ਪੁਲਿਸ ਦੀ ਨੌਕਰੀ ਛੱਡ ਸਿਆਸਤ ‘ਚ ਪੈਰ ਧਰਨ ਵਾਲੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਪਿਛੋਕੜ ਕੀ ਤੁਸੀਂ ਵੀ ਜਾਣੋ..?

0
125

ਸੋਸ਼ਲ ਮੀਡੀਆ ‘ਤੇ ਇਨ੍ਹਾਂ ਇਲਾਕਿਆਂ ਦੇ ਸੈਂਕੜੇ ਲੋਕ ਹਨ ਜਿਨ੍ਹਾਂ ਨੇ ਲਿਖਿਆ ਹੈ ਕਿ ‘ਉਨ੍ਹਾਂ ਦੇ ਇੱਥੇ ਕੱਲ੍ਹ ਰਾਤ ਖਾਣਾ ਨਹੀਂ ਬਣਿਆ ਅਤੇ ਉਹ ‘ਆਪਣੇ ਬੇਟੇ ਦੀ ਪੁਕਾਰ’ ‘ਤੇ ਗਾਜ਼ੀਪੁਰ ਪਹੁੰਚ ਰਹੇ ਹਨ।’

26 ਜਨਵਰੀ ਦੇ ਦਿਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਦੇ ਬਾਅਦ ਕਿਸਾਨ ਸੰਗਠਨ ਜਿਸ ਨੈਤਿਕ ਦਬਾਅ ਦਾ ਸਾਹਮਣਾ ਕਰ ਰਹੇ ਸਨ, ਉਸ ਦੇ ਅਸਰ ਨੂੰ ਗਾਜ਼ੀਪੁਰ ਦੀ ਘਟਨਾ ਨੇ ਘੱਟ ਕਰ ਦਿੱਤਾ ਹੈ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਕੱਦ ਨੂੰ ਵਧਾ ਦਿੱਤਾ ਹੈ।

ਨਵੰਬਰ 2020 ਵਿੱਚ ਜਦੋਂ ਇਸ ਅੰਦੋਲਨ ਦੀ ਸ਼ੁਰੂਆਤ ਹੋਈ, ਉਦੋਂ ਰਾਕੇਸ਼ ਟਿਕੈਤ ਦੀ ਭੂਮਿਕਾ ਬਹੁਤ ਸੀਮਤ ਦੱਸੀ ਜਾ ਰਹੀ ਸੀ। ਲੋਕ ਉਨ੍ਹਾਂ ਨੂੰ ‘ਬਿਕਾਊ’ ਕਹਿ ਰਹੇ ਸਨ ਅਤੇ ਕੁਝ ਲੋਕਾਂ ਦਾ ਮੰਨਣਾ ਸੀ ਕਿ ‘ਉਨ੍ਹਾਂ ਦੇ ਹੋਣ ਨਾਲ ਕਿਸਾਨ ਅੰਦੋਲਨ ਦਾ ਨੁਕਸਾਨ ਹੋਵੇਗਾ।’ ਪਰ ਹੁਣ ਪਰਿਸਥਿਤੀਆਂ ਬਦਲ ਚੁੱਕੀਆਂ ਹਨ।

52 ਸਾਲਾ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ‘ਦੇਸ਼ ਦਾ ਕਿਸਾਨ ਸੀਨੇ ‘ਤੇ ਗੋਲੀ ਖਾਵੇਗਾ, ਪਰ ਪਿੱਛੇ ਨਹੀਂ ਹਟੇਗਾ।’ ਉਨ੍ਹਾਂ ਇਹ ਧਮਕੀ ਵੀ ਦਿੱਤੀ ਕਿ ‘ਤਿੰਨੋਂ ਖੇਤੀ ਕਾਨੂੰਨ ਜੇਕਰ ਵਾਪਸ ਨਹੀਂ ਲਏ ਗਏ, ਤਾਂ ਉਹ ਆਤਮ ਹੱਤਿਆ ਕਰਨਗੇ, ਪਰ ਧਰਨਾ ਸਥਾਨ ਖਾਲੀ ਨਹੀਂ ਕਰਨਗੇ।’

ਉਨ੍ਹਾਂ ਦੇ ਇਸ ਤੇਵਰ ਨੇ ਲੋਕਾਂ ਨੂੰ ਨਾਮੀ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੀ ਯਾਦ ਦਿਵਾਈ, ਜਿਨ੍ਹਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦਾ ਇੱਕ ਵੱਡਾ ਇਲਾਕਾ ਸਨਮਾਨ ਨਾਲ ‘ਬਾਬਾ ਟਿਕੈਤ’ ਜਾਂ ‘ਮਹਾਤਮਾ ਟਿਕੈਤ’ ਕਹਿੰਦਾ ਹੈ।

ਤਸਵੀਰ ਕੈਪਸ਼ਨ,ਰਾਕੇਸ਼ ਟਿਕੈਤ ਦੇ ਪਿਤਾ ਅਤੇ ਕਿਸਾਨ ਆਗੂ ਮਰਹੂਮ ਮਹਿੰਦਰ ਸਿੰਘ ਟਿਕੈਤ

ਬਾਬਾ ਟਿਕੈਤ ਦੀ ਵਿਰਾਸਤ

ਮਹਿੰਦਰ ਸਿੰਘ ਟਕੈਤ ਉੱਤਰ ਪ੍ਰਦੇਸ਼ ਦੇ ਹਰਮਨ ਪਿਆਰੇ ਕਿਸਾਨ ਨੇਤਾ ਰਹੇ ਹਨ। ਉਹ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਸਨ ਅਤੇ ਲਗਭਗ 25 ਸਾਲ ਤੱਕ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਕਰਦੇ ਰਹੇ।

