ਮਾਨਸਾ, 16 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਪੇਂਡੂ ਸਵੈ—ਰੋਜ਼ਗਾਰ ਸਿਖਲਾਈ ਸੰਸਥਾਨ ਮਾਨਸਾ ਵੱਲੋਂ ਜ਼ਿਲ੍ਹਾ ਪੱਧਰ ’ਤੇ ਅਗਰਬੱਤੀ ਨਿਰਮਾਣ, ਅਚਾਰ, ਪਾਪੜ ਤੇ ਮਸਾਲਾ ਪਾਊਡਰ ਨਿਰਮਾਣ, ਆਰਟੀਫਿਸ਼ੀਅਲ ਜਵੈਲਰੀ ਦਾ ਨਿਰਮਾਣ, ਜੂਟ ਦੀਆਂ ਚੀਜ਼ਾਂ ਦਾ ਨਿਰਮਾਣ, ਪੇਪਰ ਕਵਰ ਲਿਫਾਫੇ ਤੇ ਫਾਇਲ ਨਿਰਮਾਣ, ਕੱਪੜੇ ਤੇ ਪ੍ਰਿੰਟਿੰਗ ਦੀ ਕਲਾ (ਇੰਬਰਾਇਡਰੀ ਤੇ ਫੇਬਰਿਕ ਪੇਟਿੰਗ), ਸਾਫਟ ਟਾਇਜ਼ ਦਾ ਨਿਰਮਾਣ ਤੇ ਵਿਕਰੀ, ਬਿਊਟੀ ਪਾਰਲਰ ਮਨੈਜਮੈਂਟ, ਕੰਪਿਊਟਰ ਤੇ ਹਾਰਡਵੇਅਰ ਨੈਟਵਰਕਿੰਗ, ਪਲੰਬਿੰਗ ਤੇ ਸੈਨੇਟਰੀ ਦਾ ਕੰਮ, ਗਾਂ ਤੇ ਮੱਝ ਪਾਲਣ ਤੇ ਵਰਮੀ ਕੰਪੋਸਟ, ਬੱਕਰੀ, ਭੇਡ ਤੇ ਸੂਅਰ ਪਾਲਣ, ਫੁੱਲਾਂ ਦੀ ਖੇਤੀ, ਬਗੀਚਾ ਤੇ ਲੈਂਡਸਕੋਪ, ਸਧਾਰਨ ਈ.ਡੀ.ਪੀ., ਬੈਂਕ ਮਿੱਤਰ, ਵਿੱਤੀ ਸਾਖਰਤਾ ਹੇਤੂ ਸਿਖਲਾਈ, ਕਿਰਾਨੇ ਦੀ ਦੁਕਾਨ ਆਦਿ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੇ ਲਾਭ ਹਰ ਸਿਖਲਾਈ ਦੀ ਥਿਊਰੀ ਤੇ ਪ੍ਰੈਕਟੀਕਲ, 80 ਤੋਂ 360 ਘੰਟੇ ਦੀ ਐਨ.ਐਸ.ਕਿਊ.ਐਫ. ਦੀ ਸਹੀ ਸਿਖਲਾਈ, ਹਰ ਸਿਖਲਾਈ ਵਿੱਚ ਬਜ਼ਾਰ ਸਰਵੇਖਣ ਦੀ ਸੁਵਿਧਾ ਉਪਲੱਬਧ, ਸਿਖਲਾਈ ਤੋਂ ਬਾਅਦ ਕਰਜ਼ਾ ਮੁਹੱਈਆ ਕਰਵਾਉਣ ਵਿੱਚ ਸਹਾਇਤਾ, ਸਫਲ ਵਿਅਕਤੀਆਂ ਦੀ ਸਫਲਤਾ ਦੀਆਂ ਕਹਾਣੀਆਂ ਪ੍ਰਕਾਸ਼ਿਤ ਕਰਨਾ, ਹਰ ਸਿਖਲਾਈ ਵਿੱਚ ਸਫਲ ਵਿਅਕਤੀ ਦੁਆਰਾ ਆਪਣੀ ਸਫਲਤਾ ਦਾ ਰਾਜ਼ ਦੱਸਣਾ, ਸਿਖਲਾਈ ਤੋਂ ਬਾਅਦ ਸਿੱਖਿਆਰਥੀਆਂ ਨੂੰ ਸਫਲਤਾ ਦਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਸਮੇਂ ਸਿਖਲਾਈ ਕਰਤਾ ਨੂੰ ਸਿਖਲਾਈ ਦੇ ਸਮੇਂ ਦੇ ਦਿਨਾਂ ਦਾ ਮਾਣ—ਭੱਤਾ ਅਤੇ ਮੁਫ਼ਤ ਖਾਣਾ—ਪੀਣਾ, ਸਮਾਨ ਆਦਿ ਦਿੱਤਾ ਜਾਵੇਗਾ। ਜਿਹੜੇ ਵੀ ਮਗਨਰੇਗਾ ਕਾਰਡ ਹੋਲਡਰ ਇਹ ਮੁਫ਼ਤ ਸਿਖਲਾਈ ਲੈਣ ਦੇ ਇਛੁੱਕ ਹਨ ਤਾਂ ਉਹ ਆਪਣੀ ਅਰਜ਼ੀ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਾਨਸਾ ਦੇ ਦਫ਼ਤਰ ਵਿਖੇ ਦੇ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਮੋਬਾਇਲ ਨੰਬਰ 94642—30352 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲੋਕ ਫਾਇਦਾ ਉਠਾਉਣ।