*ਪੰਜਾਬੀਆਂ ਨੂੰ ਵੱਡੀ ਰਾਹਤ! ਜ਼ਮੀਨ-ਜਾਇਦਾਦ ਦੀ ਰਜਿਸਟਰੀ ਲਈ ਨਹੀਂ ਪਵੇਗੀ ਐਨਓਸੀ ਦੀ ਲੋੜ, ਜਾਣੋ ਕੈਬਨਿਟ ਦੇ ਅਹਿਮ ਫੈਸਲੇ*

0
278

14 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼)ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਕੈਬਨਿਟ ਨੇ ਅਹਿਮ ਫੈਸਲੇ ਲਏ। ਮੰਤਰੀ ਮੰਡਲ ਨੇ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਇਤਰਾਜ਼ਹੀਣਤਾ ਸਰਟੀਫਿਕੇਟ ਦੀ ਸ਼ਰਤ ਨੂੰ ਸਿਧਾਂਤਕ ਤੌਰ ਉੱਤੇ ਖ਼ਤਮ

 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਕੈਬਨਿਟ ਨੇ ਅਹਿਮ ਫੈਸਲੇ ਲਏ। ਮੰਤਰੀ ਮੰਡਲ ਨੇ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਇਤਰਾਜ਼ਹੀਣਤਾ ਸਰਟੀਫਿਕੇਟ (ਐਨਓਸੀ) ਦੀ ਸ਼ਰਤ ਨੂੰ ਸਿਧਾਂਤਕ ਤੌਰ ਉੱਤੇ ਖ਼ਤਮ ਕਰਨ ਦੀ ਸਹਿਮਤੀ ਦੇ ਦਿੱਤੀ। ਇਸ ਮਾਮਲੇ ਨੂੰ ਜਲਦੀ ਹੋਣ ਵਾਲੀ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਲਿਆਂਦਾ ਜਾਵੇਗਾ। 

ਇਸ ਫੈਸਲੇ ਦਾ ਇੱਕੋ-ਇੱਕ ਮੰਤਵ ਆਮ ਜਨਤਾ ਨੂੰ ਸਹੂਲਤ ਦੇਣਾ ਹੈ ਕਿਉਂਕਿ ਗੈਰ ਕਾਨੂੰਨੀ ਕਾਲੋਨਾਈਜ਼ਰ ਸਬਜ਼ਬਾਗ ਦਿਖਾ ਕੇ ਲੋਕਾਂ ਨੂੰ ਲੁੱਟਦੇ ਹਨ ਤੇ ਉਨ੍ਹਾਂ ਨੂੰ ਬਿਨਾਂ ਪ੍ਰਵਾਨਗੀ ਵਾਲੀਆਂ ਕਲੋਨੀਆਂ ਵੇਚ ਦਿੰਦੇ ਹਨ। ਬਾਅਦ ਵਿੱਚ ਇਨ੍ਹਾਂ ਕਾਲੋਨੀਆਂ ਵਿੱਚ ਰਹਿੰਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਇੱਧਰ-ਉੱਧਰ ਭਟਕਣਾ ਪੈਂਦਾ ਹੈ।


ਇਸ ਤੋਂ ਇਲਾਵਾ ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ 2 ਤੋਂ 4 ਸਤੰਬਰ ਤੱਕ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਅੱਜ ਮੁੱਖ ਮੰਤਰੀ ਦੀ ਅਗਵਾਈ ਹੇਠ ਉਨ੍ਹਾਂ ਦੀ ਅਧਿਕਾਰਕ ਰਿਹਾਇਸ਼ ਉਤੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ 2 ਸਤੰਬਰ ਨੂੰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਵੇਗੀ ਤੇ ਬਾਕੀ ਤਿੰਨ ਦਿਨਾਂ ਕੰਮਕਾਜ ਦਾ ਫੈਸਲਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਵੱਲੋਂ ਜਲਦੀ ਕੀਤਾ ਜਾਵੇਗਾ।