ਉਨ੍ਹਾਂ ਨੂੰ ਨਜ਼ਦੀਕ ਤੋਂ ਜਾਣਨ ਵਾਲੇ ਦੱਸਦੇ ਹਨ ਕਿ 1985 ਤੱਕ ਟਿਕੈਤ ਨੂੰ ਘੱਟ ਹੀ ਲੋਕ ਜਾਣਦੇ ਸਨ, ਪਰ ਉਸ ਦੇ ਬਾਅਦ ਸਥਾਨਕ ਪੱਧਰ ‘ਤੇ ਬਿਜਲੀ ਦੀਆਂ ਕੀਮਤਾਂ ਅਤੇ ਉਸ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਲੈ ਕੇ ਕੁਝ ਪ੍ਰਦਰਸ਼ਨ ਹੋਏ ਜਿਨ੍ਹਾਂ ਵਿੱਚ ਪ੍ਰਸ਼ਾਸਨ ਨਾਲ ਟਕਰਾਅ ਦੇ ਬਾਅਦ ਨੌਜਵਾਨ ਕਿਸਾਨਾਂ ਨੇ ‘ਬਾਬਾ ਟਿਕੈਤ’ ਨੂੰ ਉਨ੍ਹਾਂ ਦੀ ਅਗਵਾਈ ਕਰਨ ਦੀ ਗੁਜ਼ਾਰਿਸ਼ ਕੀਤੀ ਅਤੇ ਟਿਕੈਤ ਜ਼ਿੰਮੇਵਾਰੀ ਲੈਂਦੇ ਹੋਏ ਨੌਜਵਾਨਾਂ ਨਾਲ ਖੜ੍ਹੇ ਹੋ ਗਏ।

ਸੀਨੀਅਰ ਪੱਤਰਕਾਰ ਰਾਮਦੱਤ ਤ੍ਰਿਪਾਠੀ ਦੱਸਦੇ ਹਨ, ”ਮਹਿੰਦਰ ਸਿੰਘ ਟਿਕੈਤ ਦੀ ਸਭ ਤੋਂ ਵੱਡੀ ਤਾਕਤ ਸੀ ਕਿ ਉਹ ਅੰਤ ਤੱਕ ਧਰਮ ਨਿਰਪੱਖਤਾ ਦਾ ਪਾਲਣ ਕਰਦੇ ਰਹੇ। ਉਨ੍ਹਾਂ ਦੀ ਬਿਰਾਦਰੀ (ਜਾਟ) ਦੇ ਕਿਸਾਨਾਂ ਦੇ ਇਲਾਵਾ ਖੇਤੀ ਕਰਨ ਵਾਲੇ ਮੁਸਲਮਾਨ ਵੀ ਉਨ੍ਹਾਂ ਦੀ ਇੱਕ ਆਵਾਜ਼ ‘ਤੇ ਉੱਠ ਖੜ੍ਹੇ ਹੁੰਦੇ ਸਨ ਅਤੇ ਇਸੀ ਦੇ ਦਮ ‘ਤੇ ਉਨ੍ਹਾਂ ਨੇ ਉਸ ‘ਵਿਸ਼ੇਸ਼ ਜਗ੍ਹਾ’ ਨੂੰ ਭਰਨ ਦਾ ਕੰਮ ਕੀਤਾ ਜੋ ਕਿਸਾਨ-ਮਸੀਹਾ ਕਹੇ ਜਾਣ ਵਾਲੇ ਚੌਧਰੀ ਚਰਨ ਸਿੰਘ ਦੇ ਬਾਅਦ ਖਾਲੀ ਹੋਈ ਸੀ।”

ਖੜੀ ਬੋਲੀ ਵਿੱਚ ਗੱਲ ਕਰਨ ਵਾਲੇ ਮਹਿੰਦਰ ਸਿੰਘ ਟਿਕੈਤ ਇੱਕ ਆਮ ਕਿਸਾਨ ਸਨ ਜਿਨ੍ਹਾਂ ਦਾ ਜੀਵਨ ਆਪਣੇ ਪਿੰਡ ਵਿੱਚ ਹੀ ਗੁਜ਼ਰਿਆ, ਪਰ ਕਿਸਾਨ ਅੰਦੋਲਨਾਂ ਦੀ ਵਜ੍ਹਾ ਨਾਲ ਅਤੇ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਕਈ ਵਾਰ ਸਰਕਾਰਾਂ ਨਾਲ ਉਨ੍ਹਾਂ ਦਾ ਟਕਰਾਅ ਹੋਇਆ।

ਰਾਮਦੱਤ ਤ੍ਰਿਪਾਠੀ ਦੱਸਦੇ ਹਨ ਕਿ ”ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਨੇ ਇੱਕ ਵਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਲਿਆ ਸੀ। ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਭੇਜੀ, ਪਰ ਪੁਲਿਸ ਅਸਫਲ ਰਹੀ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ‘ਇੱਕ ਬਜ਼ੁਰਗ ਕਿਸਾਨ ਨੇਤਾ’ ਦੀ ਹਰਮਨ ਪਿਆਰਤਾ ਨੂੰ ਹਰ ਵਾਰ ਹੋਰ ਵਧਾਇਆ।”

