*ਪੰਜਾਬੀਆਂ ਨੇ ਇਸ ਵਾਰ ਸਿਰਜਿਆ ਇਤਿਹਾਸ! 1304 ਉਮੀਦਵਾਰਾਂ ‘ਚੋਂ 997 ਦੀਆਂ ਕਰਵਾਈਆਂ ਜ਼ਮਾਨਤਾਂ ਜ਼ਬਤ*

0
33

ਚੰਡੀਗੜ੍ਹ 18,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼):: ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਪੰਜਾਬੀਆਂ ਨੇ ਇਤਿਹਾਸ ਸਿਰਜਿਆ ਹੈ। ਚੋਣਾਂ ਵਿੱਚ 1304 ਉਮੀਦਵਾਰਾਂ ‘ਚੋਂ 997 ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦਿੱਤੀਆਂ। ਚੋਣਾਂ ਵਿੱਚ ਵੱਡੇ-ਵੱਡੇ ਸਿਆਸਤ ਦਾਨ ਹਾਰ ਗਏ। ਇਸ ਦੇ ਨਾਲ ਹੀ ਪੰਜਾਬ ਦੀਆਂ ਦੋਵੇਂ ਵੱਡੀਆਂ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਕੇ ਨਵੀਂ ਧਿਰ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ‘ਚ 997 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਵਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ 1304 ਉਮੀਦਵਾਰ ਚੋਣ ਮੈਦਾਨ ‘ਚ ਸਨ। ਪੰਜਾਬ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੀ 85.90 ਲੱਖ ਰੁਪਏ ਦੀ ਜ਼ਮਾਨਤ ਜ਼ਬਤ ਕਰ ਲਈ ਹੈ। ਇਨ੍ਹਾਂ ‘ਚ ਇੱਕ ਸਾਬਕਾ ਮੁੱਖ ਮੰਤਰੀ, ਪੰਜ ਸਾਬਕਾ ਮੰਤਰੀਆਂ ਸਮੇਤ 33 ਕਾਂਗਰਸੀ ਉਮੀਦਵਾਰਾਂ ਦੇ ਨਾਂਅ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ।

ਪੰਜਾਬ ‘ਚ 117 ਵਿਧਾਨ ਸਭਾ ਹਲਕਿਆਂ ‘ਚ 1304 ਉਮੀਦਵਾਰ ਚੋਣ ਮੈਦਾਨ ‘ਚ ਸਨ। ਵਿਧਾਨ ਸਭਾ ਚੋਣਾਂ ਲੜ ਰਹੇ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ 10,000 ਰੁਪਏ ਜ਼ਮਾਨਤ ਵਜੋਂ ਜਮ੍ਹਾਂ ਕਰਵਾਉਣੇ ਪਏ ਸਨ। ਐਸਸੀ ਕੈਟਾਗਰੀ ਦੇ ਉਮੀਦਵਾਰਾਂ ਨੂੰ 5000 ਰੁਪਏ ਦੀ ਜ਼ਮਾਨਤ ਜਮ੍ਹਾਂ ਕਰਾਉਣੀ ਪੈਂਦੀ ਸੀ। ਇਨ੍ਹਾਂ ਵਿੱਚੋਂ 997 ਉਮੀਦਵਾਰਾਂ ਦੀ ਪ੍ਰਤੀ ਉਮੀਦਵਾਰ 10,000 ਰੁਪਏ ਦੀ ਜ਼ਮਾਨਤ ਜ਼ਬਤ ਹੋ ਗਈ, ਜਿਸ ਤੋਂ ਕਮਿਸ਼ਨ ਨੇ 85.90 ਲੱਖ ਰੁਪਏ ਇਕੱਠੇ ਕੀਤੇ।

ਚੋਣਾਂ ‘ਚ ਸਭ ਤੋਂ ਵੱਧ 33 ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। 34 ਰਾਖਵੇਂ ਹਲਕਿਆਂ ਤੋਂ ਕੁੱਲ 997 ਉਮੀਦਵਾਰਾਂ ਵਿੱਚੋਂ 276 ਉਮੀਦਵਾਰਾਂ ਦੀ ਜ਼ਮਾਨਤ ਜ਼ਮਾਨਤ (13.80 ਲੱਖ ਰੁਪਏ) ਹੋਈਈ, ਜਦਕਿ ਚੋਣ ਕਮਿਸ਼ਨ ਨੇ ਬਾਕੀ 721 ਉਮੀਦਵਾਰਾਂ ਤੋਂ 72,21,000 ਰੁਪਏ ਇਕੱਠੇ ਕੀਤੇ ਹਨ। ਪਟਿਆਲਾ ਦਿਹਾਤੀ ‘ਚ 18 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ।

ਸਾਹਨੇਵਾਲ ਤੇ ਪਾਇਲ ਵਿਧਾਨ ਸਭਾ ਹਲਕਿਆਂ ‘ਚ ਕੁੱਲ 16 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਹਨ। ਬੱਸੀ ਪਠਾਣਾਂ ਤੇ ਸੁਨਾਮ ‘ਚ ਜੇਤੂ ਉਮੀਦਵਾਰਾਂ ਨੇ ਹੀ ਆਪਣੀ ਜ਼ਮਾਨਤ ਜ਼ਮਾਨਤ ਬਚਾਈ। ਲੁਧਿਆਣਾ ਦੱਖਣੀ ‘ਚ 17 ਵਿੱਚੋਂ 15 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। ਮਲੋਟ ‘ਚ 15 ਵਿੱਚੋਂ 13 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ।

ਚੋਣਾਂ ‘ਚ 340 ਕਰੋੜ ਖਰਚੇ
ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ। ਸਰਕਾਰ ਦੀ ਤਰਫ਼ੋਂ ਚੋਣਾਂ ਕਰਵਾਉਣ ਲਈ ਪੰਜਾਬ ਚੋਣ ਕਮਿਸ਼ਨ ਨੂੰ 340 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਹਾਲਾਂਕਿ ਕਮਿਸ਼ਨ ਨੇ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਹੈ ਕਿ ਕਿਸ ਚੀਜ਼ ‘ਤੇ ਕਿੰਨਾ ਖਰਚ ਕੀਤਾ ਗਿਆ ਹੈ।

NO COMMENTS