ਚੰਡੀਗੜ੍ਹ, 27 ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ) :ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸੂਬੇ ਵਿੱਚ ਵਿਕਾਸ ਦੇ ਪਹੀਏ ਨੂੰ ਚਲਦਾ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਨਾਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਘਰ ਘਰ ਨੌਕਰੀ ਯੋਜਨਾ ਦੇ ਲਾਗੂ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਏ ਵੇਣੂੰ ਪ੍ਰਸ਼ਾਦ ਨੇ ਦੱਸਿਆ ਕਿ ਖਪਤਕਾਰਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਪਿਛਲੇ 4 ਸਾਲਾਂ ਵਿੱਚ 10378 ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ 17 ਵੱਖ ਵੱਖ ਸ਼੍ਰੇਣੀਆਂ ਦੇ 7866 ਤਕਨੀਕੀ ਕਰਮਚਾਰੀਆਂ ਅਤੇ 10 ਵੱਖ-ਵੱਖ ਸ਼੍ਰੇਣੀਆਂ ਦੇ 2512 ਗੈਰ ਤਕਨੀਕੀ ਕਰਮਚਾਰੀਆਂ ਨੂੰ ਨੌਕਰੀਆਂ ਦਿੱਤੀਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਹਾਲ ਹੀ ਵਿੱਚ ਪੀ.ਐਸ.ਪੀ.ਸੀ.ਐਲ. ਵੱਲੋਂ 1700 ਸਹਾਇਕ ਲਾਈਨਮੈਨਾਂ ਸਮੇਤ 5 ਵੱਖ-ਵੱਖ ਸ਼੍ਰੇਣੀਆਂ ਦੀਆਂ 2632 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਅਸਾਮੀਆਂ `ਤੇ ਨਿਯੁਕਤੀ ਲਈ ਭਰਤੀ ਪ੍ਰਕਿਰਿਆ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਜਨਵਰੀ 2017 ਤੋਂ ਬਿਜਲੀ ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ 1406 ਵਾਰਿਸਾਂ ਨੂੰ ਨੌਕਰੀ ਦਿੱਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 1112 ਵਾਰਿਸਾਂ ਨੂੰ ਗਰੁੱਪ ‘ਡੀ’ ਅਤੇ 294 ਨੂੰ ਗਰੁੱਪ ‘ਸੀ’ ਦੀ ਨੌਕਰੀ ਦਿੱਤੀ ਗਈ ਹੈ। .ਸੀ.ਐਮ.ਡੀ. ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤ ਕਰਮਚਾਰੀ ਪੀ.ਐਸ.ਪੀ.ਸੀ.ਐਲ. ਵਿੱਚ ਸੇਵਾ ਨਿਭਾਉਣ ਦੇ ਨਾਲ ਨਾਲ ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਵੀ ਯੋਗਦਾਨ ਪਾ ਰਹੇ ਹਨ।—————-