ਨਵੀਂ ਦਿੱਲੀ18 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਏਸਨ ਵਿੱਚ ਕਿਸਾਨ ਭਲਾਈ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, ‘ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਪਿਛਲੇ ਸਮੇਂ ਗੜੇਮਾਰੀ, ਕੁਦਰਤੀ ਆਫ਼ਤ ਕਾਰਨ ਪ੍ਰੇਸ਼ਾਨੀ ਹੋਈ। ਅੱਜ ਮੱਧ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਦੌਰਾਨ 35 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 1600 ਕਰੋੜ ਰੁਪਏ ਭੇਜੇ ਜਾ ਰਹੇ ਹਨ। ਕੋਈ ਵਿਚੋਲਾ ਨਹੀਂ, ਕੋਈ ਦਲਾਲ ਨਹੀਂ।”
ਪੀਐਮ ਮੋਦੀ ਨੇ ਕਿਹਾ, ‘ਮੈਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਕ੍ਰੈਡਿਟ ਆਪਣੇ ਕੋਲ ਰੱਖੋ। ਮੈਨੂੰ ਕ੍ਰੈਡਿਟ ਨਹੀਂ ਚਾਹੀਦਾ। ਮੈਨੂੰ ਕਿਸਾਨ ਦੇ ਜੀਵਨ ਵਿੱਚ ਆਸਾਨੀ ਚਾਹੀਦੀ ਹੈ, ਖੁਸ਼ਹਾਲੀ ਚਹੀਦੀ ਹੈ, ਖੇਤੀ ਵਿੱਚ ਆਧੁਨਿਕਤਾ ਚਾਹੀਦੀ ਹੈ। ਕਿਰਪਾ ਕਰਕੇ ਕਿਸਾਨਾਂ ਨੂੰ ਭਰਮਾਉਣਾ ਤੇ ਉਨ੍ਹਾਂ ਨੂੰ ਭੜਕਾਉਣਾ ਛੱਡ ਦਿਓ। ਅਚਾਨਕ ਭੰਬਲਭੂਸਾ ਤੇ ਝੂਠ ਦਾ ਜਾਲ ਪਾ ਕੇ ਰਾਜਨੀਤਕ ਧਰਤੀ ਵਾਹੁਣ ਦੀ ਖੇਡ ਖੇਡੇ ਰਹੇ ਹਨ। ਕਿਸਾਨਾਂ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਹਮਲੇ ਕੀਤੇ ਜਾ ਰਹੇ ਹਨ।
” ਸਵਾਮੀਨਾਥਨ ਕਮੇਟੀ ਦੀ ਰਿਪੋਰਟ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਕਿਸਾਨ ਬਾਰੇ ਬੋਲਣ ਵਾਲੇ ਲੋਕ ਕਿੰਨੇ ਬੇਰਹਿਮ ਹਨ। ਇਹ ਲੋਕ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ 8 ਸਾਲਾਂ ਤਕ ਦਬਾ ਕੇ ਬੈਠੇ ਰਹੇ। ਕਿਸਾਨ ਅੰਦੋਲਨ ਕਰਦੇ ਸੀ, ਵਿਰੋਧ ਕਰਦੇ ਸੀ ਪਰ ਇਨ੍ਹਾਂ ਲੋਕਾਂ ਨੂੰ ਫਰਕ ਨਹੀਂ ਪਿਆ। ਜਦੋਂਕਿ ਸਾਡੀ ਸਰਕਾਰ ਕਿਸਾਨਾਂ ਨੂੰ ਸਮਰਪਤ ਹੈ, ਕਿਸਾਨਾਂ ਨੂੰ ਅੰਨਦਾਤਾ ਮੰਨਦੀ ਹੈ। ਅਸੀਂ ਫਾਈਲਾਂ ਦੇ ਢੇਰ ਵਿੱਚ ਸੁੱਟੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਕੱਢੀ ਤੇ ਇਸ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ, ਜਿਸ ਨਾਲ ਕਿਸਾਨਾਂ ਨੂੰ ਡੇਢ ਗੁਣਾ ਲਾਗਤ ਦਾ ਐਮਐਸਪੀ ਦਿੱਤਾ ਗਿਆ। “-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਬਾਰੇ ਖਾਸ ਗੱਲਾਂ-
