*ਪਿੰਡ ਭੁਪਾਲ ਕਲਾਂ ਦਾ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ 6 ਸਾਲ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ 14 ਏਕੜ ਜ਼ਮੀਨ ’ਚ ਕਰਦਾ ਹੈ ਵਾਹੀ*

0
51

ਮਾਨਸਾ, 13 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ )
      ਬਲਾਕ ਭੀਖੀ ਅੰਦਰ ਪੈਂਦੇ ਪਿੰਡ ਭੁਪਾਲ ਕਲਾਂ ਦਾ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਲਗਭਗ 14 ਏਕੜ ਦੀ ਵਾਹੀ ਕਰਦਾ ਹੈ। ਸਫਲ ਕਿਸਾਨ 14 ਏਕੜ ਵਿੱਚ ਕਣਕ, ਮੂੰਗੀ ਤੇ ਝੋਨੇ ਦੀ ਕਿਸਮ ਪੀ.ਆਰ. 126 ਦੀ ਕਾਸ਼ਤ ਕਰਦਾ ਹੈ। ਇਹ ਕਿਸਾਨ ਵੀਰ ਆਪਣੇ 6.5 ਏਕੜ ਵਿੱਚ ਮੂੰਗੀ ਦੀ ਕਾਸ਼ਤ ਕਰਕੇ ਚੰਗਾ ਝਾੜ ਪ੍ਰਾਪਤ ਕਰਦਾ ਹੈ ਅਤੇ ਮੂੰਗੀ ਦੇ ਟਾਂਗਰ ਨੂੰ ਜ਼ਮੀਨ ਵਿੱਚ ਵਾਹ ਕੇ ਹਰੀ ਖਾਦ ਦੇ ਤੌਰ ’ਤੇ ਵਰਤਦਾ ਹੈ। ਇਸ ਦੇ ਨਾਲ ਹੀ ਕਿਸਾਨ ਪਿਛਲੇ 6 ਸਾਲ ਤੋਂ ਪਰਾਲੀ ਦੀ ਸੰਭਾਲ ਕਰਦਾ ਆ ਰਿਹਾ ਹੈ।
ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਨੂੰ ਸੁਪਰ ਐਸ ਐਮ.ਐਸ ਕੰਬਾਇਨ ਨਾਲ ਕਟਾਈ ਕਰ ਕੇ ਪਰਾਲੀ ਵਿੱਚ ਹੀ ਹੈਪੀ- ਸੀਡਰ ਨਾਲ ਅਤੇ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਉਸ ਦੇ ਤਜਰਬੇ ਅਨੁਸਾਰ ਇਸ ਵਿਧੀ ਨਾਲ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਆਇਆ ਹੈ,ਉੱਥੇ ਫਸਲ ਦੇ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੋਇਆ ਹੈ। ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਇਹ ਮਸ਼ੀਨ ਨਾਲੋ ਨਾਲ ਲਾਈਨਾਂ ਵਿੱਚ ਪਰਾਲੀ ਨੂੰ ਪਹੀਆਂ ਨਾਲ ਦਬਾ ਦਿੰਦੀ ਹੈ, ਜਿਸ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਅਤੇ ਸਿਰਫ 3-4 ਪਾਣੀਆਂ ਨਾਲ ਹੀ ਪੂਰਾ ਝਾੜ ਮਿਲ ਜਾਂਦਾ ਹੈ।
ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਦੇ ਦੱਸਣ ਮੁਤਾਬਿਕ ਉਸ ਦੀ ਜ਼ਮੀਨ ਪਹਿਲਾਂ ਬਹੁਤ ਕਲਰਾਠੀ ਸੀ, ਪਰਾਲੀ ਜ਼ਮੀਨ ਵਿੱਚ ਮਿਲਾਉਣ ਨਾਲ ਜਮੀਨ ਪੋਲੀ ਹੋ ਗਈ ਅਤੇ ਭੁਰਣ ਲੱਗ ਪਈ ਅਤੇ ਇਸ ਤਕਨੀਕ ਨਾਲ ਫਸਲਾਂ ਵਿੱਚ ਸਪਰੇਆਂ ਅਤੇ ਰੇਹਾਂ ਦਾ ਖਰਚਾ ਵੀ ਘਟਿਆ ਹੈ। ਕਿਸਾਨ ਨੇ ਦੱਸਿਆ ਕਿ ਪਾਣੀ ਬਚਾਉਣ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਤਕਨੀਕ 3-4 ਸਾਲ ਤੋ ਖੇਤੀਬਾੜੀ ਵਿਭਾਗ ਬਲਾਕ ਭੀਖੀ ਦੇ ਮਾਹਿਰਾਂ ਦੀ ਯੋਗ ਅਗਵਾਈ ਹੇਠ ਕਰ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨ ਸ੍ਰੀ ਨਰਿੰਦਰ ਸਿੰਘ ਆਪਣੀ ਇੱਕ ਘਰੇਲੂ ਬਗੀਚੀ ਵੀ ਲਗਾਉਂਦਾ ਹੈ, ਜਿਸ ਵਿੱਚ ਬਿਨਾਂ ਰੇਹ-ਸਪ੍ਰੇਅ ਤੋਂ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੇ ਪਰਿਵਾਰ ਅਤੇ ਆਂਢ-ਗੁਆਂਢ ਨੂੰ ਜ਼ਹਿਰ ਮੁਕਤ ਸਬਜੀਆਂ ਮੁਹੱਈਆ ਕਰਵਾ ਰਿਹਾ ਹੈ। ਕਿਸਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਤੇ ਨਵੀਆਂ ਤਕਨੀਕਾਂ ਅਤੇ ਖੋਜਾ ਨਾਲ ਨਿਰੰਤਰ ਜੁੜਿਆ ਹੋਇਆ ਹੈ। ਸਫਲ ਕਿਸਾਨ ਨੇ ਹੋਰਨਾਂ ਕਿਸਾਨਾਂ ਨੂੰ ਸੁਨੇਹਾ ਦਿੰਦਿਆ ਆਖਿਆ ਕਿ ਪਰਾਲੀ ਨੂੰ ਜ਼ਮੀਨ ਵਿੱਚ ਸੰਭਾਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ ਅਤੇ ਵਾਤਾਵਰਣ ਵੀ ਸਾਫ ਰਹਿੰਦਾ ਹੈ।

NO COMMENTS