*ਪਿੰਡ ਭੈਣੀ ਬਾਘਾ ਵਿਖੇ ਆਪ ਦੇ ਲੋਕ ਸਭਾ ਉਮੀਦਵਾਰ ਦੇ ਪ੍ਰਚਾਰ ਦੌਰਾਨ ਕੀਤੇ ਸਵਾਲਾਂ ਦੇ ਜਵਾਬਾਂ ਤੋਂ ਲੋਕ ਅਸੰਤੁਸ਼ਟ*

0
152

ਮਾਨਸਾ 30 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਚੋਣ ਪ੍ਰਚਾਰ ਦੇ ਆਖਰੀ ਦਿਨ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਚੋਣ ਦੌਰਾ ਸੀ ਪਰ ਮੌਕੇ ਉੱਤੇ ਉਮੀਦਵਾਰ ਵੱਲੋਂ ਆਪਣਾ ਦੌਰਾ ਕੱਦ ਕਰਕੇ ਆਪਣੇ ਭਰਾ ਨੂੰ ਚੋਣ ਦੌਰੇ ‘ਤੇ ਭੇਜਿਆ ਗਿਆ । ਇਸ ਮੌਕੇ ਪਿੰਡ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਅਗਵਾਈ ਵਿੱਚ ਸੱਤਾ-ਧਿਰ ਪਾਰਟੀ ਤੋਂ ਤਿੱਖੇ ਸਵਾਲ ਕੀਤੇ ਗਏ । ਸਵਾਲਾਂ ਦੀ ਲੜੀ ਵਿੱਚ ਨਹਿਰੀ ਪਾਣੀ ਦੇ ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਗਲਤ ਅੰਕੜੇ, ਰਾਜ ਸਭਾ ਮੈਂਬਰਾਂ ਦੀ ਨਖਿੱਧ ਕਾਰਗੁਜ਼ਾਰੀ, ਸਿਹਤ ਅਤੇ ਸਿੱਖਿਆ ਦਾ ਕੇਂਦਰੀਕਰਨ, ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਦਾ ਜ਼ਮੀਨੀ ਮਸਲਾ ਆਦਿ ਸ਼ਾਮਲ ਸਨ । ਇਸ ਮੌਕੇ ਪਹੁੰਚੇ ਹਰਮੀਤ ਸਿੰਘ ਖੁੱਡੀਆਂ ਵੱਲੋਂ ਕਿਸੇ ਵੀ ਸਵਾਲ ਦਾ ਤਸੱਲੀਬਖਸ਼ ਜਵਾਬ ਨਾ ਦਿੱਤਾ ਗਿਆ । ਇਸ ਮੌਕੇ ਬੋਲਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਤਰਾਂ ਤਰਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ ਪਰ ਜਦੋਂ ਲੋਕਾਂ ਦੀ ਕਚਹਿਰੀ ਵਿੱਚ ਰਿਪੋਰਟ ਕਾਰਡ ਦੇਣ ਦੀ ਵਾਰੀ ਹੁੰਦੀ ਹੈ ਤਾਂ ਆਗੂ ਟਾਲ-ਮਟੋਲ ਕਰਦੇ ਹਨ ਜਿਸਦਾ ਸਬੂਤ ਗੁਰਮੀਤ ਸਿੰਘ ਖੁੱਡੀਆਂ ਦੇ ਐਨ ਮੌਕੇ ‘ਤੇ ਦੌਰਾ ਰੱਦ ਕਰਨ ਤੋਂ ਮਿਲਦਾ ਹੈ । ਉਨ੍ਹਾਂ ਲੋਕਾਂ ਨੂੰ ਇਸ ਤੰਤਰ ਦਾ ਖਹਿਰਾ ਛੱਡ ਕੇ ਸੰਘਰਸ਼ ਉੱਤੇ ਆਸ ਰੱਖਣ ਦੀ ਅਪੀਲ ਕੀਤੀ । ਇਸ ਮੌਕੇ ਜਗਦੇਵ ਸਿੰਘ ਕੋਟਲੀ, ਬਲਜੀਤ ਸਿੰਘ ਭੈਣੀ ਬਾਘਾ, ਸੱਤਪਾਲ ਸਿੰਘ ਵਰ੍ਹੇ, ਬਸੀਰਾ ਸਿੰਘ ਰੱਲਾ, ਕਾਲਾ ਸਿੰਘ ਅਕਲੀਆ, ਜਗਜੀਵਨ ਸਿੰਘ ਹਸਨਪੁਰ, ਰਾਵਲ ਸਿੰਘ ਕੋਟੜਾ, ਬੀਰਬੱਲ ਸਿੰਘ ਖਿਆਲਾ, ਪਾਲਾ ਸਿੰਘ, ਗੁਰਪ੍ਰੀਤ ਸਿੰਘ ਕੁਲਰੀਆਂ ਸਮੇਤ ਸੈਂਕੜੇ ਵਰਕਰ ਹਾਜ਼ਰ ਰਹੇ ।

NO COMMENTS