ਚੰਡੀਗੜ੍ਹ 09,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬੀਆਂ ਲਈ ਰਾਹਤ ਦੀ ਖਬਰ ਹੈ। ਕੋਰੋਨਾ ਵਾਇਰਸ ਦੇ ਕੇਸ 56 ਤੱਕ ਸਿਮਟ ਗਏ ਹਨ। ਐਤਵਾਰ ਨੂੰ ਪੰਜਾਬ ਵਿੱਚ ਤਿੰਨ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ 56 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 56 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਹਾਸਲ ਜਾਣਕਾਰੀ ਅਨੁਸਾਰ 24 ਘੰਟਿਆਂ ਵਿੱਚ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਤਰਨ ਤਾਰਨ ’ਚ ਕਰੋਨਾ ਕਾਰਨ ਇੱਕ-ਇੱਕ ਜਣੇ ਦੀ ਮੌਤ ਹੋਈ ਹੈ। ਉਧਰ ਹਰਿਆਣਾ ਵਿੱਚ ਕਰੋਨਾ ਦੇ 19 ਨਵੇਂ ਕੇਸ ਸਾਹਮਣੇ ਆਏ ਹਨ ਤੇ 24 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਕੈਥਲ ’ਚ ਇਕ ਜਣੇ ਦੀ ਮੌਤ ਹੋਈ ਹੈ। ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16316 ਤੇ ਹਰਿਆਣਾ ਵਿੱਚ 9649 ’ਤੇ ਪਹੁੰਚ ਗਿਆ ਹੈ।
ਜੇਕਰ ਦੇਸ਼ ਭਰ ਦੇ ਅੰਕੜਿਆਂ ਉੱਪਰ ਨਜ਼ਰ ਮਾਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਾਮਲਿਆਂ ਵਿੱਚ ਮਾਮੂਲੀ ਕਮੀ ਆਈ ਹੈ। ਐਤਵਾਰ ਨੂੰ, 36,028 ਨਵੇਂ ਮਰੀਜ਼ ਮਿਲੇ, 39,828 ਠੀਕ ਹੋ ਗਏ ਤੇ 447 ਮਰੀਜ਼ਾਂ ਨੇ ਆਪਣੀ ਜਾਨ ਗੁਆ ਦਿੱਤੀ। ਇਹ ਲਗਾਤਾਰ ਤੀਜਾ ਦਿਨ ਸੀ ਜਦੋਂ ਨਵੇਂ ਮਰੀਜ਼ਾਂ ਨਾਲੋਂ ਜ਼ਿਆਦਾ ਮਰੀਜ਼ ਠੀਕ ਹੋਏ। ਇਸ ਤੋਂ ਪਹਿਲਾਂ 6 ਅਗਸਤ ਨੂੰ 38,705 ਮਰੀਜ਼ ਮਿਲੇ ਸਨ ਤੇ 40,026 ਠੀਕ ਹੋ ਗਏ ਸਨ। 7 ਅਗਸਤ ਨੂੰ 39,068 ਮਾਮਲੇ ਆਏ ਤੇ 43,935 ਠੀਕ ਹੋਏ।
ਇਹ ਵੀ ਰਾਹਤ ਵਾਲੀ ਗੱਲ ਹੈ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਪਿਛਲੇ 14 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 26 ਜੁਲਾਈ ਨੂੰ 30,820 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ਿਟਿਵ ਆਈ ਸੀ। ਕੇਰਲ ਵਿੱਚ ਵੀ ਨਵੇਂ ਮਾਮਲੇ ਘੱਟ ਹੋਏ ਹਨ। ਇੱਥੇ ਐਤਵਾਰ ਨੂੰ, 18,607 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪੌਜ਼ਿਟਿਵ ਸੀ, 20,108 ਠੀਕ ਹੋ ਗਏ ਅਤੇ 93 ਦੀ ਮੌਤ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ 20,367 ਮਾਮਲੇ ਇੱਥੇ ਆਏ ਸਨ।
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਤਾਜ਼ਾ ਅੰਕੜੇ
· ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 36,028
· ਪਿਛਲੇ 24 ਘੰਟਿਆਂ ਵਿੱਚ ਕੁੱਲ ਠੀਕ: 39,828
· ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 447
· ਹੁਣ ਤੱਕ ਕੁੱਲ ਛੂਤਗ੍ਰਸਤ ਹੋਏ: 3.19 ਕਰੋੜ
· ਹੁਣ ਤੱਕ ਠੀਕ: 3.11 ਕਰੋੜ
· ਹੁਣ ਤੱਕ ਹੋਈਆਂ ਕੁੱਲ ਮੌਤਾਂ: 4.28 ਲੱਖ
· ਹੁਣ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 3.96 ਲੱਖ