ਮਹਿੰਦਰ ਸਿੰਘ ਟਿਕੈਤ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ, ਉਦੋਂ 1988 ਵਿੱਚ ਦਿੱਲੀ ਦੇ ਬੋਟ ਕਲੱਬ ਵਿੱਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। ਇਸ ਪ੍ਰਦਰਸ਼ਨ ਦੇ ਬਾਅਦ ਬੋਟ ਕਲੱਬ ਦੇ ਨਜ਼ਦੀਕ ਪ੍ਰਦਰਸ਼ਨ ਕਰਨ ‘ਤੇ ਹੀ ਰੋਕ ਲਗਾ ਦਿੱਤੀ ਗਈ ਸੀ।

ਉਸ ਨੂੰ ਯਾਦ ਕਰਦੇ ਹੋਏ ਰਾਮਦੱਤ ਤ੍ਰਿਪਾਠੀ ਕਹਿੰਦੇ ਹਨ, ”ਇੱਕ ਅਨੁਮਾਨ ਦੇ ਮੁਤਾਬਕ ਪੰਜ ਲੱਖ ਕਿਸਾਨ ਦਿੱਲੀ ਚਲੇ ਆਏ ਸਨ। ਕੁੜਤਾ-ਧੋਤੀ ਪਹਿਨੇ ਹੋਏ ਕਿਸਾਨਾਂ ਦੀ ਇੱਕ ਪੂਰੀ ਫ਼ੌਜ ਬੋਟ ਕਲੱਬ ‘ਤੇ ਇਕੱਠੀ ਹੋ ਗਈ ਸੀ ਜਿਨ੍ਹਾਂ ਦੀ ਅਗਵਾਈ ਕਰ ਰਹੇ ਲੋਕਾਂ ਵਿੱਚ ਬਾਬਾ ਟਿਕੈਤ ਇੱਕ ਮੁੱਖ ਚਿਹਰਾ ਸਨ।”

”ਦਿੱਲੀ ਦੇ ਸ਼ਹਿਰੀ ਇਸ ਤੋਂ ਜ਼ਰਾ ਚਿੜ੍ਹਦੇ ਸਨ ਕਿਉਂਕਿ ਕਿਸਾਨਾਂ ਨੇ ਉਨ੍ਹਾਂ ਦੀ ਆਈਸਕ੍ਰੀਮ ਖਾਣ ਅਤੇ ਘੁੰਮਣ ਦੀ ਜਗ੍ਹਾ ‘ਤੇ ਕਬਜ਼ਾ ਕਰ ਲਿਆ ਸੀ, ਪਰ ਉਦੋਂ ਸਰਕਾਰ ਹੁਣ ਦੀ ਤੁਲਨਾ ਵਿੱਚ ਥੋੜ੍ਹੀ ਲਚਕੀਲੀ ਸੀ ਅਤੇ ਵਿਭਿੰਨ ਪੱਖਾਂ ਨੂੰ ਸੁਣਿਆ ਜਾਂਦਾ ਸੀ। ਪਰ ਹੁਣ ਸਥਿਤੀ ਅਲੱਗ ਹੈ ਅਤੇ ਇਸ ਲਈ ਰਾਕੇਸ਼ ਟਿਕੈਤ ਅਤੇ ਮੌਜੂਦਾ ਕਿਸਾਨ ਅੰਦੋਲਨ ਦੇ ਸਾਹਮਣੇ ਚੁਣੌਤੀਆਂ ਜ਼ਿਆਦਾ ਹਨ।”

ਤਸਵੀਰ ਕੈਪਸ਼ਨ,ਦਿੱਲੀ ਪੁਲਿਸ ਨੇ ਰਾਕੇਸ਼ ਟਿਕੈਤ ਦੇ ਟੈਂਟ ਦੇ ਬਾਹਰ ਇੱਕ ਨੋਟਿਸ ਲਾ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਤੋਂ ਲਾਲ ਕਿਲੇ ਦੀ ਹਿੰਸਾ ਬਾਰੇ ਜਵਾਬ ਦੇਣ ਨੂੰ ਕਿਹਾ ਹੈ

ਰਾਕੇਸ਼ ਟਿਕੈਤ ਭਾਵੁਕ ਕਿਉਂ ਹੋਏ?

ਟਿਕੈਤ ਪਰਿਵਾਰ ਮੂਲ ਰੂਪ ਨਾਲ ਖੇਤੀ ਕਰਨ ਵਾਲਾ ਪਰਿਵਾਰ ਹੈ। ਮਹਿੰਦਰ ਸਿੰਘ ਟਿਕੈਤ ਦੇ ਛੋਟੇ ਭਰਾ ਭੁਪਾਲ ਸਿੰਘ ਦਿੱਲੀ ਵਿੱਚ ਅਧਿਆਪਕ ਸਨ ਅਤੇ ਪਿੰਡ ਵਿੱਚ ਖੇਤੀ ਦਾ ਕੰਮ ਟਿਕੈਤ ਸੰਭਾਲਦੇ ਰਹੇ।

ਟਿਕੈਤ ਦੇ ਘਰ ਚਾਰ ਲੜਕੇ ਅਤੇ ਤਿੰਨ ਲੜਕੀਆਂ ਪੈਦਾ ਹੋਈਆਂ। ਇਨ੍ਹਾਂ ਵਿੱਚ ਨਰੇਸ਼ ਟਿਕੈਤ, ਜਿਨ੍ਹਾਂ ਨੂੰ ਜਵਾਨੀ ਵਿੱਚ 100 ਅਤੇ 200 ਮੀਟਰ ਰੇਸ ਦਾ ਚੈਂਪੀਅਨ ਕਿਹਾ ਜਾਂਦਾ ਸੀ, ਉਹ ਸਭ ਤੋਂ ਵੱਡੇ ਹਨ।