ਪੰਜਾਬ ਫਾਇਰ ਸੇਫ਼ਟੀ ਤੇ ਐਮਰਜੈਂਸੀ ਸੇਵਾਵਾਂ ਬਿੱਲ, 2024 ਨੂੰ ਪ੍ਰਵਾਨਗੀ
ਮੰਤਰੀ ਮੰਡਲ ਨੇ ਪੰਜਾਬ ਫਾਇਰ ਸੇਫ਼ਟੀ ਤੇ ਐਮਰਜੈਂਸੀ ਸੇਵਾਵਾਂ ਬਿੱਲ, 2024 ਨੂੰ ਵੀ ਮਨਜ਼ੂਰੀ ਦੇ ਦਿੱਤੀ। 2012 ਦੇ ਬਣੇ ਇਸ ਐਕਟ ਵਿੱਚ ਸੋਧ ਦੀ ਲੋੜ ਸੀ ਕਿਉਂਕਿ ਇਹ ਐਕਟ ਮੌਜੂਦਾ ਸੰਦਰਭ ਵਿੱਚ ਅੱਗ ਬੁਝਾਉਣ ਨਾਲ ਸਬੰਧਤ ਕੰਮ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਸੀ। ਇਸ ਤਜਵੀਜ਼ਤ ਬਿੱਲ ਦੇ ਕਾਨੂੰਨ ਬਣਨ ਮਗਰੋਂ ਪੰਜਾਬ ਵਿੱਚ ਇਮਾਰਤਾਂ ਦੇ ਮਾਲਕਾਂ ਤੇ ਕਾਬਜ਼ਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਉਨ੍ਹਾਂ ਨੂੰ ਸਾਲਾਨਾ ਫਾਇਰ ਸੇਫ਼ਟੀ ਸਰਟੀਫਿਕੇਟ ਲੈਣ ਦੀ ਥਾਂ ਹੁਣ ਤਿੰਨ ਸਾਲਾਂ ਮਗਰੋਂ ਸਰਟੀਫਿਕੇਟ ਲੈਣਾ ਪਵੇਗਾ।

ਇਸ ਸਬੰਧੀ ਕੇਸਾਂ ਨਾਲ ਇਮਾਰਤਾਂ ਦੀ ਘੱਟ, ਦਰਮਿਆਨੇ ਤੇ ਜ਼ਿਆਦਾ ਜ਼ੋਖ਼ਮ ਵਾਲੀਆਂ ਸ਼੍ਰੇਣੀਆਂ ਮੁਤਾਬਕ ਵੰਡ ਕੀਤੀ ਜਾਵੇਗੀ। ਇਸ ਬਿੱਲ ਵਿੱਚ ਅੱਗ ਦੇ ਜ਼ੋਖ਼ਮ ਤੇ ਹੋਰ ਖ਼ਤਰਿਆਂ ਵਿਰੁੱਧ ਲੋਕਾਂ ਦੇ ਬੀਮੇ ਦੀ ਵੀ ਤਜਵੀਜ਼ ਹੋਵੇਗੀ। ਇਹ ਬਿੱਲ ਫਾਇਰ ਬ੍ਰਿਗੇਡ ਵਿਭਾਗ ਦੇ ਕੰਮਕਾਜ ਵਿੱਚ ਵਧੇਰੇ ਕਾਰਜਕੁਸ਼ਲਤਾ ਲਿਆਵੇਗਾ ਤੇ ਪੰਜਾਬ ਵਿੱਚ ਸ਼ਹਿਰੀ ਦੇ ਨਾਲ-ਨਾਲ ਪੇਂਡੂ ਇਲਾਕਿਆਂ ਵਿੱਚ ਵਧੀਆ ਤਰੀਕੇ ਨਾਲ ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਹੋਵੇਗਾ।

ਸੱਤ ਗ੍ਰਾਮ ਨਿਆਲਿਆ ਵਿੱਚ 49 ਆਸਾਮੀਆਂ ਸਿਰਜਣ ਦਾ ਫੈਸਲਾ

ਕੈਬਨਿਟ ਨੇ ਸੱਤ ਗ੍ਰਾਮ ਨਿਆਲਿਆ ਪਾਂਤੜਾ (ਪਟਿਆਲਾ), ਤਪਾ (ਬਰਨਾਲਾ), ਬੱਸੀ ਪਠਾਣਾਂ (ਫਤਹਿਗੜ੍ਹ ਸਾਹਿਬ), ਡੇਰਾ ਬਾਬਾ ਨਾਨਕ (ਗੁਰਦਾਸਪੁਰ), ਧਾਰ ਕਲਾਂ (ਪਠਾਨਕੋਟ), ਰਾਏਕੋਟ (ਲੁਧਿਆਣਾ) ਤੇ ਚਮਕੌਰ ਸਾਹਿਬ (ਰੂਪਨਗਰ) ਲਈ 49 ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਗ੍ਰਾਮ ਨਿਆਲਿਆ ਸਥਾਪਤ ਕਰਨ ਦਾ ਮੰਤਵ ਦੇਸ਼ ਦੇ ਹਰੇਕ ਨਾਗਰਿਕ ਦੀ ਨਿਆਂ ਤੱਕ ਆਸਾਨ ਪਹੁੰਚ ਯਕੀਨੀ ਬਣਾਉਣਾ ਹੈ। ਹੋਰ ਨਵੇਂ ਸਥਾਪਤ ਹੋਣ ਵਾਲੇ ਗ੍ਰਾਮ ਨਿਆਲਿਆ ਲੋਕਾਂ ਨੂੰ ਘਰਾਂ ਨੇੜੇ ਕਿਫ਼ਾਇਤੀ ਦਰਾਂ ਉਤੇ ਇਨਸਾਫ਼ ਯਕੀਨੀ ਬਣਾਉਣ ਦੇ ਨਾਲ-ਨਾਲ ਅਦਾਲਤਾਂ ਤੋਂ ਕੰਮ ਦੇ ਬੋਝ ਨੂੰ ਵੀ ਘਟਾਉਣਗੇ।

ਪੰਜਾਬ ਵਿੱਚ ਰਜਿਸਟਰਡ ਟੂਰਿਸਟ ਵਾਹਨਾਂ ਉਤੇ ਮੋਟਰ ਵਾਹਨ ਟੈਕਸ ਘਟਾਇਆ

ਮੰਤਰੀ ਮੰਡਲ ਨੇ ਪੰਜਾਬ ਵਿੱਚ ਰਜਿਸਟਰਡ ਟੂਰਿਸਟ ਵਾਹਨਾਂ ਉਤੇ ਮੋਟਰ ਵਾਹਨ ਟੈਕਸ ਵੀ ਘਟਾ ਦਿੱਤਾ। ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਰਜਿਸਟਰਡ ਵਾਹਨਾਂ ਉਤੇ ਪਹਿਲਾਂ ਕਾਫ਼ੀ ਜ਼ਿਆਦਾ ਟੈਕਸ ਲੱਗਦਾ ਸੀ, ਜਿਸ ਕਾਰਨ ਪੰਜਾਬ ਵਿੱਚ ਟੂਰਿਸਟ ਵਾਹਨਾਂ ਦੀ ਰਜਿਸਟਰੇਸ਼ਨ ਬਹੁਤ ਘੱਟ ਹੁੰਦੀ ਸੀ ਪਰ ਹੁਣ ਇਸ ਕਦਮ ਨਾਲ ਇਸ ਰੁਝਾਨ ਨੂੰ ਠੱਲ੍ਹ ਪਵੇਗੀ ਤੇ ਸੂਬੇ ਦਾ ਮਾਲੀਆ ਵਧੇਗਾ। ਕੈਬਨਿਟ ਨੇ ਲਗਜ਼ਰੀ ਵਾਹਨਾਂ ਦੀ ਇਕ ਹੋਰ ਸ਼ੇ੍ਰਣੀ ਉਤੇ ਵਾਧੂ ਰੋਡ ਟੈਕਸ ਲਾਉਣ ਦੀ ਵੀ ਸਹਿਮਤੀ ਦਿੱਤੀ, ਜਿਸ ਨਾਲ 87.03 ਕਰੋੜ ਰੁਪਏ ਦੀ ਜ਼ਿਆਦਾ ਆਮਦਨ ਹੋਵੇਗੀ। ਕੈਬਨਿਟ ਨੇ ਵਾਤਾਵਰਨ ਪ੍ਰਦੂਸ਼ਣ ਦੀ ਰੋਕਥਾਮ ਲਈ ਪੰਜਾਬ ਵਿੱਚ ਰਜਿਸਟਰਡ ਪੁਰਾਣੇ ਟਰਾਂਸਪੋਰਟ/ਗ਼ੈਰ ਟਰਾਂਸਪੋਰਟ ਵਾਹਨਾਂ ਉਤੇ ਗਰੀਨ ਟੈਕਸ ਲਾਉਣ ਦਾ ਵੀ ਫੈਸਲਾ ਕੀਤਾ ਹੈ।


