*ਪ੍ਰਮੁੱਖ ਸਕੱਤਰ ਸਿਹਤ ਵੱਲੋਂ ਕੋਵਿਡ ਦੀ ਸਥਿਤੀ ਬਾਰੇ ਸਮੀਖਿਆ ਮੀਟਿੰਗ*ਡੀ.ਸੀ, ਐਸ.ਐਸ.ਪੀ, ਸਿਵਲ ਸਰਜਨ ਤੋਂ ਲਿਆ ਜਾਇਜ਼ਾ*

0
50

ਮਾਨਸਾ, 22 ਮਈ (ਸਾਰਾ ਯਹਾਂ/ਮੁੱਖ ਸੰਪਾਦਕ):ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ ਨੇ ਅੱਜ ਮਾਨਸਾ ਜ਼ਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ, ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ, ਏ.ਡੀ.ਸੀ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਏ.ਡੀ.ਸੀ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨਾਲ ਵਿਸਤ੍ਰਿਤ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ –2 ਦੇ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਆਪਕ ਪੱਧਰ ’ਤੇ ਮੁਹਿੰਮ ਨੂੰ ਤੇਜ਼ ਕਰਨ ਦੀ ਲੋੜ ਹੈ ਤਾਂ ਜੋ ਖੰਘ, ਜੁਕਾਮ, ਬੁਖ਼ਾਰ ਵਾਲੇ ਨਾਗਰਿਕਾਂ ਦੀ ਪਛਾਣ ਕਰਕੇ ਕੋਰੋਨਾ ਟੈਸਟ ਕਰਵਾਏ ਜਾ ਸਕਣ ਅਤੇ ਟੈਸਟ ਪਾਜੀਟਿਵ ਆਉਣ ਦੀ ਸੂਰਤ ਵਿੱਚ ਵਿਅਕਤੀ ਦੀ ਲੋੜ ਮੁਤਾਬਕ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰੇਕ ਨਾਗਰਿਕ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਕੀਮਤੀ ਜਾਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਕੋਈ ਵੀ ਲੱਛਣ ਹੋਣ ਦੀ ਸੂਰਤ ਵਿੱਚ ਤੁਰੰਤ ਸਿਹਤ ਸੰਸਥਾਨ ਵਿੱਚ ਪਹੁੰਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਸਿਹਤ ਸਮੇਤ ਡੀ.ਸੀ, ਐਸ.ਐਸ.ਪੀ, ਸਿਵਲ ਸਰਜਨ ਤੇ ਹੋਰ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਵੱਲੋਂ ਕੀਤੀ ਗਈ ਵਰਚੂਅਲ ਕਾਨਫਰੰਸ ਵਿੱਚ ਹਿੱਸਾ ਲਿਆ।ਪ੍ਰਮੁੱਖ ਸਕੱਤਰ ਸਿਹਤ ਨੇ ਮਿਸ਼ਨ ਫ਼ਤਿਹ-2 ਸਬੰਧੀ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਅਤੇ ਜ਼ਿਲ੍ਹਾ ਮਾਨਸਾ ਵਿਖੇ ਆਸ਼ਾ ਵਰਕਰਾਂ ਰਾਹੀਂ ਪਿੰਡ ਪਿੰਡ ਵਿੱਚ ਕੀਤੇ ਜਾ ਰਹੇ ਸਰਵੇਖਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹਦਾਇਤ ਕੀਤੀ ਕਿ ਕੋਰੋਨਾ ਦੀ ਲੜੀ ਨੂੰ ਤੋੜਨ ਲਈ ਆਸ਼ਾ ਵਰਕਰ, ਕਮਿਊਨਿਟੀ ਹੈਲਥ ਵਰਕਰ, ਏ.ਐਨ.ਐਮ, ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬ, ਸੀਨੀਅਰ ਮੈਡੀਕਲ ਅਫ਼ਸਰ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ, ਉਪ ਮੰਡਲ ਮੈਜਿਸਟਰੇਟ ਆਪੋ ਆਪਣੇ ਪੱਧਰ ’ਤੇ ਗਠਿਤ ਟੀਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਸੈਂਪਲਿੰਗ ਦੀ ਇਸ ਮੁਹਿੰਮ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਦਰ ਦਾ ਪਤਾ ਲੱਗ ਸਕੇ ਅਤੇ ਬਿਹਤਰ ਤੋਂ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨਾਲ ਤਾਲਮੇਲ ਰੱਖਦੇ ਹੋਏ ਪਿੰਡਾਂ ਵਿੱਚ ਬਾਹਰੀ ਲੋਕਾਂ ਦਾ ਦਾਖਲਾ ਰੋਕਣ ਲਈ ਠੀਕਰੀ ਪਹਿਰੇ ਪ੍ਰਣਾਲੀ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ ਅਤੇ ਲੋਕ ਪਹਿਲਾਂ ਨਾਲੋਂ ਵਧੇਰੇ ਸੁਚੇਤ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬਲਾਕ ਪੱਧਰੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਸੈਂਪਲਿੰਗ ਵਿਵਸਥਾ ਨੂੰ ਸੁਚਾਰੂ ਕਰਨ ਵਿੱਚ ਕਾਰਜਸ਼ੀਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਕੋਵਿਡ ਮਰੀਜ਼ਾਂ ਦੀ ਲੋੜ ਮੁਤਾਬਕ ਆਕਸੀਜਨ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ 80 ਬਿਸਤਰਿਆਂ ਦਾ ਐਲ-2 ਕੋਵਿਡ ਆਈਸੋਲੇਸ਼ਨ ਵਾਰਡ ਹੈ ਜਿਥੇ ਸਮੇਂ ਸਮੇਂ ’ਤੇ ਪ੍ਰਸ਼ਾਸਨਿਕ ਅਧਿਕਾਰੀ ਦੌਰਾ ਕਰਕੇ ਦਾਖਲ ਮਰੀਜ਼ਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ।ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮਗਨਰੇਗਾ ਵਰਕਰਾਂ ਦੇ ਨਾਲ ਨਾਲ ਸਮੂਹ ਫਰੰਟ ਲਾਈਨ ਵਰਕਰਾਂ ਤੇ ਉਨ੍ਰਾਂ ਦੇ ਪਰਿਵਾਰਾਂ ਦਾ ਟੀਕਾਕਰਨ ਕਰਨ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਅਤੇ ਵੈਕਸੀਨ ਪ੍ਰਾਪਤ ਹੋਣ ਦੇ ਨਾਲੋ ਨਾਲ ਹੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਟੀਕਾਕਰਨ ਚੱਲ ਰਿਹਾ ਹੈ।

NO COMMENTS