ਨਰੇਸ਼ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਹਨ ਅਤੇ ਇਲਾਕੇ ਦੀ ਇੱਕ ਵੱਡੀ ਖਾਪ ਪੰਚਾਇਤ ‘ਬਾਲੀਆਨ ਖਾਪ’ ਦੇ ਮੁਖੀ ਵੀ ਹਨ। ਬਾਲੀਆਨ ਖਾਪ ਵਿੱਚ ਮੁਜ਼ੱਫਰਨਗਰ ਜ਼ਿਲ੍ਹੇ ਦੇ 80 ਤੋਂ ਜ਼ਿਆਦਾ ਪਿੰਡ ਸ਼ਾਮਲ ਹਨ।

ਉਨ੍ਹਾਂ ਦੇ ਬਾਅਦ ਰਾਕੇਸ਼ ਟਿਕੈਤ ਹਨ ਜਿਨ੍ਹਾਂ ਦਾ ਜਨਮ 4 ਜੂਨ 1969 ਨੂੰ ਮੁਜ਼ੱਫਰਨਗਰ ਜ਼ਿਲ੍ਹੇ ਦੇ ਸਿਸੌਲੀ ਪਿੰਡ ਵਿੱਚ ਹੋਇਆ। ਇਹ ਟਿਕੈਤ ਪਰਿਵਾਰ ਦਾ ਜ਼ੱਦੀ ਪਿੰਡ ਹੈ।

ਰਾਕੇਸ਼ ਟਿਕੈਤ ਨੇ ਐੱਮਏ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਕੋਲ ਵਕਾਲਤ ਦੀ ਡਿਗਰੀ ਵੀ ਦੱਸੀ ਜਾਂਦੀ ਹੈ। ਉਹ ਭਾਰਤੀ ਕਿਸਾਨ ਯੂਨੀਅਨ ਦੇ ਮੌਜੂਦਾ ਰਾਸ਼ਟਰੀ ਬੁਲਾਰੇ ਹਨ ਅਤੇ ਉਨ੍ਹਾਂ ਦਾ ਸੰਗਠਨ ਕਿਸਾਨਾਂ ਦੇ ਸੰਯੁਕਤ ਮੋਰਚੇ ਵਿੱਚ ਵੀ ਸ਼ਾਮਲ ਹੈ।

ਤੀਜੇ ਅਤੇ ਚੌਥੇ ਨੰਬਰ ‘ਤੇ ਹੈ ਨਰਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਜੋ ਸਥਾਨਕ ਸ਼ੂਗਰ ਮਿੱਲਾਂ ਵਿੰਚ ਕੰਮ ਕਰਦੇ ਹਨ ਅਤੇ ਖੇਤੀ ਦਾ ਕੰਮ ਸੰਭਾਲਦੇ ਹਨ।

ਟਿਕੈਤ ਭਰਾਵਾਂ ਨੇ ਲੰਘੇ ਦੋ ਦਹਾਕਿਆਂ ਵਿੱਚ ਆਪਣੀ ਖੇਤੀ ਦੀ ਜ਼ਮੀਨ ਅਤੇ ਪਛਾਣ, ਦੋਵੇਂ ਹੀ ਵਧਾ ਲਏ ਹਨ, ਪਰ ਚਾਰੋਂ ਭਰਾਵਾਂ ਵਿੱਚ ਨਰੇਸ਼ ਅਤੇ ਰਾਕੇਸ਼ ਟਿਕੈਤ ਦੀ ਜਨਤਕ ਪਛਾਣ ਬਾਕੀਆਂ ਤੋਂ ਜ਼ਿਆਦਾ ਮਜ਼ਬੂਤ ਹੈ। ਟਿਕੈਤ ਪਰਿਵਾਰ ਮੁਤਾਬਕ ਇਹ ਦੋਵੇਂ ਹੀ ਸਰਕਾਰੀ ਨੌਕਰੀਆਂ ਲਈ ਚੁਣੇ ਗਏ, ਪਰ ਦੋਵਾਂ ਨੇ ਹੀ ਖੇਤੀ ਨਾਲ ਜੁੜੇ ਰਹਿ ਕੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਲੈ ਜਾਣ ਦਾ ਫੈਸਲਾ ਕੀਤਾ।

ਰਾਕੇਸ਼ ਟਿਕੈਤ ਦੇ ਛੋਟੇ ਭਰਾ ਸੁਰਿੰਦਰ ਟਿਕੈਤ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ‘ਉਨ੍ਹਾਂ ਨੂੰ ਟੀਵੀ ‘ਤੇ ਇਸ ਤਰ੍ਹਾਂ ਪਰੇਸ਼ਨ ਹੁੰਦਾ ਦੇਖ ਕੇ ਪਰਿਵਾਰ ਅਤੇ ਪੂਰਾ ਪਿੰਡ ਬੇਚੈਨ ਜ਼ਰੂਰ ਹੋਇਆ, ਪਰ ਡਰ ਦਾ ਭਾਵ ਕਿਸੇ ਦੇ ਚਿਹਰੇ ‘ਤੇ ਨਹੀਂ ਸੀ।”

ਉਨ੍ਹਾਂ ਨੇ ਕਿਹਾ ਕਿ ‘ਜੋ ਸ਼ਖ਼ਸ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਨਾਲ 43 ਵਾਰ ਜੇਲ੍ਹ ਜਾ ਚੁੱਕਿਆ ਹੈ, ਉਸ ਨੂੰ 44ਵੀਂ ਵਾਰ ਜੇਲ੍ਹ ਜਾਂਦੇ ਦੇਖਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ, ਪਰ ਅਸੀਂ ਇਸ ਪਰਿਸਥਿਤੀ ਦਾ ਸਾਹਮਣਾ ਪਹਿਲਾਂ ਨਹੀਂ ਕੀਤਾ ਸੀ।’