ਪੰਜਾਬ ਪਾਰਟਨਰਸ਼ਿਪ (ਰਜਿਸਟਰੇਸ਼ਨ ਆਫ਼ ਫਰਮਜ਼) ਨਿਯਮ, 1932 ਵਿੱਚ ਸੋਧ ਨੂੰ ਮਨਜ਼ੂਰੀ

ਕੈਬਨਿਟ ਨੇ ਪੰਜਾਬ ਸਰਕਾਰ ਦੇ ਗਜ਼ਟ ਵਿੱਚ 12 ਜੁਲਾਈ 2022 ਨੂੰ ਪ੍ਰਕਾਸ਼ਤ ਇੰਡੀਅਨ ਪਾਰਟਨਰਸ਼ਿਪ ਐਕਟ (ਪੰਜਾਬ ਸੋਧ) ਐਕਟ 2021 ਅਧੀਨ 1932 ਦੇ ਐਕਟ ਵਿੱਚ ਕੀਤੀਆਂ ਸੋਧਾਂ ਦੀ ਤਰਜ਼ ਉਤੇ ਭਾਰਤੀ ਪਾਰਟਨਰਸ਼ਿਪ ਐਕਟ, 1932 ਦੀ ਧਾਰਾ 71(1) ਅਧੀਨ ਸ਼ਡਿਊਲ-1 ਵਿੱਚ ਸ਼ਾਮਲ ਸੇਵਾਵਾਂ ਲਈ ਸੋਧੀਆਂ ਫੀਸਾਂ ਲਾਗੂ ਕਰਨ ਵਾਸਤੇ ਪੰਜਾਬ ਪਾਰਟਰਸ਼ਿਪ (ਰਜਿਸਟਰੇਸ਼ਨ ਆਫ਼ ਫਰਮਜ਼) ਨਿਯਮ 1932 ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਪੰਜਾਬ ਪਾਰਟਨਰਸ਼ਿਪ (ਰਜਿਸਟਰੇਸ਼ਨ ਆਫ਼ ਫਰਮਜ਼) ਨਿਯਮ 1932 ਦੇ ਨਿਯਮ 11(ਏ) ਵਿੱਚ ਇਹ ਸੋਧਾਂ ਪੰਜਾਬ ਵਿੱਚ ਸੋਧੀਆਂ ਫੀਸਾਂ ਲਾਗੂ ਕਰਨ ਦਾ ਰਾਹ ਪੱਧਰਾ ਕਰਨਗੀਆਂ।

