡੇ ਫੂਲ’ ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਮਕਬੂਲ ਹੋਏ ਹਨ।ਉਨ੍ਹਾਂ ਦਾ ਜਨਮ 4 ਮਈ 1960 ਨੂੰ ਦੋਰਾਹਾ, ਪੰਜਾਬ ‘ਚ ਹੋਇਆ। ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ। ਉਨ੍ਹਾਂ ਨੇ ਆਪਣੀ ਬੀ. ਐੱਸ. ਸੀ. ਅਤੇ ਐਮ. ਐੱਸ. ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਤੇ ਪੀ. ਐਚ. ਡੀ. ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੀ. ਏ. ਯੂ. ‘ਚ ਸਹਾਇਕ ਪ੍ਰੋਫੈਸਰ ਵਜੋਂ ਕੀਤੀ। ਇੱਕ ਪ੍ਰੋਫੈਸਰ ਅਤੇ ਮੁਖੀ, ਪਸਾਰ ਸਿੱਖਿਆ ਵਿਭਾਗ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ 31 ਮਈ 2020 ਨੂੰ ਸਰਗਰਮ ਸੇਵਾ ਤੋਂ ਸੇਵਾ ਮੁਕਤ ਹੋਏ ਹਨ।

NO COMMENTS