ਟਿਕੈਤ ਦੇ ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਫਸ ਚੁੱਕੇ ਹਨ। ਜੇਕਰ ਉਹ ਗਾਜ਼ੀਪੁਰ ਤੋਂ ਉੱਠਦੇ ਹਨ ਤਾਂ ਉਨ੍ਹਾਂ ਖਿਲਾਫ਼ ਕੇਸ ਤਿਆਰ ਹੈ। ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਧਰਨਾ ਸਥਾਨ ਖਾਲੀ ਕਰਵਾ ਲਿਆ ਜਾਵੇਗਾ।

ਨਰੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਵੀ ਸੀ ਕਿ ਗਾਜ਼ੀਪੁਰ ਬਾਰਡਰ ਖਾਲੀ ਕਰ ਦੇਣਾ ਚਾਹੀਦਾ ਹੈ, ਉੱਥੇ ਸਿੰਘੂ ਬਾਰਡਰ ‘ਤੇ ਡਟੇ ਪੰਜਾਬ ਦੇ ਕਿਸਾਨ ਸੰਗਠਨ ਟਿਕੈਤ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੇ ਹੋਏ ਸਨ ਕਿ ਕਿਧਰੇ ਵੀਐੱਮ ਸਿੰਘ ਅਤੇ ਭਾਨੂ ਪ੍ਰਤਾਪ ਵਰਗੇ ਨੇਤਾਵਾਂ ਦੀ ਤਰ੍ਹਾਂ ਉਹ ਵੀ ਅਲੱਗ ਹੋਣ ਦਾ ਵਿਚਾਰ ਤਾਂ ਨਹੀਂ ਕਰ ਰਹੇ। ਅਜਿਹੇ ਵਿੱਚ ਉਨ੍ਹਾਂ ਕੋਲ ਸਮਰਥਨ ਦੀ ਅਪੀਲ ਕਰਨ ਦਾ ਹੀ ਵਿਕਲਪ ਬਚਿਆ ਸੀ।”

ਰਾਕੇਸ਼ ਟਿਕੈਤ ਦੇ ਹਮਾਇਤੀ ਇਸ ਥਿਓਰੀ ਵਿੱਚ ਵਿਸ਼ਵਾਸ ਨਹੀਂ ਰੱਖਦੇ।

ਉਨ੍ਹਾਂ ਦੇ ਭਰਾ ਸੁਰਿੰਦਰ ਟਿਕੈਤ ਅਨੁਸਾਰ, ‘ਗਾਜ਼ੀਪੁਰ ‘ਤੇ ਬੈਠੇ ਹਜ਼ਾਰਾਂ ਕਿਸਾਨਾਂ ਦੀ ਜ਼ਿੰਮੇਵਾਰੀ ਯੂਨੀਅਨ ਦੀ ਹੈ। ਵੀਰਵਾਰ ਨੂੰ ਜਦੋਂ ਬੀਜੇਪੀ ਦੇ ਦੋ ਨੇਤਾ ਆਪਣੇ ਕੁਝ ਵਰਕਰਾਂ ਨਾਲ ਧਰਨਾ ਸਥਾਨ ‘ਤੇ ਪਹੁੰਚੇ ਤਾਂ ਉਨ੍ਹਾਂ ਦਾ ਨਿਸ਼ਾਨਾ ਰਾਕੇਸ਼ ਟਿਕੈਤ ਨਹੀਂ ਸਨ, ਬਲਕਿ ਉਹ ਇਸ ਇੰਤਜ਼ਾਰ ਵਿੱਚ ਸਨ ਕਿ ਟਿਕੈਤ ਗ੍ਰਿਫ਼ਤਾਰੀ ਦੇਣ, ਪੁਲਿਸ ਧਰਨਾ ਸਥਾਨ ਨੂੰ ਖਾਲੀ ਕਰਾਏ ਅਤੇ ਉਹ ਉੱਤਰ ਪ੍ਰਦੇਸ਼-ਉਤਰਾਖੰਡ ਦੀ ਸੀਮਾ ‘ਤੇ ਸਥਿਤ ਤਰਾਈ ਖੇਤਰ ਤੋਂ ਆਏ ਸਾਡੇ ਸਹਿਯੋਗੀ ਸਰਦਾਰ ਕਿਸਾਨਾਂ ਅਤੇ ਉਨ੍ਹਾਂ ਨਾਲ ਆਈਆਂ ਔਰਤਾਂ ਨੂੰ ਦੇਸ਼ਧ੍ਰੋਹੀ ਦੱਸ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ। ਇਸ ਵਜ੍ਹਾ ਨਾਲ ਟਿਕੈਤ ਭਾਵੁਕ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਕੁੱਟਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।”

ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਬੀਜੇਪੀ ਦੇ ਕਿਸੇ ਨੇਤਾ ਦਾ ਨਾਂ ਲਏ ਬਿਨਾਂ ਇਹ ਦੋਸ਼ ਲਗਾਇਆ ਸੀ, ਪਰ ਦੂਜੇ ਪਾਸੇ ਬੀਜੇਪੀ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ।

ਦਿੱਲੀ ਪੁਲਿਸ ਦੀ ਨੌਕਰੀ ਛੱਡ ਕੇ ਬਣੇ ਕਿਸਾਨ ਨੇਤਾ

ਰਾਕੇਸ਼ ਟਿਕੈਤ ਦੇ ਭਾਣਜੇ ਦੇਵੇਂਦਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ”ਮੈਨੂੰ ਆਪਣੇ ਮਾਮੇ ਵਿੱਚ ਹੁਣ ਨਾਨਾ ਜੀ (ਮਹਿੰਦਰ ਸਿੰਘ ਟਿਕੈਤ) ਦਾ ਅਕਸ ਦਿਖਣ ਲੱਗਿਆ ਹੈ।”