ਤੇਜ਼ੀ ਨਾਲ ਬਦਲ ਰਹੇ ਆਲਮੀ ਦ੍ਰਿਸ਼ ਵਿੱਚ ਭਾਰਤ ਦੇ ਕਿਸਾਨ, ਸਹੂਲਤਾਂ ਦੀ ਅਣਹੋਂਦ ਵਿੱਚ ਆਧੁਨਿਕ ਢੰਗਾਂ ਦੀ ਘਾਟ ਕਾਰਨ ਬੇਵੱਸ ਹੋ ਜਾਂਦੇ ਹਨ, ਇਸ ਸਥਿਤੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹ ਕੰਮ ਜੋ 25-30 ਸਾਲ ਪਹਿਲਾਂ ਹੋਣਾ ਚਾਹੀਦਾ ਸੀ, ਉਹ ਹੁਣ ਹੋ ਰਿਹਾ ਹੈ। ਭਾਰਤ ਦੀ ਖੇਤੀ, ਭਾਰਤ ਦਾ ਕਿਸਾਨ, ਹੁਣ ਪਿਛੜੇਪਨ ਵਿੱਚ ਨਹੀਂ ਰਹਿ ਸਕਦਾ। ਦੁਨੀਆ ਦੇ ਵੱਡੇ ਦੇਸ਼ਾਂ ਦੇ ਕਿਸਾਨਾਂ ਲਈ ਉਪਲਬਧ ਆਧੁਨਿਕ ਸਹੂਲਤ ਹੁਣ ਭਾਰਤ ਦੇ ਕਿਸਾਨਾਂ ਨੂੰ ਵੀ ਮਿਲਣੀ ਚਾਹੀਦੀ, ਇਸ ਵਿੱਚ ਹੁਣ ਦੇਰੀ ਨਹੀਂ ਹੋ ਸਕਦੀ।
ਪਿਛਲੇ ਸਮੇਂ ਤੋਂ ਦੇਸ਼ ਵਿੱਚ ਕਿਸਾਨਾਂ ਲਈ ਬਣੇ ਨਵੇਂ ਕਾਨੂੰਨਾਂ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ। ਇਹ ਖੇਤੀਬਾੜੀ ਸੁਧਾਰ ਕਾਨੂੰਨ ਰਾਤੋ ਰਾਤ ਨਹੀਂ ਆਏ। ਪਿਛਲੇ 20-22 ਸਾਲਾਂ ਤੋਂ ਹਰ ਸਰਕਾਰ ਨੇ ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਦਰਅਸਲ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਤੋਂ ਜਵਾਬ ਪੁੱਛਣੇ ਚਾਹੀਦੇ ਹਨ ਜੋ ਪਹਿਲਾਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਇਨ੍ਹਾਂ ਸੁਧਾਰਾਂ ਬਾਰੇ ਲਿਖਦੇ ਰਹੇ, ਕਿਸਾਨਾਂ ਦੀਆਂ ਵੋਟਾਂ ਇਕੱਤਰ ਕਰਦੇ ਰਹੇ, ਪਰ ਕੁਝ ਨਹੀਂ ਕੀਤਾ। ਸਿਰਫ ਇਨ੍ਹਾਂ ਮੰਗਾਂ ਨੂੰ ਟਾਲਦੇ ਰਹੇ ਤੇ ਦੇਸ਼ ਦਾ ਕਿਸਾਨ ਇੰਤਜ਼ਾਰ ਕਰਦਾ ਰਿਹਾ।
35 ਲੱਖ ਕਿਸਾਨਾਂ ਦੇ ਖਾਤੇ ਵਿੱਚ ਗਏ 1600 ਕਰੋੜ ਰੁਪਏ
ਮੱਧ ਪ੍ਰਦੇਸ਼ ਦੇ 35 ਲੱਖ ਕਿਸਾਨਾਂ ਦੇ ਖਾਤੇ ਵਿੱਚ 1600 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਇਸ ਦਾ ਐਲਾਨ ਸੀਐਮ ਸ਼ਿਵਰਾਜ ਨੇ 15 ਦਸੰਬਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਕੀਤਾ। ਇਹ ਪੈਸਾ ਸੋਇਆਬੀਨ ਵਰਗੀਆਂ ਫਸਲਾਂ ਦੇ ਨੁਕਸਾਨ ਲਈ ਹੈ, ਜੋ ਇਸ ਸਾਲ ਹੋਇਆ। ਇਹ ਰਕਮ ਕੁੱਲ ਭੁਗਤਾਨ ਦਾ ਇੱਕ ਤਿਹਾਈ ਹੈ।
ਕਿਸਾਨ ਮਹਾਮੇਲਨ ਦੌਰਾਨ ਲਗਪਗ 2000 ਪਸ਼ੂ ਪਾਲਕਾਂ ਤੇ ਮੱਛੀ ਪਾਲਕਾਂ ਨੂੰ ਕਿਸਾਨੀ ਕ੍ਰੈਡਿਟ ਕਾਰਡ ਵੰਡੇ ਗਏ। ਇਸ ਤੋਂ ਇਲਾਵਾ 75 ਕਰੋੜ ਰੁਪਏ ਦੇ ਨਿਰਮਾਣ ਕਾਰਜਾਂ ਦਾ ਭੂਮੀ ਪੂਜਾ ਤੇ ਉਦਘਾਟਨ ਵੀ ਕੀਤਾ ਜਾਏਗਾ ਜਿਵੇਂ ਗੋਦਾਮ, ਕਿਸਾਨ ਸਹੂਲਤ ਕੇਂਦਰ ਆਦਿ।