*ਪੀਣ ਵਾਲੇੇ ਸਾਫ ਪਾਣੀ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉੱਤਮ ਕਾਰਜ ਸਦਕਾ ਜ਼ਿਲ੍ਹਾ ਮਾਨਸਾ ਨੂੰ ਮਿਲਿਆ ‘ਜਲ ਜੀਵਨ ਅਵਾਰਡ-2022’*

0
22

ਮਾਨਸਾ, 03 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ )  : ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ 02 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ ਮੌਕੇ ਭਾਰਤ ਦੇ ਵੱਖ ਵੱਖ ਜ਼ਿਲਿ੍ਹਆਂ ਨੂੂੰ ਜਲ ਜੀਵਨ ਅਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਮਾਨਸਾ ਨੂੰ ਮਿਲਿਆ ਇਹ ਅਵਾਰਡ ਅਤੇ ਸਨਮਾਨ ਪੱਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਨੇ ਵਿਗਿਆਨ ਭਵਨ, ਦਿੱਲੀ ਪਹੁੰਚ ਕੇ ਪ੍ਰਾਪਤ ਕੀਤਾ। ਇਹ ਅਵਾਰਡ ਕੇਂਦਰ ਦੇ ਡਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਮੰਤਰੀ ਸ੍ਰੀ ਗਜ਼ੇਂਦਰ ਸਿੰਘ ਸ਼ੇਖ਼ਾਵਤ ਵੱਲੋਂ ਦਿੱਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਕੇਂਦਰ ਦੇ ਡਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਵਿੰਨੀ ਮਹਾਜਨ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਵਿਚ ਸਵੱਛ ਅਤੇ ਸਾਫ ਪੀਣ ਯੋਗ ਪਾਣੀ ਪੂਰੀ ਮਾਤਰਾ ਵਿਚ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕਾਰਜ ਵਿਚ ਉੱਤਮ ਯਤਨ ਕਰਕੇ ਵਧੀਆ ਕੰਮ ਕਰਨ ਵਾਲੇ ਜ਼ਿਲਿ੍ਹਆਂ ਨੂੰ ਸਨਮਾਨਤ ਕਰਨ ਲਈ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਲ ਜੀਵਨ ਮਿਸ਼ਨ ਤਹਿਤ ਵੱਧ ਤੋਂ ਵੱਧ ਘਰਾਂ ਤੱਕ ਟੂਟੀਆਂ ਰਾਹੀਂ ਸਾਫ ਪਾਣੀ ਪਹੁੰਚਾਉਣ ਵਾਲੇ ਜ਼ਿਲਿ੍ਹਆਂ ਨੂੰ ‘ਜਲ ਜੀਵਨ ਅਵਾਰਡ 2022’ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਜ਼ਿਲ੍ਹਾ ਮਾਨਸਾ ਨੂੰ ਇਹ ਅਵਾਰਡ ਮਿਲਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨਾਲ ਇਹ ਖੁਸ਼ੀ ਸਾਂਝੀ ਕਰਦਿਆਂ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਪਾਣੀ ਦੀ ਸੰਭਾਲ ਨੂੰ ਆਪਣਾ ਫਰਜ਼ ਸਮਝਦੇ ਹੋਏ ਅਹਿਮ ਯੋਗਦਾਨ ਪਾਉਣ।

NO COMMENTS