*ਪ੍ਰੀਵੈਨਸ਼ਨ ਆਫ਼ ਐਟਰੋਸਿਟੀ ਐਕਟ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ*

0
21

ਮਾਨਸਾ, 4 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਦੇ ਚੇਅਰਮੈਨ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਮਾਨਸਾ ਦੇ ਪਿੰਡ ਫਫੜੇ ਭਾਈ ਕੇ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕਮਿਸ਼ਨ ਦੀ ਤਰਫੋਂ ਹਰੇਕ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਸ਼੍ਰੀ ਸਾਂਪਲਾ ਨੇ ਦੱਸਿਆ ਕਿ ਇਸ ਪੀੜਤ ਪਰਿਵਾਰ ਵੱਲੋਂ ਕਮਿਸ਼ਨ ਕੋਲ ਮਦਦ ਲਈ ਪਹੁੰਚ ਕੀਤੀ ਗਈ ਸੀ ਕਿ ਉਨ੍ਹਾਂ ਦੇ ਲੜਕੇ ਮਨਪ੍ਰੀਤ ਸਿੰਘ ਦੀ ਮੌਤ ਪੁਲਿਸ ਵੱਲੋਂ ਕੀਤੀ ਗਈ ਮਾਰਕੁਟ ਤੋਂ ਬਾਅਦ ਹੋਈ ਹੈ ਅਤੇ ਕੋਈ ਸੁਣਵਾਈ ਨਹੀਂ ਹੋ ਰਹੀ। ਸ਼੍ਰੀ ਸਾਂਪਲਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਅੱਜ ਆਈ.ਜੀ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਾਨਸਾ ਵਿਖੇ ਵਿਸਥਾਰ ਵਿੱਚ ਮੀਟਿੰਗ ਕੀਤੀ ਗਈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਨਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਤੁਰੰਤ ਐਸ.ਸੀ ਐਕਟ ਦੇ ਤਹਿਤ ਐਫ.ਆਈ.ਆਰ ਦਰਜ ਕਰਨ ਦੀ ਹਦਾਇਤ ਕੀਤੀ ਗਈ, ਜਿਸ ਦੇ ਚਲਦਿਆਂ ਸ਼ਾਮ ਤੱਕ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਸਿਟੀ ਬੁਢਲਾਡਾ ਵਿਖੇ ਐਫ.ਆਈ.ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 
ਚੇਅਰਮੈਨ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਪ੍ਰੀਵੈਨਸ਼ਨ ਆਫ਼ ਐਟਰੋਸਿਟੀ ਐਕਟ ਦੇ ਤਹਿਤ ਬਣਦੀ ਮੁਆਵਜ਼ਾ ਰਾਸ਼ੀ ਸਵਾ ਅੱਠ ਲੱਖ ਰੁਪਏ ਦੀ ਪੰਜਾਹ ਫੀਸਦੀ ਰਾਸ਼ੀ ਪਹਿਲਾਂ ਹੀ ਦਿੱਤੀ ਜਾਂਦੀ ਹੈ ਜਿਸ ਸਬੰਧੀ ਤਰਜੀਹੀ ਆਧਾਰ ’ਤੇ ਯੋਗ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਕਟ ਤਹਿਤ ਮ੍ਰਿਤਕ ਮਨਪ੍ਰੀਤ ਸਿੰਘ ਦਾ ਛੋਟਾ ਭਰਾ ਜਿਸ ਦੀ ਉਮਰ 17 ਸਾਲ ਹੈ, ਨੂੰ ਗ੍ਰੈਜੂਏਸ਼ਨ ਤੱਕ ਦੀ ਮੁਫ਼ਤ ਪੜ੍ਹਾਈ ਦਾ ਪ੍ਰਵਧਾਨ ਹੈ ਅਤੇ 18 ਸਾਲ ਤੋਂ ਬਾਅਦ ਜੇ ਉਹ ਨੌਕਰੀ ਕਰਨੀ ਚਾਹੇਗਾ ਤਾਂ ਇਸ ਦਾ ਪ੍ਰਵਧਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਮਾਤਾ ਦੀ

ਪੈਨਸ਼ਨ ਲਗਾਉਣ ਤੋਂ ਇਲਾਵਾ ਪੀੜਤ ਪਰਿਵਾਰ ਕੋਲ ਮੌਜੂਦ ਪਲਾਟ ’ਤੇ ਮਕਾਨ ਦੀ ਉਸਾਰੀ ਲਈ ਵੀ ਇਹ ਐਕਟ ਅਧੀਨ ਡਿਪਟੀ ਕਮਿਸ਼ਨਰ ਨੂੰ ਕਾਰਵਾਈ ਅਮਲ ਵਿੱਚ ਲਿਆਉਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਐਸ.ਐਚ.ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 
ਮੀਟਿੰਗ ਦੌਰਾਨ ਆਈ.ਜੀ ਬਠਿੰਡਾ ਰੇਂਜ ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਮਹਿੰਦਰ ਪਾਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਐਸ.ਡੀ.ਐਮ ਸ਼ਿਖਾ ਭਗਤ, ਜ਼ਿਲ੍ਹਾ ਭਲਾਈ ਅਫ਼ਸਰ ਕੁਲਦੀਪ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫ਼ਸਰ ਜਗਸੀਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

NO COMMENTS