*ਪੁਲਿਸ ਨੇ ਅਪਰਾਧ ਵਿੱਚ ਸ਼ਾਮਲ ਦੋ ਮੁੱਖ ਸਾਜ਼ਿਸ਼ਕਾਰਾਂ ਅਤੇ ਹੋਰ ਸ਼ੂਟਰਾਂ ਦੀ ਵੀ ਕੀਤੀ ਪਛਾਣ: ਡੀਜੀਪੀ*

0
45

(ਸਾਰਾ ਯਹਾਂ/ਬਿਊਰੋ ਨਿਊਜ਼ ) ਬਠਿੰਡਾ ਤੋਂ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ, ਪੰਜਾਬ ਪੁਲਿਸ ਨੇ 7 ਦਸੰਬਰ, 2022 ਨੂੰ ਨਕੋਦਰ ਦੇ ਕੱਪੜਾ ਵਪਾਰੀ ਅਤੇ ਉਸਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਮਨਦੀਪ ਸਿੰਘ ਦੇ ਦੋਹਰੇ ਕਤਲ ਕਾਂਡ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ। ਇਸ ਕਤਲ ਕਾਂਡ ਦਾ ਮਾਸਟਰਮਾਈਂਡ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ਼ ਅਮਨ ਹੈ ਜੋ ਨਕੋਦਰ ਦਾ ਮੂਲ ਨਿਵਾਸੀ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਨੇ ਦਿੱਤੀ।


ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਪਿੰਡ ਨੰਗਲਾ, ਤਲਵੰਡੀ ਸਾਬੋ, ਬਠਿੰਡਾ ਦੇ ਖੁਸ਼ਕਰਨ ਸਿੰਘ ਉਰਫ਼ ਫ਼ੌਜੀ; ਬਠਿੰਡਾ ਦੇ ਵੇਹਣ ਦੀਵਾਨ ਦੇ ਕਮਲਦੀਪ ਸਿੰਘ ਉਰਫ਼ ਦੀਪ; ਅਤੇ ਪਿੰਡ ਜੱਸੀ ਪੌਅ ਵਾਲੀ, ਬਠਿੰਡਾ ਦੇ ਮੰਗਾ ਸਿੰਘ ਉਰਫ਼ ਗੀਤਾ ਉਰਫ ਬਿੱਛੂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਵਾਰਦਾਤ ‘ਚ ਵਰਤਿਆ ਗਿਆ .30 ਬੋਰ ਦਾ ਪਿਸਤੌਲ ਅਤੇ ਰੇਕੀ ਕਰਨ ਲਈ ਵਰਤੀ ਗਈ ਸਫਾਰੀ ਕਾਰ ਵੀ ਬਰਾਮਦ ਕੀਤੀ ਹੈ।

ਦੱਸਣਯੋਗ ਹੈ ਕਿ 7 ਦਸੰਬਰ, 2022 ਨੂੰ ਰਾਤ 8.30 ਵਜੇ ਦੇ ਕਰੀਬ ਪੰਜ ਅਣਪਛਾਤੇ ਵਿਅਕਤੀਆਂ ਨੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦਕਿ ਉਸ ਦੇ ਪੀ.ਐਸ.ਓ. ਕਾਂਸਟੇਬਲ ਮਨਦੀਪ ਸਿੰਘ, ਜਿਸ ਨੂੰ ਵੀ ਗੋਲੀਆਂ ਲੱਗੀਆਂ ਸਨ, ਨੇ ਬਾਅਦ ਵਿੱਚ ਜਲੰਧਰ ਦੇ ਕੈਪੀਟਲ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ 3 ਨਵੰਬਰ, 2022 ਨੂੰ ਜਲੰਧਰ ਦਿਹਾਤੀ ਪੁਲਿਸ ਨੇ ਟਿੰਮੀ ਚਾਵਲਾ ਦੀ ਸ਼ਿਕਾਇਤ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੂੰ 30 ਲੱਖ ਰੁਪਏ ਦੀ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਆਈਆਂ ਹਨ, ‘ਤੇ ਕਾਰਵਾਈ ਕਰਦਿਆਂ ਭਾਰਤੀ ਦੰਡਾਵਲੀ ਦੀ ਧਾਰਾ 387 ਅਤੇ 506 ਦੇ ਤਹਿਤ ਥਾਣਾ ਨਕੋਦਰ ਸਿਟੀ ਵਿਖੇ ਐਫ.ਆਈ.ਆਰ. ਦਰਜ ਕਰਕੇ ਉਸ ਦੀ ਸੁਰੱਖਿਆ ਲਈ ਦੋ ਕਰਮਚਾਰੀ ਤੁਰੰਤ ਤਾਇਨਾਤ ਕੀਤੇ ਗਏ ਸਨ।

ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋ ਮੁੱਖ ਸਾਜ਼ਿਸ਼ਕਾਰਾਂ ਦੀ ਪਛਾਣ ਬਠਿੰਡਾ ਦੇ ਅਮਰੀਕ ਸਿੰਘ ਅਤੇ ਨਕੋਦਰ ਮਾਲੜੀ ਦੇ ਗੁਰਿੰਦਰ ਸਿੰਘ ਉਰਫ਼ ਗਿੰਦਾ ਵਜੋਂ ਕੀਤੀ ਹੈ, ਜਿਨ੍ਹਾਂ ਨੇ ਅਮਨਦੀਪ ਪੁਰੇਵਾਲ ਦੇ ਨਿਰਦੇਸ਼ਾਂ ‘ਤੇ ਰੇਕੀ ਕੀਤੀ ਅਤੇ ਸ਼ੂਟਰਾਂ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਬਾਕੀ ਦੇ ਦੋ ਸ਼ੂਟਰਾਂ ਦੀ ਪਛਾਣ ਸਤਪਾਲ ਉਰਫ਼ ਸਾਜਨ ਅਤੇ ਠਾਕੁਰ ਵਜੋਂ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਫਰਾਰ ਸ਼ੂਟਰਾਂ ਅਤੇ ਦੋਵਾਂ ਸਾਜ਼ਿਸ਼ਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

NO COMMENTS