ਨਵੀਂ ਦਿੱਲੀ 6,ਮਈ : ਦੇਸ਼ ‘ਚ ਪੈਟਰੋਲ-ਡੀਜ਼ਲ ਲਈ ਗਾਹਕ ਜੋ ਕੀਮਤ ਅਦਾ ਕਰਦੇ ਹਨ, ਉਸ ‘ਚ 75 ਫੀਸਦ ਟੈਕਸ ਅਦਾ ਕਰਦੇ ਹਨ। ਯਾਨੀ ਟੈਕਸ ਕਾਰਨ ਪੈਟਰੋਲ-ਡੀਜ਼ਲ ਦੀ ਕੀਮਤ ਚਾਰ ਗੁਣਾ ਵਧ ਜਾਂਦੀ ਹੈ। ਮੌਜੂਦਾ ਸਮੇਂ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਕਾਫੀ ਘੱਟ ਹਨ। ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੁਨੀਆਂ ਭਰ ‘ਚ ਲੱਗੇ ਲੌਕਡਾਊਨ ਕਾਰਨ ਤੇਲ ਦੀ ਖਪਤ ‘ਚ ਜ਼ਬਰਦਸਤ ਗਿਰਾਵਟ ਆਈ ਹੈ।
ਵਿਸ਼ਵ ਪੱਧਰ ‘ਤੇ ਕੱਚੇ ਤੇਲ ‘ਚ ਆਈ ਗਿਰਾਵਟ ਦੇ ਨਾਲ ਹੀ ਸਰਕਾਰਾਂ ਪੈਟਰੋਲ-ਡੀਜ਼ਲ ‘ਤੇ ਟੈਕਸ ਵਧਾ ਦਿੰਦੀਆਂ ਹਨ ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਇਸ ਦਾ ਲਾਭ ਗਾਹਕਾਂ ਨੂੰ ਨਹੀਂ ਮਿਲਦਾ। ਕੇਂਦਰ ਸਰਕਾਰ ਨੇ ਆਪਣੀ ਆਮਦਨ ਵਧਾਉਣ ਲਈ ਮੰਗਲਵਾਰ ਪੈਟਰੋਲ ‘ਤੇ ਐਕਸਾਇਜ਼ ਕਰ 10 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ‘ਤੇ 13 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਹੈ।
ਪੈਟਰੋਲ-ਡੀਜਲ ‘ਤੇ ਕਿਹੜੇ-ਕਿਹੜੇ ਟੈਕਸ ਲਾਏ ਜਾਂਦੇ:
ਐਕਸਾਇਜ਼ ਕਰ, ਵੈਟ ਤੇ ਡੀਲਰ ਕਮਿਸ਼ਨ ਕਾਰਨ ਪੈਟਰੋਲ-ਡੀਜ਼ਲ ਦੀ ਕੀਮਤ ਕਰੀਬ ਚਾਰ ਗੁਣਾ ਹੋ ਜਾਂਦੀ ਹੈ। ਉਦਾਹਰਨ ਵਜੋਂ ਦਿੱਲੀ ‘ਚ ਪੈਟਰੋਲ ਪੰਪ ਡੀਲਰ ਨੂੰ ਪੈਟਰੋਲ 18.28 ਰੁਪਏ ਪ੍ਰਤੀ ਲੀਟਰ ‘ਤੇ ਮਿਲ ਰਿਹਾ ਹੈ। ਇਸ ਕੀਮਤ ਦੇ ਆਧਾਰ ‘ਤੇ ਮੁੱਲ ਤੇ ਭਾੜਾ ਸ਼ਾਮਲ ਹੁੰਦਾ ਹੈ। ਹੁਣ ਇਸ ਕੀਮਤ ‘ਤੇ ਵੈਟ, ਐਕਸਾਇਜ਼ ਕਰ ਤੇ ਡੀਲਰ ਕਮਿਸ਼ਨ ਜੁੜ ਜਾਣ ਮਗਰੋਂ ਰਿਟੇਲ ਕੀਮਤ 71.26 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਜਾਂਦੀ ਹੈ। ਤੇਲ ਦੀ ਕੀਮਤ ਚਾਰ ਗੁਣਾ ਵਧ ਜਾਂਦੀ ਹੈ।
ਪੈਟਰੋਲ ‘ਤੇ ਐਕਸਾਇਜ਼ ਕਰ 32.98 ਰੁਪਏ ਪ੍ਰਤੀ ਲੀਟਰ ਲੱਗ ਰਿਹਾ ਹੈ। ਉੱਥੇ ਹੀ ਡੀਜ਼ਲ ‘ਤੇ ਇਹ 31.83 ਰੁਪਏ ਪ੍ਰਤੀ ਲੀਟਰ ਹੈ। ਵੈਟ ਦੀ ਗੱਲ ਕਰੀਏ ਤਾਂ ਇਹ ਸੂਬਿਆਂ ਵੱਲੋਂ ਲਾਇਆ ਜਾਂਦਾ ਹੈ। ਜੋ ਵੱਖ-ਵੱਖ ਸੂਬਿਆਂ ਦਾ ਵੱਖ-ਵੱਖ ਹੁੰਦਾ ਹੈ। ਜੋ ਸੂਬੇ ਵੱਧ ਵੈਟ ਵਸੂਲਦੇ ਹਨ ਉਨ੍ਹਾਂ ‘ਚ ਮੱਧ ਪ੍ਰਦੇਸ਼, ਰਾਜਸਥਾਨ, ਕੇਰਲ ਤੇ ਕਰਨਾਟਕ ਸ਼ਾਮਲ ਹਨ। ਇਹ ਕਰੀਬ 30 ਫੀਸਦ ਵੈਟ ਵਸੂਲਦੇ ਹਨ।
ਹੁਣ ਡੀਲਰ ਦੇ ਕਮਿਸ਼ਨ ਦੀ ਗੱਲ ਕਰੀਏ ਤਾਂ ਇਹ ਪੈਟਰੋਲ ਅਤੇ ਡੀਜ਼ਲ ‘ਤੇ ਵੱਖ-ਵੱਖ ਹੈ। ਇਹ ਫਿਊਲ ਪੰਪ ਦੀ ਲੋਕੇਸ਼ਨ ਦੇ ਹਿਸਾਬ ਨਾਲ ਵੀ ਵੱਖ-ਵੱਖ ਹੁੰਦਾ ਹੈ। ਜੋ ਕਿ ਦੋ ਤੋਂ ਚਾਰ ਰੁਪਏ ਪ੍ਰਤੀ ਲੀਟਰ ਤਕ ਹੋ ਸਕਦਾ ਹੈ। ਦਿੱਲੀ ‘ਚ ਡੀਲਰ ਦਾ ਕਮਿਸ਼ਨ ਪੈਟਰੋਲ ‘ਤੇ 3.57 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ‘ਤੇ 2.51 ਰੁਪਏ ਪ੍ਰਤੀ ਲੀਟਰ ਹੈ।