ਉਨ੍ਹਾਂ ਦੀਆਂ ਕੁਝ ਆਦਤਾਂ ਦਾ ਜ਼ਿਕਰ ਕਰਦੇ ਹੋਏ ਦੇਵੇਂਦਰ ਸਿੰਘ ਨੇ ਕਿਹਾ, ”ਉਹ ਪੂਰਨ ਰੂਪ ਨਾਲ ਸ਼ਾਕਾਹਾਰੀ ਹਨ। ਲਗਭਗ ਪੰਦਰਾਂ ਸਾਲਾਂ ਤੋਂ ਪੈਕਡ ਚੀਜ਼ਾਂ ਦਾ ਸੇਵਨ ਨਹੀਂ ਕਰਦੇ। ਘਰ ਵਿੱਚ ਵੀ ਸਭ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਕਹਿੰਦੇ ਰਹਿੰਦੇ ਹਨ।”

“ਉਹ ਕਈ ਤਰ੍ਹਾਂ ਦੇ ਵਰਤ ਰੱਖਦੇ ਹਨ। ਬਿਨਾਂ ਪਾਣੀ ਪੀਤੇ 48 ਘੰਟੇ ਤੱਕ ਰਹਿ ਲੈਂਦੇ ਹਨ। ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਉਹ 75 ਸਾਲ ਦੀ ਉਮਰ ਤੱਕ ਬਲੱਡ ਡੋਨੇਟ ਕਰਦੇ ਰਹਿਣਗੇ। ਅਜੇ ਉਹ ਸਾਲ ਵਿੱਚ ਚਾਰ ਵਾਰ ਤੱਕ ਬਲੱਡ ਡੋਨੇਟ ਕਰਦੇ ਹਨ ਅਤੇ ਉਹ ਬਹੁਤ ਇਮੋਸ਼ਨਲ ਹਨ।”

ਉਨ੍ਹਾਂ ਨੇ ਜ਼ਿਕਰ ਕੀਤਾ ਕਿ ‘ਉਨ੍ਹਾਂ ਦੀ ਕਿਸਾਨ ਰਾਜਨੀਤੀ ਵਿੱਚ ਐਂਟਰੀ ਦੀ ਕਹਾਣੀ ਵੀ ਆਮ ਨਹੀਂ ਹੈ।”

ਤਸਵੀਰ ਕੈਪਸ਼ਨ,ਰਾਕੇਸ਼ ਟਿਕੈਤ

ਉਨ੍ਹਾਂ ਨੇ ਦੱਸਿਆ ਕਿ ‘ਰਾਕੇਸ਼ ਟਿਕੈਤ ਸਾਲ 1985 ਵਿੱਚ ਦਿੱਲੀ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ। ਕੁਝ ਸਮੇਂ ਬਾਅਦ ਪ੍ਰਮੋਸ਼ਨ ਹੋਈ ਅਤੇ ਉਹ ਸਬ ਇੰਸਪੈਕਟਰ ਬਣ ਗਏ। ਪਰ ਉਸੀ ਦੌਰ ਵਿੱਚ ਬਾਬਾ ਟਿਕੈਤ ਦਾ ਅੰਦੋਲਨ ਆਪਣੇ ਸਿਖਰ ‘ਤੇ ਸੀ। ਉਹ ਕਿਸਾਨਾਂ ਲਈ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕਰ ਰਹੇ ਸਨ।”

“ਸਰਕਾਰ ਉਨ੍ਹਾਂ ਤੋਂ ਪਰੇਸ਼ਾਨ ਸੀ ਕਿਉਂਕਿ ਉਨ੍ਹਾਂ ਨੂੰ ਵੱਡਾ ਜਨ ਸਮਰਥਨ ਪ੍ਰਾਪਤ ਸੀ। ਉਸੀ ਸਮੇਂ ਰਾਕੇਸ਼ ਟਿਕੈਤ ‘ਤੇ ਆਪਣੇ ਪਿਤਾ ਦੇ ਅੰਦੋਲਨ ਨੂੰ ਖਤਮ ਕਰਾਉਣ ਦਾ ਦਬਾਅ ਬਣਾਇਆ ਗਿਆ, ਪਰ ਰਾਕੇਸ਼ ਟਿਕੈਤ ਨੇ ਨੌਕਰੀ ਛੱਡ ਕੇ ਪਿਤਾ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।”

ਰਾਜਨੀਤੀ ਕਰਨ ਦੀ ਇੱਛਾ

ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਇੱਕ ਲੰਬੀ ਬਿਮਾਰੀ ਦੇ ਬਾਅਦ 2011 ਵਿੱਚ ਮੌਤ ਹੋਈ। ਉਨ੍ਹਾਂ ਨੇ ਆਪਣੇ ਦੌਰ ਵਿੱਚ ਕਿਸਾਨਾਂ ਲਈ ਕਈ ਮੋਰਚੇ ਖੋਲ੍ਹੇ। ਉਨ੍ਹਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਕਿ ਉਹ ਰਾਜਨੀਤੀ ਤੋਂ ਦੂਰ ਰਹਿਣ। ਉਹ ਵਾਰ ਵਾਰ ਇਸ ਗੱਲ ‘ਤੇ ਜ਼ੋਰ ਦਿੰਦੇ ਰਹੇ ਕਿ ਉਹ ਕਿਸਾਨਾਂ ਦੇ ਇੱਕ ਸਮਾਜਿਕ ਸੰਗਠਨ ਦੀ ਅਗਵਾਈ ਕਰਦੇ ਹਨ।

