*ਪੁਲਿਸ ਪ੍ਰਸ਼ਾਸਨ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਿਹਾ:ਮਨਜੀਤ ਧਨੇਰ*

0
18

ਮਾਨਸਾ 21 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਪਿੰਡ ਕੁੱਲਰੀਆਂ ਵਿਖੇ ਅਬਾਦਕਾਰ ਕਿਸਾਨਾਂ ਤੇ ਦੋ ਵਾਰ ਜਾਨ ਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਕਰ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।

               ਦੱਸਣਯੋਗ ਹੈ ਕਿ ਪਿੰਡ ਕੁੱਲਰੀਆਂ ਦੇ ਸਰਪੰਚ ਰਾਜਵੀਰ ਸਿੰਘ ਅਤੇ ਹੋਰ ਗੁੰਡਿਆਂ ਨੇ 23 ਅਕਤੂਬਰ ਨੂੰ ਸੱਤਰ ਸਾਲਾਂ ਦੇ ਬਜ਼ੁਰਗ ਕਿਸਾਨ ਸੀਤਾ ਸਿੰਘ ਤੇ ਗੱਡੀ ਚੜ੍ਹਾ ਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਸੀ। ਉਹ ਕਿਸਾਨ ਹਾਲੇ ਤੱਕ ਹਸਪਤਾਲ ਵਿਖੇ ਦਾਖ਼ਲ ਹੈ। ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਬੀਤੇ 15 ਦਸੰਬਰ ਤੋਂ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਐਸ ਐਸ ਪੀ ਮਾਨਸਾ ਵੱਲੋਂ ਜਥੇਬੰਦੀ ਨਾਲ ਵਾਅਦਾ ਕੀਤਾ ਗਿਆ ਸੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਲਈ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਕਰਦੇ ਹੋਏ ਜਥੇਬੰਦੀ ਨੇ ਪੱਕਾ ਮੋਰਚਾ ਇੱਕ ਵਾਰ ਮੁਲਤਵੀ ਕਰ ਦਿੱਤਾ ਸੀ। 

               ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਹਫ਼ਤੇ ਦੀ ਥਾਂ ਦਸ ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਆਪਣਾ ਵਾਅਦਾ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਹੈ। ਉਲਟਾ ਦੋਸ਼ੀਆਂ ਨੇ ਪ੍ਰਸ਼ਾਸਨਿਕ ਢਿੱਲ ਮੱਠ/ਮਿਲੀਭੁਗਤ ਤੋਂ ਉਤਸ਼ਾਹਿਤ ਹੋ ਕੇ 16 ਦਸੰਬਰ ਨੂੰ ਸੀਤਾ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਤੇ ਜਾਨੋਂ ਮਾਰਨ ਦੀ ਨੀਯਤ ਨਾਲ ਹਮਲਾ ਕਰ ਦਿੱਤਾ। ਸੀਤਾ ਸਿੰਘ ਦਾ ਬੇਟਾ ਗੁਰਪ੍ਰੀਤ ਸਿੰਘ ਜਦੋਂ ਸਕੂਟਰੀ ਤੇ ਪਿੰਡ ਵੱਲ ਆ ਰਿਹਾ ਸੀ ਤਾਂ ਸਰਪੰਚ ਦੀ ਗੱਡੀ ਵਿੱਚ ਸਵਾਰ ਗੁੰਡਿਆਂ ਨੇ ਉਸਦੀ ਸਕੂਟਰੀ ਵਿੱਚ ਗੱਡੀ ਮਾਰ ਕੇ ਉਸ ਨੂੰ ਹੇਠਾਂ ਸੁੱਟ ਲਿਆ ਅਤੇ ਮਾਰੂ ਹਥਿਆਰਾਂ ਨਾਲ ਲੈਸ ਇਹ ਗੁੰਡੇ ਉਸ ਨੂੰ ਮਾਰਨ ਲਈ ਉਸਦੇ ਮਗਰ ਦੌੜੇ ਪਰ ਗੁਰਪ੍ਰੀਤ ਸਿੰਘ ਨੇ ਕਿਸੇ ਦੇ ਘਰ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਇਸ ਸਬੰਧੀ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਅੱਜ ਤੱਕ ਉਪਰੋਕਤ ਦੋਵੇਂ ਘਟਨਾਵਾਂ ਦੇ ਸਾਰੇ ਦੋਸ਼ੀਆਂ ਖਿਲਾਫ਼ ਪਰਚਾ ਦਰਜ਼ ਨਹੀਂ ਕੀਤਾ ਗਿਆ ਅਤੇ ਕਿਸੇ ਇੱਕ ਨੂੰ ਵੀ ਗਿਰਫ਼ਤਾਰ ਨਹੀਂ ਕੀਤਾ ਗਿਆ। 

            ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਸੂਬਾ ਕਮੇਟੀ ਨੇ 19 ਦਸੰਬਰ ਨੂੰ ਕੀਤੀ ਆਪਣੀ ਮੀਟਿੰਗ ਵਿੱਚ ਇਸ ਵਾਅਦਾ ਖਿਲਾਫੀ ਵਿਰੁੱਧ ਸਖ਼ਤ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਫੈਸਲਾ ਕੀਤਾ ਕਿ 21 ਅਤੇ 22 ਦਸੰਬਰ ਨੂੰ ਦਿੱਲੀ ਵਿਖੇ ਹੋ ਰਹੀਆਂ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਮੀਟਿੰਗਾਂ ਤੋਂ ਤੁਰੰਤ ਬਾਅਦ ਐਸ ਐਸ ਪੀ ਮਾਨਸਾ ਦੇ ਵਾਅਦੇ ਤੇ ਮੁਲਤਵੀ ਕੀਤਾ ਹੋਇਆ ਪੱਕਾ ਮੋਰਚਾ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਸ਼ੁਰੂ ਕਰਨ ਦਾ ਪ੍ਰੋਗਰਾਮ ਐਲਾਨ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਹਾਲਾਤ ਇਵੇਂ ਹੀ ਰਹੇ ਤਾਂ ਸਿਆਸੀ ਅਤੇ ਪ੍ਰਸ਼ਾਸਨਿਕ ਸ਼ਹਿ ਪ੍ਰਾਪਤ ਇਹ ਗੁੰਡੇ ਕਿਸੇ ਵੀ ਹੋਰ ਕਿਸਾਨ ਜਾਂ ਕਿਸੇ ਆਗੂ ਦੀ ਜਾਨ ਲੈ ਸਕਦੇ ਹਨ। ਜੇਕਰ ਕਿਸੇ ਵੀ ਕਿਸਾਨ ਜਾਂ ਕਿਸੇ ਆਗੂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਸੂਬਾ ਕਮੇਟੀ ਨੇ ਆਪਣੀਆਂ ਸਾਰੀਆਂ ਜ਼ਿਲਾ ਇਕਾਈਆਂ ਨੂੰ ਪੱਕੇ ਮੋਰਚੇ ਦੀ ਤਿਆਰੀ ਲਈ ਡਟ ਜਾਣ ਦਾ ਸੱਦਾ ਦਿੱਤਾ ਹੈ। 

NO COMMENTS