ਪੁੱਡਾ ਵੱਲੋਂ ਜਾਇਦਾਦਾਂ ਦੀ ਈ-ਨਿਲਾਮੀ 5 ਤੋਂ 15 ਫਰਵਰੀ ਤੱਕ

0
37

ਚੰਡੀਗੜ੍ਹ, 1 ਫਰਵਰੀ (ਸਾਰਾ ਯਹਾਂ /ਮੁੱਖ ਸੰਪਾਦਕ):ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਵੱਲੋਂ ਫਰਵਰੀ ਮਹੀਨੇ ਵਿੱਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ ਕਰਵਾਈ ਜਾਵੇਗੀ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਜਾਇਦਾਦਾਂ ਖਰੀਦਣ ਲਈ ਉਪਲਬਧ ਹੋਣਗੀਆਂ। ਈ-ਨਿਲਾਮੀ 5 ਫਰਵਰੀ, 2021 ਨੂੰ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਅਤੇ 15 ਫਰਵਰੀ, 2021 ਨੂੰ ਬਾਅਦ ਦੁਪਹਿਰ 1.00 ਵਜੇ ਸਮਾਪਤ ਹੋਵੇਗੀ।ਪੁੱਡਾ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਇਸ ਦੌਰਾਨ ਪ੍ਰਮੁੱਖ ਖੇਤਰਾਂ ਵਿੱਚ ਸਥਿਤ ਰਿਹਾਇਸ਼ੀ ਪਲਾਟਾਂ, ਐਸਸੀਓਜ਼, ਦੁਕਾਨਾਂ, ਬੂਥਾਂ ਆਦਿ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਹ ਸਾਈਟਾਂ ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਨਾਭਾ, ਕਪੂਰਥਲਾ, ਮੁਕੇਰੀਆਂ, ਮਾਨਸਾ, ਅਬੋਹਰ ਅਤੇ ਮਲੋਟ ਵਿਖੇ ਸਥਿਤ ਹਨ। ਪ੍ਰਮੁੱਖ ਜਾਇਦਾਦਾਂ ਨੂੰ ਖਰੀਦਣ ਦਾ ਇਹ ਇਕ ਵਧੀਆ ਮੌਕਾ ਹੈ ਕਿਉਂਕਿ ਨਿਲਾਮੀ ਵਾਲੀਆਂ ਸਾਈਟਾਂ ਪਹਿਲਾਂ ਤੋਂ ਹੀ ਵਿਕਸਤ ਇਲਾਕਿਆਂ ਵਿੱਚ ਸਥਿਤ ਹਨ। ਉਹਨਾਂ ਅੱਗੇ ਦੱਸਿਆ ਕਿ ਫਾਈਨਲ ਬੋਲੀ ਦੀ 25% ਰਕਮ ਦੀ ਅਦਾਇਗੀ ਕਰਨ ‘ਤੇ ਸਾਈਟਾਂ ਦਾ ਕਬਜ਼ਾ ਸਫਲ ਬੋਲੀਕਾਰਾਂ ਨੂੰ ਸੌਂਪਿਆ ਜਾਵੇਗਾ ਅਤੇ ਅਲਾਟੀਆਂ ਨੂੰ ਬਕਾਇਆ ਰਕਮ ਕਿਸ਼ਤਾਂ ਵਿੱਚ 9.5% ਸਾਲਾਨਾ ਵਿਆਜ ਦਰ ‘ਤੇ ਜਮ੍ਹਾਂ ਕਰਵਾਉਣੀ ਪਵੇਗੀ।

ਸਾਈਟਾਂ ਦਾ ਕਬਜ਼ਾ ਛੇਤੀ ਦੇਣ ਨਾਲ ਅਲਾਟੀ ਜਲਦ ਤੋਂ ਜਲਦ ਰਿਹਾਇਸ਼ੀ ਜਾਂ ਵਪਾਰਕ ਮੰਤਵ ਲਈ ਉਸਾਰੀ ਸ਼ੁਰੂ ਕਰ ਸਕਣਗੇ। ਬੁਲਾਰੇ ਨੇ ਦੱਸਿਆ ਕਿ ਈ-ਨਿਲਾਮੀ ਦੀ ਸ਼ੁਰੂਆਤ ਤੋਂ ਪਹਿਲਾਂ ਜਾਇਦਾਦਾਂ ਨਾਲ ਸਬੰਧਤ ਵੇਰਵੇ ਜਿਵੇਂ ਰਾਖਵੀਂ ਕੀਮਤ,  ਲੋਕੇਸ਼ਨ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਪੋਰਟਲ www.puda.e-auctions.in ‘ਤੇ ਪਾ ਦਿੱਤੇ ਜਾਣਗੇ।ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ, ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ ‘ਤੇ ਸਾਈਨ ਅਪ ਕਰਨਾ ਹੋਵੇਗਾ ਅਤੇ ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਬੋਲੀਕਾਰਾਂ ਨੂੰ ਨੈੱਟ ਬੈਂਕਿੰਗ / ਡੈਬਿਟ ਕਾਰਡ / ਕ੍ਰੈਡਿਟ ਕਾਰਡ / ਆਰਟੀਜੀਐਸ / ਐਨਈਐਫਟੀ ਦੇ ਜ਼ਰੀਏ ਰਿਫੰਡਏਬਲ / ਐਡਜਸਟਏਬਲ ਯੋਗਤਾ ਫੀਸ ਜਮ੍ਹਾਂ ਕਰਾਉਣੀ ਪਵੇਗੀ।

NO COMMENTS