*ਪੌਦਿਆਂ, ਦਰੱਖਤਾਂ ਵਿਚ ਵਸਦੇ ਹਨ ਸਾਡੇ ਪੁਰਖੇ : ਜਗਦੀਸ਼ ਸ਼ਰਮਾ*

0
69

ਮਾਨਸਾ/ਜੋਗਾ, 24 ਜੁਲਾਈ (ਸਾਰਾ ਯਹਾਂ/ਗੋਪਾਲ ਅਕਲੀਆ)-ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਸੀ.ਆਈ.ਏ ਸਟਾਫ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਨੇ ਆਪਣੀ ਮਾਤਾ ਕ੍ਰਿਸ਼ਨਾ ਦੇਵੀ ਦੀ ਯਾਦ ਵਿਚ ਪਿੰਡ ਅਕਲੀਆ ਵਿਖੇ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਾ ਰੱਖਣ ਅਤੇ ਪੌਦਿਆਂ ਵਿਚੋਂ ਆਪਣੇ ਪੁਰਖਿਆਂ ਦੀ ਯਾਦ ਬਣਾ ਕੇ ਰੱਖਣ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਧਰਤੀ ਤੇ ਜਿੰਨੀ ਦੇਰ ਪੌਦੇ ਅਤੇ ਦਰੱਖਤ ਹਨ, ਉਨੀ ਦੇਰ ਅਸੀਂ ਤੰਦਰੁਸਤ ਜੀਵਨ ਅਤੇ ਸੁਖਾਲੀ ਜਿੰਦਗੀ ਬਤੀਤ ਕਰ ਸਕਾਂਗੇ। ਨਹੀਂ ਤਾਂ ਵਾਤਾਵਰਣ ਵਿਚ ਪੈਦਾ ਹੋ ਰਿਹਾ ਵਿਗਾੜ ਸਾਡੀ ਤੰਦਰੁਸਤੀ ਨੂੰ ਖਾ ਜਾਵੇਗਾ। ਇਸ ਮੌਕੇ ਉਨ੍ਹਾਂ ਥਾਣਾ ਜੋਗਾ ਦੇ ਮੁਖੀ ਗੁਰਤੇਜ ਸਿੰਘ ਸੰਧੂ ਵੀ ਹਾਜ਼ਰ ਸਨ। ਜਗਦੀਸ਼ ਸ਼ਰਮਾ ਨੇ ਵੱਖ ਵੱਖ ਕਲੱਬਾਂ ਦੇ ਸਹਿਯੋਗ ਨਾਲ ਵੱਖ ਵੱਖ ਥਾਵਾਂ ਤੇ ਹਰੇ ਭਰੇ ਪੌਦੇ ਲਗਾਏ ਅਤੇ ਇਨ੍ਹਾਂ ਪੌਦਿਆਂ ਦੀ ਸੰਭਾਲ ਬੱਚਿਆਂ ਅਤੇ ਬਜੁਰਗਾਂ ਦੀ ਤਰ੍ਹਾਂ ਕਰਨ ਦਾ ਸੰਕਲਪ ਲੈਂਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਧਰਤੀ ਤੇ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਪੌਦੇ ਵੱਡੇ ਹੋਣਗੇ ਤਾਂ ਸਾਡਾ ਜੀਵਨ ਵੀ ਵੱਡਾ ਹੋਵੇਗਾ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਸਭ ਨੂੰ ਪਿਆਰੇ ਹੁੰਦੇ ਹਨ ਅਤੇ ਆਪਣੇ ਸਵ. ਪੁਰਖਿਆਂ ਨੂੰ ਉਹ ਪੌਦਿਆਂ ਅਤੇ ਦਰੱਖਤਾਂ ਵਿਚ ਦੇਖ ਲੈਂਦੇ ਹਨ। ਜਿਨ੍ਹਾਂ ਦੀ ਸੰਘਣੀ ਛਾਂ ਮਾਤਾ ਪਿਤਾ ਦੇ ਆਸ਼ੀਰਵਾਦ ਅਤੇ ਉਨ੍ਹਾਂ ਦੀ ਮੌਜੂਦਗੀ ਦੀ ਤਰ੍ਹਾਂ ਸਾਡੇ ਸਿਰ ਤੇ ਰਹਿੰਦੀ ਹੈ। ਉਨ੍ਹਾਂ ਵੱਖ ਵੱਖ ਸੰਸਥਾਵਾਂ ਅਤੇ ਕਲੱਬਾਂ ਦਾ ਧੰਨਵਾਦ ਕਰਦਿਆਂ ਇਸ ਕਾਰਜ ਵਿਚ ਸਹਿਯੋਗ ਦੇਣ ਲਈ ਇਸ ਨੂੰ ਵਡਮੁੱਲੀ ਸੇਵਾ ਦੱਸਿਆ ਅਤੇ ਕਿਹਾ ਕਿ ਜਿੰਨੀ ਤੇਜ਼ੀ ਨਾਲ ਇਨਸਾਨ ਕੁਦਰਤ ਨਾਲ ਖਿਲਵਾੜ ਕਰਦਾ ਜਾ ਰਿਹਾ ਹੈ ਉਨੀ ਰਫਤਾਰ ਨਾਲ ਅਸੀਂ ਬਿਮਾਰੀਆਂ, ਸਮੱਸਿਆਵਾਂ ਅਤੇ ਮੁਸ਼ਕਿਲਾਂ ਵਿਚ ਫਸਦੇ ਜਾ ਰਹੇ ਹਨ। ਧਰਤੀ ਤੇ ਪੌਦੇ ਅਤੇ ਰੁੱਖ ਹਨ ਤਾਂ ਸਾਨੂੰ ਸੌਂ ਸੁੱਖ ਹਨ। ਇਸ ਮੌਕੇ ਥਾਣਾ ਜੋਗਾ ਮੁਖੀ ਗੁਰਤੇਜ ਸਿੰਘ ਨੇ ਵੀ ਇਸ ਵਿਚ ਹੱਥ ਵਟਾਉਂਦਿਆਂ ਕਿਹਾ ਕਿ ਪੌਦੇ, ਦਰੱਖਤ ਸਾਡਾ ਜੀਵਨ ਹਨ। ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਅਕਲੀਆ ਦੇ ਮੀਤ ਪ੍ਰਧਾਨ ਗੁਰਕੇਵਲ ਸਿੰਘ, ਸਕੱਤਰ ਗੋਪਾਲ ਅਕਲੀਆ ਨੇ ਵੀ ਜਗਦੀਸ਼ ਸ਼ਰਮਾ ਵਲੋਂ ਆਪਣੇ ਪੁਰਖਿਆਂ ਦੀ ਯਾਦ ਵਿਚ ਥਾਂ ਥਾਂ ਤੇ ਲਗਾਏ ਜਾ ਰਹੇ ਪੌਦੇ ਮੁਹਿੰਮ ਨੂੰ ਇਕ ਚੰਗੀ ਸੋਚ ਦੱਸਦਿਆਂ ਕਿਹਾ ਕਿ ਪੁਰਖਿਆਂ ਨੂੰ ਯਾਦ ਕਰਨ ਅਤੇ ਪੌਦਿਆਂ ਵਿਚੋਂ ਉਨ੍ਹਾਂ ਦੀ ਝਲਕ ਦੇਖਣ, ਅਜਿਹੀ ਸੋਚ ਵੀ ਕੋਈ ਕੋਈ ਰੱਖਦਾ ਹੈ। ਇਸ ਮੌਕੇ ਬਾਬਾ ਬਸੰਤ ਦਾਸ, ਬਾਬਾ ਆਤਮ ਪ੍ਰਕਾਸ਼, ਕਲੱਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੰਬੀ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਖਜਾਨਚੀ ਹਰਬੰਸ ਸਿੰਘ ਗਾਗੋਵਾਲ, ਡਾ. ਗੁਰਦੀਪ ਸਿੰਘ, ਬਲਦੇਵ ਸਿੰਘ ਰੜ੍ਹ, ਨਵਦੀਪ ਸਿੰਘ ਅੱਪੀ ਝੱਬਰ, ਸੰਦੀਪ ਸਿੰਘ ਅਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ।

NO COMMENTS