ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ

0
10

ਮਾਨਸਾ, 05,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ): ਦੇਸ਼ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਪੰਜ ਸਾਲ ਲਈ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ 2020-21 ਤੋਂ 2424-25 ਤੱਕ ਲਾਗੂ ਕੀਤੀ ਜਾ ਰਹੀ ਹੈ, ਜੋ ਕਿ ਦੇਸ਼ ਵਿਚ ਨੀਲੀ ਕਰਾਂਤੀ ਲਿਆਉਣ ਲਈ ਠੋਸ ਕਦਮ ਸਾਬਿਤ ਹੋਵੇਗੀ। ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਇਸ ਯੋਜਨਾ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਸਕੀਮ ਅਧੀਨ ਗਠਿਤ ਕੀਤੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜ਼ਿਲ੍ਹੇ ਵਿਚ ਇਸ ਯੋਜਨਾ ਨੂੰ ਲਾਗੂ ਕਰਨ ਲਈ ਐਕਸ਼ਨ ਪਲਾਨ ’ਤੇ ਚਰਚਾ ਕੀਤੀ ਗਈ। ਐਕਸ਼ਨ ਪਲਾਨ ਵਿਚ ਆਮ ਮੱਛੀ ਪਾਲਣ ਦੇ ਨਾਲ ਨਾਲ ਜ਼ਿਲ੍ਹੇ ਵਿਚ ਝੀਂਗਾ ਅਤੇ ਬਾਇਓਫਲਾਕ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਵਿਸ਼ੇਸ਼ ਤੌਰ ’ਤੇ ਤਵੱਜੋ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਮੱਛੀ ਪਾਲਣ ਦਾ ਕੰਮ ਕਰਨ ਵਾਲੇ ਲਾਭਪਾਤਰੀਆਂ ਨੂੰ 40 ਫ਼ੀਸਦੀ ਅਤੇ 60 ਫ਼ੀਸਦੀ ਦੀ ਦਰ ਨਾਲ ਸਬਸਿਡੀ ਦੀ ਸਹੂਲਤ ਦਿੱਤੀ ਜਾਵੇਗੀ। ਜੋ ਲੋਕ ਮੱਛੀ ਦੀ ਸਪਲਾਈ ਦਾ ਕੰਮ ਘਰੋਂ ਘਰੀਂ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਮੱਛੀ ਦੀ ਵੇਚ ਕਰਨ ਲਈ ਮੋਟਰ ਸਾਇਕਲ/ਸਾਇਕਲ ਸਬਸਿਡੀ ’ਤੇ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਮੱਛੀ ਪਾਲਣ ਵਿਭਾਗ ਵੱਲੋਂ ਸਾਲ 2021-22 ਦੌਰਾਨ ਤਜਵੀਜ ਕੀਤੇ ਪ੍ਰੋਜੈਕਟਾਂ ਦਾ ਐਕਸ਼ਨ ਪਲਾਨ ਸ੍ਰੀ ਰਾਜੇਸ਼ਵਰ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਮਾਨਸਾ ਵੱਲੋਂ ਪੇਸ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਇਸ ਐਕਸ਼ਨ ਪਲਾਨ ਨੂੰ ਮੌਕੇ ’ਤੇ ਹੀ ਪਾਸ ਕਰ ਦਿੱਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਰਾਜੇਸ਼ਵਰ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਨਵਨੀਤ ਜੋਸ਼ੀ, ਐਕਸੀਅਨ ਵਾਟਰ ਸਪਲਾਈ ਅਤੇ ਸੈਨਟੇਸ਼ਨ ਸ੍ਰੀ ਕੇਵਲ ਗਰਗ, ਐਸ.ਡੀ.ਓ. ਸ੍ਰੀ ਅਤਿੰਦਰਪਾਲ ਸਿੰਘ, ਮੈਨੇਜ਼ਰ ਲੀਡ ਬੈਂਕ ਸ੍ਰੀ ਕਮਲ ਗਰਗ, ਏ.ਡੀ.ਓ. ਜਸਲੀਨ ਕੌਰ, ਸ੍ਰੀ ਰਾਜੇਸ਼ਵਰ ਕੁਮਾਰ, ਸੀਨੀਅਰ ਮੱਛੀ ਪਾਲਣ ਅਫ਼ਸਰ ਦੀਪਨਜੋਤ ਕੌਰ ਸਿੱਧੂ, ਅਕਾਊਟੈਂਟ ਰਮੇਸ਼ ਕੁਮਾਰ, ਕਲਰਕ ਵਿਨੋਦ ਕੁਮਾਰ, ਮੱਛੀ ਕਾਸ਼ਤਕਾਰ ਸ੍ਰੀ ਸੁਖਜਿੰਦਰ ਸਿੰਘ, ਸ੍ਰੀਮਤੀ ਰਜਿੰਦਰ ਕੌਰ ਮੌਜੂਦ ਸਨ।

NO COMMENTS