ਪਰ ਉਨ੍ਹਾਂ ਦੇ ਬੇਟੇ ਰਾਕੇਸ਼ ਟਿਕੈਤ ਨੇ ਰਾਜਨੀਤੀ ਤੋਂ ਪਰਹੇਜ਼ ਨਹੀਂ ਰੱਖਿਆ। ਸਾਲ 2007 ਵਿੱਚ ਪਹਿਲੀ ਵਾਰ ਉਨ੍ਹਾਂ ਨੇ ਮੁਜ਼ੱਫਰਨਗਰ ਦੀ ਬੁਢਾਣਾ ਵਿਧਾਨ ਸਭਾ ਸੀਟ ਤੋਂ ਆਜ਼ਾਦ ਚੋਣ ਲੜੀ ਜਿਸ ਨੂੰ ਉਹ ਹਾਰ ਗਏ ਸਨ। ਉਸ ਦੇ ਬਾਅਦ ਟਿਕੈਤ ਨੇ 2014 ਵਿੱਚ ਅਮਰੋਹਾ ਲੋਕ ਸਭਾ ਖੇਤਰ ਤੋਂ ਚੌਧਰੀ ਚਰਨ ਸਿੰਘ ਦੀ ਪਾਰਟੀ ਰਾਸ਼ਟਰੀ ਲੋਕ ਦਲ ਦੇ ਟਿਕਟ ‘ਤੇ ਚੋਣ ਲੜੀ, ਪਰ ਉੱਥੇ ਵੀ ਉਨ੍ਹਾਂ ਦੀ ਬੁਰੀ ਹਾਰ ਹੋਈ।

ਉਨ੍ਹਾਂ ਨੂੰ ਨਜ਼ਦੀਕ ਤੋਂ ਜਾਣਨ ਵਾਲੇ ਕਹਿੰਦੇ ਹਨ ਕਿ ‘ਰਾਕੇਸ਼ ਨੂੰ ਇਹ ਪਤਾ ਹੈ ਕਿ ਉਨ੍ਹਾਂ ਦੀਆਂ ਦੋ ਤਾਕਤਾਂ ਹਨ। ਇੱਕ ਹੈ ਕਿਸਾਨਾਂ ਦਾ ਕਾਡਰ ਅਤੇ ਦੂਜਾ ਹੈ ‘ਖਾਪ’ ਨਾਂ ਦੇ ਸਮਾਜਿਕ ਸੰਗਠਨ ਜਿਸ ਵਿੱਚ ਟਿਕੈਤ ਪਰਿਵਾਰ ਦੀ ਕਾਫ਼ੀ ਇੱਜ਼ਤ ਹੈ।’

ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਵੱਡੇ ਭਰਾ ਨਰੇਸ਼ ਟਿਕੈਤ ਇਸ ਲਈ ਪ੍ਰਧਾਨ ਹਨ ਕਿਉਂਕਿ ਉਹ ਵੱਡੇ ਹਨ, ਉਂਜ ਤਾਂ ਸੰਗਠਨ ਦੇ ਜ਼ਿਆਦਾਤਰ ਫੈਸਲੇ ਰਾਕੇਸ਼ ਟਿਕੈਤ ਹੀ ਲੈਂਦੇ ਹਨ। ਲੰਘੇ ਸਮੇਂ ਵਿੱਚ ਜਿਵੇਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਭਾਵ ਵਧਿਆ ਹੈ, ਰਾਕੇਸ਼ ਟਿਕੈਤ ਨੂੰ ਖੇਤਰੀ ਰਾਜਨੀਤੀ ‘ਤੇ ਆਪਣਾ ਪ੍ਰਭਾਵ ਸਾਬਤ ਕਰਦੇ ਦੇਖਿਆ ਗਿਆ ਹੈ।

ਸਾਲ 2019 ਦੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਲੈ ਕੇ ਰਾਕੇਸ਼ ਟਿਕੈਤ ਦਿੱਲੀ ਗੇਟ ਤੱਕ ਆ ਗਏ ਸਨ। ਉਸ ਸਮੇਂ ਵੀ ਕਿਸਾਨਾਂ ਅਤੇ ਪੁਲਿਸ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ ਸੀ।

ਉਸ ਸਮੇਂ ਟਿਕੈਤ ਦੇ ਆਲੋਚਕਾਂ ਨੇ ਕਿਹਾ ਸੀ ਕਿ ‘ਭੋਲੇ-ਭਾਲੇ ਕਿਸਾਨਾਂ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਇਹ ਸਟੰਟ ਆਪਣੀਆਂ ਰਾਜਨੀਤਕ ਖਹਾਇਸ਼ਾਂ ਨੂੰ ਪੂਰਾ ਕਰਨ ਲਈ ਕੀਤਾ ਜਿਸ ਦਾ ਕਿਸਾਨਾਂ ਦੇ ਹਿੱਤ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ।

‘2019 ਵਿੱਚ ਬੀਜੇਪੀ ਨੂੰ ਵੋਟ ਦਿੱਤੀ’

ਬਾਲੀਆਨ ਖਾਪ ਦਾ ਮੈਂਬਰ ਹੋਣ ਦੇ ਨਾਤੇ ਬੀਜੇਪੀ ਦੇ ਨੇਤਾ ਅਤੇ ਕੇਂਦਰੀ ਮੰਤਰੀ ਰਹੇ ਸੰਜੀਵ ਬਾਲੀਆਨ ਨਾਲ ਟਿਕੈਤ ਪਰਿਵਾਰ ਦੇ ਪਰਿਵਾਰਕ ਸਬੰਧ ਹਨ। ਸੁਰਿੰਦਰ ਟਿਕੈਤ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਇਸ ਦੀ ਪੁਸ਼ਟੀ ਕੀਤੀ।