ਯੁਵਕ ਸੇਵਾਵਾਂ ਨੀਤੀ 2024 ਨੂੰ ਸਹਿਮਤੀ

ਮੰਤਰੀ ਮੰਡਲ ਨੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਦੀ ਭਲਾਈ ਲਈ ਤਿਆਰ ਕੀਤੀ ਯੁਵਕ ਸੇਵਾਵਾਂ ਨੀਤੀ-2024 ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨੀਤੀ ਦਾ ਉਦੇਸ਼ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ, ਉਥੇ ਹੀ ਉਨ੍ਹਾਂ ਦੀ ਅਥਾਹ ਊਰਜਾ ਨੂੰ ਸਾਕਾਰਤਮਕ ਦਿਸ਼ਾ ਵਿੱਚ ਲਾਉਣਾ ਹੈ। ਇਹ ਨੀਤੀ ਨੌਜਵਾਨਾਂ ਨੂੰ ਸਮਾਜਿਕ ਭਲਾਈ ਗਤੀਵਿਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਸਹਾਈ ਹੋਵੇਗੀ। ਇਹ ਨੀਤੀ ਨੌਜਵਾਨਾਂ ਨੂੰ ਖੇਡਾਂ, ਸੱਭਿਆਚਾਰਕ ਸਰਗਰਮੀਆਂ ਦੇ ਨੇਕ ਕਾਰਜ ਲਈ ਉਤਸ਼ਾਹਤ ਕਰੇਗੀ।

ਸਪੋਰਟਸ ਰੈਗੂਲਰ ਕਾਡਰ ਸਰਵਿਸ ਵਿੱਚ ਸੋਧ ਦਾ ਫੈਸਲਾ

ਮੰਤਰੀ ਮੰਡਲ ਨੇ ਖੇਡ ਵਿਭਾਗ ਦੇ ‘ਦਾ ਆਊਟਸਟੈਂਡਿਗ ਸਪੋਰਟਸ ਪਰਸਨਜ਼ ਸਰਵਿਸ ਰੂਲਜ਼’ ਤਿਆਰ ਕਰਕੇ ਇਸ ਰਾਹੀਂ ਸਪੋਰਟਸ ਰੈਗੂਲਰ ਕਾਡਰ ਸਰਵਿਸ ਰੂਲਜ਼ ਵਿੱਚ ਸੋਧ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਖੇਡ ਵਿਭਾਗ ਵਿੱਚ ਸ਼ਾਨਦਾਰ ਖੇਡ ਪ੍ਰਤਿਭਾ ਵਾਲੇ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਖਿਡਾਰੀਆਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ‘ਪੰਜਾਬ ਸਪੋਰਟਸ ਮੈਡੀਕਲ ਕਾਡਰ ਸਰਵਿਸ ਰੂਲਜ਼’ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।


ਗੈਰ-ਜੰਗਲਾਤ ਵਾਲੀ ਸਰਕਾਰੀ ਤੇ ਜਨਤਕ ਜ਼ਮੀਨ-2024 ਲਈ ਰੁੱਖ ਸੰਭਾਲ ਨੀਤੀ ਨੂੰ ਹਰੀ ਝੰਡੀ
ਮੰਤਰੀ ਮੰਡਲ ਨੇ ਗੈਰ-ਜੰਗਲਾਤ ਵਾਲੀ ਸਰਕਾਰੀ ਤੇ ਜਨਤਕ ਜ਼ਮੀਨ-2024 ਲਈ ਰੁੱਖ ਸੰਭਾਲ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾਹੈ ਜਿਸ ਦਾ 83 ਫੀਸਦੀ ਖੇਤਰ ਖੇਤੀ ਹੇਠ ਹੈ। ਪੰਜਾਬ ਵਿੱਚ ਜੰਗਲਾਤ ਅਤੇ ਰੁੱਖਾਂ ਹੇਠ ਕੁੱਲ 5.92 ਫੀਸਦੀ ਇਲਾਕਾ ਹੈ ਤੇ ਪੰਜਾਬ ਸਰਕਾਰ ਨੇ ਸਾਲ 2030 ਤੱਕ ਇਹ ਰਕਬਾ ਵਧਾ ਕੇ 7.5 ਫੀਸਦੀ ਕਰਨ ਦਾ ਟੀਚਾ ਮਿੱਥਿਆ ਹੈ। ਇਸ ਨੀਤੀ ਦਾ ਮੁੱਖ ਉਦੇਸ਼ ਗੈਰ-ਜੰਗਲਾਤ ਵਾਲੀ ਸਰਕਾਰ ਅਤੇ ਜਨਤਕ ਜ਼ਮੀਨ ਵਿੱਚ ਖੜ੍ਹੇ ਰੁੱਖਾਂ ਨੂੰ ਢੁਕਵੀਂ ਸੁਰੱਖਿਆ ਪ੍ਰਦਾਨ ਕਰਨਾ ਹੈ ਤੇ ਬੂਟੇ ਲਾ ਕੇ ਵਾਤਾਵਰਣ ਦੇ ਨੁਕਸਾਨ ਦੀ ਭਰਪਾਈ ਲਈ ਢੁਕਵੀਂ ਵਿਵਸਥਾ ਮੁਹੱਈਆ ਕਰਨਾ ਹੈ।

