*ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 15 ਜੁਲਾਈ ਤੱਕ ਆਨ ਲਾਈਨ ਪੋਰਟਲ ’ਤੇ ਦਰਜ ਕਰਵਾ ਸਕਦੇ ਹਨ ਆਪਣਾ ਨਾਮ-ਮੁੱਖ ਖੇਤੀਬਾੜੀ ਅਫ਼ਸਰ*

0
28

ਮਾਨਸਾ, 11 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ)
ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਪ੍ਰਤੀ ਹੈਕਟੇਅਰ 3750/- ਰੁਪਏ ਦਿੱਤੇ ਜਾਣਗੇ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਆਨਲਾਈਨ ਪੋਰਟਲ agrimachinerypb.com ’ਤੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਮਜ਼ਦੂਰੀ, ਸਮਾਂ, ਖੇਤੀ ਲਾਗਤ ਖਰਚੇ ਅਤੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਹੁਣ ਤੱਕ ਆਨ ਲਾਈਨ ਪੋਰਟਲ ’ਤੇ ਕੁੱਲ 539 ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਘੋਸ਼ਿਤ ਸਨਮਾਨ ਰਾਸ਼ੀ ਲੈਣ ਲਈ ਆਪਣਾ ਨਾਮ ਦਰਜ ਕਰਵਾਇਆ ਜਾ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਤਕਨੀਕ ਅਪਣਾ ਕੇ ਝੋਨੇ ਦੀ ਬਿਜਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਤਕਨੀਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨ ਨਾਸ਼ਕ ਦਵਾਈਆਂ ਦੀ ਸਹੀ ਸਮੇਂ ਅਤੇ ਸਹੀ ਤਕਨੀਕ ਅਪਣਾ ਕੇ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪੈਂਡੀਮੈਥਾਲੀਨ ਨਦੀਨਨਾਸ਼ਕ ਵਰਤਣ ਦੇ ਬਾਵਜੂਦ ਜੇਕਰ ਖੇਤ ਵਿੱਚ ਨਦੀਨ ਮੌਜੂਦ ਹਨ ਤਾਂ ਨਦੀਨਾਂ ਦੀ ਮੌਜੂਦਗੀ ਦੇ ਹਿਸਾਬ ਨਾਲ ਨਦੀਨ ਨਾਸ਼ਕ ਦੀ ਚੋਣ ਕਰਕੇ ਹੀ ਛਿੜਕਾਅ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਝੋਨੇ ਦੀ ਫਸਲ ਵਿਚ ਗੁੜਤ ਮਧਾਣਾ, ਤੱਕੜੀ ਘਾਹ, ਚੀਨੀ ਘਾਹ ਜਾਂ ਚਿੜੀ ਘਾਹ ਹੈ ਤਾਂ 400 ਮਿਲੀ ਲਿਟਰ ਫਿਨੋਕਸਾਪਰੋਪ-ਪੀ-ਇਥਾਇਲ 6.7 ਈ ਸੀ, ਜੇਕਰ ਸਵਾਂਕ, ਸਵਾਂਕੀ ਜਾਂ ਮੋਥਾ/ਮੁਰਕ ਹੈ ਤਾਂ 100 ਮਿਲੀ ਲਿਟਰ ਬਿਸਪੈਰੀਬੈਕ 10 ਐਸ ਸੀ, ਜੇਕਰ ਚੌੜੇ ਪੱਤੇ ਵਾਲੇ ਨਦੀਨ, ਮੋਥਾ, ਗੰਡੀ ਵਾਲਾ ਮੋਥਾ/ਡੀਲਾ/ਮੁਰਕ ਨਦੀਨ ਹਨ ਤਾਂ 8 ਗ੍ਰਾਮ ਐਲਮਿਕਸ (ਕਲੋਰੀ ਮਿਯੂਰਾਨ+ਮੈਟਸਲਫੂਰਾਨ ਮਿਥਾਇਲ) ਅਤੇ ਜੇਕਰ ਸਵਾਂਕ, ਸਵਾਂਕੀ, ਮੋਥੇ ਜਾਂ ਚੀਨੀ ਘਾਹ ਹੈ ਤਾਂ 900 ਮਿਲੀ ਲਿਟਰ ਪਿਨੋਕਸਾਸੁਲਮ+ਸਾਈਹੈਲੋਫੌਪ ਨੂੰ 100-150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨ 2-4 ਪੱਤਿਆਂ ਦੀ ਅਵਸਥਾ ’ਤੇ ਛਿੜਕਾਅ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਨਦੀਨਨਾਸ਼ਕ ਦਾ ਛਿੜਕਾਅ ਹਮੇਸ਼ਾਂ ਵੱਤਰ ਖੇਤ ਵਿੱਚ ਕਰਨਾ ਚਾਹੀਦਾ ਹੈ ਅਤੇ ਹਫਤੇ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਨਮਾਨ ਰਾਸ਼ੀ ਦੀ ਅਦਾਇਗੀ ਲਾਭਪਾਤਰੀ ਦੇ ਅਨਾਜ ਖਰੀਦ/ਈ-ਮੰਡੀਕਰਨ ਪੋਰਟਲ ’ਤੇ ਰਜਿਸਟਰਡ ਬੈਂਕ ਖਾਤਾ ਨੰਬਰ ’ਤੇ ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ ਲਈ ਪੋਰਟਲ ਖੋਲ ਦਿੱਤਾ ਗਿਆ ਹੈ।

NO COMMENTS