ਪਰ ਕੀ ਕੱਲ੍ਹ ਦਾ ਵੀਡਿਓ ਦੇਖਣ ਦੇ ਬਾਅਦ ਸੰਜੀਵ ਬਾਲੀਆਨ ਨੇ ਪਰਿਵਾਰ ਲਈ ਕੋਈ ਸੰਦੇਸ਼ ਭੇਜਿਆ? ਇਸ ‘ਤੇ ਸੁਰਿੰਦਰ ਟਿਕੈਤ ਨੇ ਨਾਂਹ ਵਿੱਚ ਜਵਾਬ ਦਿੱਤਾ।

ਪਰ ਰਾਸ਼ਟਰੀ ਲੋਕ ਦਲ ਦੇ ਨੇਤਾ ਜਯੰਤ ਚੌਧਰੀ ਜ਼ਰੀਏ ਚੌਧਰੀ ਅਜਿਤ ਸਿੰਘ ਦਾ ਸੰਦੇਸ਼ ਟਿਕੈਤ ਪਰਿਵਾਰ ਤੱਕ ਜ਼ਰੂਰ ਪਹੁੰਚਿਆ। ਚੌਧਰੀ ਅਜਿਤ ਸਿੰਘ ਨੇ ਕਿਹਾ, “ਇਹ ਸਭ ਦੇ ਇੱਕ ਹੋਣ ਅਤੇ ਇਕੱਠੇ ਰਹਿਣ ਦਾ ਸਮਾਂ ਹੈ।”

ਅਜਿਤ ਸਿੰਘ ਦੀ ਪਾਰਟੀ ਰਾਸ਼ਟਰੀ ਲੋਕ ਦਲ ਨਾਲ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਅਲੱਗ ਹੋਣਾ ਕਿਸ ਤੋਂ ਛੁਪਿਆ ਨਹੀਂ ਹੈ।

ਕੁਝ ਜਾਣਕਾਰ ਮੰਨਦੇ ਹਨ ਕਿ ਅਜਿਤ ਸਿੰਘ ਦਾ ਪਰਿਵਾਰ ਟਿਕੈਤ ਪਰਿਵਾਰ ਨੂੰ ਬਿਰਾਦਰੀ ਵਿੱਚ ਆਪਣਾ ਵਿਰੋਧੀ ਮੰਨਦਾ ਹੈ।

ਉੱਥੇ ਹੀ ਜ਼ਿਲ੍ਹਾ ਮੁਜ਼ੱਫਰਨਗਰ ਦੇ ਲੋਕ ਚੌਧਰੀ ਚਰਨ ਸਿੰਘ ਦੇ ਵਾਰਿਸ ਚੌਧਰੀ ਅਜਿਤ ਸਿੰਘ ਦੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਜੀਵ ਬਾਲੀਆਨ ਤੋਂ ਹਾਰਨ ਦੀ ਇੱਕ ਵੱਡੀ ਵਜ੍ਹਾ ਰਾਕੇਸ਼ ਟਿਕੈਤ ਨੂੰ ਮੰਨਦੇ ਹਨ ਅਤੇ ਵੀਰਵਾਰ ਨੂੰ ਰੋਂਦੇ ਹੋਏ ਰਾਕੇਸ਼ ਟਿਕੈਤ ਨੇ ਇਸ ਦੀ ਪੁਸ਼ਟੀ ਵੀ ਕੀਤੀ।

ਉਨ੍ਹਾਂ ਨੇ ਕਿਹਾ, ”ਮੈਂ ਵੀ 2019 ਵਿੱਚ ਬੀਜੇਪੀ ਨੂੰ ਵੋਟ ਦਿੱਤੀ ਸੀ। ਕੀ ਇਸ ਦਿਨ ਲਈ? ਇਹ ਪਾਰਟੀ ਕਿਸਾਨਾਂ ਨੂੰ ਬਰਬਾਦ ਕਰਨ ‘ਤੇ ਲੱਗੀ ਹੋਈ ਹੈ।”

ਬਹਰਹਾਲ, ਕੇਂਦਰ ਸਰਕਾਰ ਤਹਿਤ ਆਉਣ ਵਾਲੀ ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਬਾਅਦ ਰਾਕੇਸ਼ ਟਿਕੈਤ ਖਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ ਅਤੇ ਦਿੱਲੀ ਪੁਲਿਸ ਨੇ ਆਪਣੇ ਨੋਟਿਸ ਵਿੱਚ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦੇ ਖਿਲਾਫ਼ ਐੱਫਆਈਆਰ ਕਿਉਂ ਨਾ ਕੀਤੀ ਜਾਵੇ?

ਉੱਥੇ ਰਾਕੇਸ਼ ਟਿਕੈਤ ਜੋ ਗਾਜ਼ੀਪੁਰ ਬਾਰਡਰ ‘ਤੇ ਜਮੇ ਹੋਏ ਹਨ, ਉਨ੍ਹਾਂ ਨੇ ਕਿਹਾ ਕਿ ‘ਉਹ ਜਲਦੀ ਹੀ ਸਭ ਸਬੂਤਾਂ ਨਾਲ ਦਿੱਲੀ ਪੁਲਿਸ ਨੂੰ ਜਵਾਬ ਦੇਣਗੇ।’

Copyright From BBC PUNAJBI

NO COMMENTS