ਇਸ ਨੀਤੀ ਮੁਤਾਬਕ ਸਬੰਧਤ ਵਿਭਾਗ ਆਪਣੀ ਜ਼ਮੀਨ ਵਿੱਚ ਖੜ੍ਹੇ ਰੁੱਖਾਂ ਦਾ ਅੰਕੜਾ ਤਿਆਰ ਕਰੇਗਾ ਤੇ ਇਨ੍ਹਾਂ ਨੂੰ ਬਚਾਉਣ ਲਈ ਆਨਲਾਈਨ ਪੋਰਟਲ/ਮੋਬਾਈਲ ਐਪ ਰਾਹੀਂ ਦਸਤਾਵੇਜ਼ੀ ਰੱਖਿਆ ਜਾਵੇਗਾ। ਇਹ ਨੀਤੀ ਸੂਬਾ ਸਰਕਾਰ ਦੇ ਵਿਭਾਗਾਂ, ਸਾਰੀਆਂ ਸਰਕਾਰੀ ਸੰਸਥਾਵਾਂ, ਸਥਾਨਕ ਸਰਕਾਰਾਂ ਤੇ ਪੰਚਾਇਤੀ ਜ਼ਮੀਨ ਵਿੱਚ ਗੈਰ-ਜੰਗਲਾਤ ਵਾਲੀ ਸਾਰੀ ਜ਼ਮੀਨ ਉਤੇ ਲਾਗੂ ਰਹੇਗੀ। ਇਸ ਫੈਸਲੇ ਮੁਤਾਬਕ ਰੁੱਖਾਂ ਨੂੰ ਵੱਢਣ ਜਾਂ ਨਵੇਂ ਬੂਟੇ ਲਾਉਣ ਬਾਰੇ ਫੈਸਲਾ ਇਸ ਸਬੰਧੀ ਸਬ-ਡਵੀਜ਼ਨ/ਜ਼ਿਲ੍ਹਾ ਅਤੇ ਸੂਬਾ ਪੱਧਰ ਉਤੇ ਬਣੀਆਂ ਕਮੇਟੀਆਂ ਵੱਲੋਂ ਲਿਆ ਜਾਵੇਗਾ। ਇਸ ਨੀਤੀ ਨਾਲ ਬੂਟਿਆਂ ਤੋਂ ਕੁਝ ਮਾਲੀਆ ਵੀ ਪੈਦਾ ਹੋਵੇਗਾ ਅਤੇ ਸੂਬੇ ਭਰ ਵਿੱਚ ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਹਰਿਆਲੀ ਨੂੰ ਮਹਿਫੂਜ਼ ਰੱਖਣ ਵੀ ਮਦਦ ਹੋਵੇਗੀ।

NO COMMENTS