ਫਗਵਾੜਾ 10 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪਿੰਡ ਬਘਾਣਾ ਦੇ ਵਸਨੀਕਾਂ ਵਲੋਂ ਅੱਜ ਥਾਣਾ ਰਾਵਲਪਿੰਡੀ ਪੁਲਿਸ ਖਿਲਾਫ ਪਿੰਡ ਦੀ ਧਰਮਸ਼ਾਲਾ ਵਿਖੇ ਰੋਸ ਮੁਜਾਹਰਾ ਕੀਤਾ ਗਿਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ, ਫਗਵਾੜਾ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਏ ਇਸ ਦੌਰਾਨ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਦੇਸਰਾਜ ਮਹਿਤਾ, ਅਮਰਜੀਤ ਪੱਬੀ, ਨਿਰਮਲਾ ਦੇਵੀ, ਰਾਮ ਲੁਭਾਇਆ ਪੰਚ, ਸਚਿਨ ਕੁਮਾਰ ਪੰਚ, ਅਮਰਜੀਤ ਕੁਮਾਰ, ਰਮਨ ਦੀਪ ਮਹਿਤਾ, ਰਾਮ ਲਾਲ, ਕਿਸ਼ਨ ਸਿੰਘ ਫੌਜੀ ਅਤੇ ਰਮਨ ਕੁਮਾਰ ਨੇ ਕਿਹਾ ਕਿ ਫਗਵਾੜਾ ਪੁਲਿਸ ਸਿਆਸੀ ਦਬਾਅ ਹੇਠ ਸ਼ਰੇਆਮ ਪੱਖਪਾਤ ਕਰ ਰਹੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਮਹਿਲਾ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਵਲੋਂ ਬਿਨਾਂ ਕਿਸੇ ਜਾਂਚ ਦੇ ਕੌਂਸਲਰ ਅਤੇ ਪੱਤਰਕਾਰ ਖਿਲਾਫ ਕੇਸ ਦਰਜ ਕਰ ਲਿਆ ਜਾਂਦਾ ਹੈ ਜਦਕਿ ਦੂਸਰੇ ਪਾਸੇ ਪਿੰਡ ਬਘਾਣਾ ਦੇ ਮੋਜੂਦਾ ਸਰਪੰਚ ਦੀ ਸ਼ਿਕਾਇਤ ਦੇ ਮਾਮਲੇ ਨੂੰ ਜਾਂਚ ਦੀ ਗੱਲ ਕਹਿ ਕੇ ਲਮਕਾਇਆ ਜਾ ਰਿਹਾ ਹੈ। ਸਰਪੰਚ ਬਲਵਿੰਦਰ ਕੁਮਾਰ ਬਘਾਣਾ ਨੇ ਦੱਸਿਆ ਕਿ ਉਹਨਾਂ ਨੇ ਬੀਤੀ 2 ਫਰਵਰੀ ਨੂੰ ਗੁਰਪ੍ਰੀਤ ਸਿੰਘ ਚੀਮਾ ਪੁੱਤਰ ਗੁਰਬਚਨ ਸਿੰਘ ਚੀਮਾ ਵਾਸੀ ਬਘਾਣਾ ਦੇ ਖਿਲਾਫ ਜਾਤੀ ਸੂਚਕ ਸ਼ਬਦ ਬੋਲ ਕੇ ਗਾਲੀ ਗਲੌਚ ਕਰ ਨਦੀ ਸ਼ਿਕਾਇਤ ਥਾਣਾ ਰਾਵਲਪਿੰਡੀ ਪੁਲਿਸ ਅਤੇ ਐਸ.ਪੀ. ਫਗਵਾੜਾ ਨੂੰ ਦਿੱਤੀ ਸੀ। ਜਿਸਦਾ ਸਬੂਤ ਵੀ ਉਸ ਦੇ ਕੋਲ ਮੋਜੂਦ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਦੋਸ਼ੀ ਖਿਲਾਫ ਕੋਈ ਪਰਚਾ ਦਰਜ ਨਹੀਂ ਕੀਤਾ ਹੈ ਅਤੇ ਦੋਸ਼ੀ ਲਗਾਤਾਰ ਧਮਕੀਆਂ ਦੇ ਰਿਹਾ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿਚ ਤੁਰੰਤ ਕੇਸ ਦਰਜ ਕਰਕੇ ਦੋਸ਼ੀ ਦੀ ਗਿਰਫਤਾਰੀ ਨਾ ਕੀਤੀ ਗਈ ਤਾਂ ਦਲਿਤ ਜੱਥੇਬੰਦੀਆਂ ਨੂੰ ਨਾਲ ਲੈ ਕੇ ਪੁਲਿਸ ਅਫਸਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਨ ‘ਤੇ ਥਾਣਾ ਰਾਵਲਪਿੰਡੀ ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਪੰਚ ਬਲਵਿੰਦਰ ਕੁਮਾਰ ਵਲੋਂ ਪ੍ਰਾਪਤ ਹੋਈ ਸ਼ਿਕਾਇਤ ਦੀ ਪੜਤਾਲ ਡੀ.ਐਸ.ਪੀ. ਫਗਵਾੜਾ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਬਾਵਾ ਸਿੰਘ, ਬੂਟਾ ਰਾਮ, ਪਰਵੀਨ ਕੁਮਾਰ, ਬਲਵਿੰਦਰ ਸਿੰਘ, ਸਰੂਪ ਚੰਦ, ਪਾਖਰ ਰਾਮ, ਦਰਸ਼ਨ ਸਿੰਘ, ਲਖਵਿੰਦਰ ਕੁਮਾਰ, ਜਸਵਿੰਦਰ ਪਾਲ, ਜਤਿੰਦਰ ਕੁਮਾਰ, ਜਸਵੀਰ ਕੁਮਾਰ, ਹਰੀਸ਼ ਕੁਮਾਰ, ਭਜਨ ਲਾਲ, ਗੁਰਮੀਤ ਕੌਰ, ਰਾਣੀ, ਆਸ਼ਾ, ਗਿਆਨ ਕੌਰ, ਮਹਿੰਦਰ ਕੌਰ, ਜਯੋਤੀ, ਪੂਜਾ, ਸੁਖਵਿੰਦਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਕਮਲਜੀਤ ਕੌਰ, ਪ੍ਰਕਾਸ਼ ਕੌਰ, ਕਾਂਤਾ ਦੇਵੀ, ਬਲਜੀਤ ਕੌਰ, ਗੁਰਪ੍ਰੀਤ ਸਿੰਘ, ਰਣਜੀਤ ਕੁਮਾਰ, ਨਿਰਮਲ ਚੰਦ, ਗੁਰਮੀਤ ਰਾਮ, ਹਰਜੀਤ ਸਿੰਘ, ਕ੍ਰਿਸ਼ਨਾ ਦੇਵੀ ਆਦਿ ਹਾਜਰ ਸਨ।