ਪਿੰਡ ਤਲਵੰਡੀ ਅਕਲੀਆ ਦੇ ਲੋਕਾਂ ਨੇ ਪਿੰਡ ’ਚ ਲੀਡਰਾਂ ਦੇ ਦਾਖਲੇ ’ਤੇ ਲਾਈ ਪਾਬੰਦੀ

0
32

ਮਾਨਸਾ 27 ਅਕਤੂਬਰ (ਸਾਰਾ ਯਹਾ/ਬੀਰਬਲ ਧਾਲੀਵਾਲ )ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਬਿੱਲਾਂ ਦੇ ਖਿਲਾਫ਼ ਕਿਸਾਨਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਕੇਂਦਰ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਮਾਲ ਗੱਡੀਆਂ ਬੰਦ ਕਰਕੇ ਗੁੱਸੇ ਨੂੰ ਹੋਰ ਵਧਾ ਦਿੱਤਾ। ਕਿਸਾਨਾਂ ਦਾ ਇਹ ਗੁੱਸਾ ਹੁਣ ਇਕੱਲੇ ਭਾਜਪਾ ਆਗੂਆਂ ਤੱਕ ਸੀਮਿਤ ਨਾ ਰਹਿ ਕੇ ਸਾਰੀਆਂ ਹੀ ਸਿਆਸੀ ਧਿਰਾਂ ਦੇ ਖਿਲਾਫ਼ ਹੋ ਗਿਆ ਹੈ। ਕਿਸਾਨਾਂ ਦਾ ਤਰਕ ਹੈ ਕਿ ਆਮ ਲੋਕਾਂ ਦੀ ਲੁੱਟ ਕਰਨ ਦੇ ਮਾਮਲੇ ’ਚ ਸਾਰੇ ਇੱਕੋ ਤੱਕੜੀ ਦੇ ਵੱਟੇ ਹਨ। ਜ਼ਿਲੇ ਦੇ ਪਿੰਡ ਤਲਵੰਡੀ ਅਕਲੀਆ ਦੇ ਕਿਸਾਨਾਂ ਅਤੇ ਪਤਵੰਤਿਆਂ ਨੇ ਆਪਸੀ ਸਲਾਹ ਕਰਕੇ ਪਿੰਡ ’ਚ ਹਰ ਸਿਆਸੀ ਧਿਰ ਦੇ ਲੀਡਰ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ। ਪਿੰਡ ਵਾਸੀਆਂ ਨੇ ਇਸ ਫੈਸਲੇ ’ਤੇ ਫੁੱਲ ਚੜਾਉਣ ਲਈ ਇੱਕੋ ਮੋਰੀ ਲੰਘਣ ਦਾ ਵਾਅਦਾ ਕੀਤਾ ਹੈ।ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਿਆਸੀ ਆਗੂਆਂ ਦੇ ਇਸ ਬਾਈਕਾਟ ਸਬੰਧੀ ਹੋਈ ਪਿੰਡ ਦੇ ਇਕੱਠ ਦੌਰਾਨ ਭੁਪਿੰਦਰ ਸਿੰਘ ਬਿੱਟੂ,ਕੁਲਦੀਪ ਸਿੰਘ, ਦੀਪ ਸਿੰਘ ਕਾਲੀ ਪ੍ਰਧਾਨ ਪਿੰਡ ੲਿਕਾੲੀ ਪੰਜਾਬ ਕਿਸਾਨ ਯੂਨੀਅਨ ਤੇ ਬਲਾਕ ਅਹੁਦੇਦਾਰ ਪੰਜਾਬ ਸਿੰਘ ਤੋਂ ਇਲਾਵਾ ਜੱਗਾ ਸਿੰਘ ਸਾਬਕਾ ਮੈਂਬਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਹੁਣ ਮੌਕਾ ਹੈ ਆਪਣੇ ਪਿਤਾ-ਪੁਰਖਿਆਂ ਦੀ ਜਾਇਦਾਦ ਬਚਾਉਣ ਦਾ ਇਸ ਕਰਕੇ ਮੋਢੇ ਨਾਲ ਮੋਢਾ ਜੋੜਕੇ ਚੱਲਾਂਗੇ ਤਾਂ ਕਿਸੇ ਦੀ ਹਿੰਮਤ ਨਹੀਂ ਉਹ ਆਪਣੀਆਂ ਪੈਲੀਆਂ ’ਚ ਪੈਰ ਰੱਖ ਸਕਣ। ਇਨਾਂ ਬੁਲਾਰਿਆਂ ਨੇ ਆਖਿਆ ਕਿ ਭਾਵੇਂ ਹੀ ਇਹ ਫੈਸਲਾ ਕੇਂਦਰੀ ਹਕੂਮਤ ਭਾਜਪਾ ਨੇ ਲਿਆ ਹੈ ਪਰ ਆਪਣਾ ਭਲਾ ਕਦੇ ਕਿਸੇ ਨੇ ਵੀ ਨਹੀਂ ਸੋਚਿਆ। ਸੂਬੇ ਦੀ ਕਾਂਗਰਸ ਸਰਕਾਰ ਨੇ ਭਾਵੇਂ ਹੀ ਵਿਧਾਨ ਸਭਾ ਦੇ ਵਿੱਚ ਕੇਂਦਰੀ ਬਿੱਲਾਂ ਨੂੰ ਰੱਦ ਕਰਨ ਦਾ ਮਤਾ ਪੇਸ਼ ਕਰ ਦਿੱਤਾ ਪਰ ਕਿਸਾਨੀ ਦੇ ਭਲੇ ਲਈ ਜੋ ਸੂਬਾ ਸਰਕਾਰ ਨਾਲ ਸਬੰਧਿਤ ਮੰਗਾਂ ਹਨ ਉਹ ਵੀ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋਈਆਂ।  ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਜਦੋਂ ਵਿਧਾਨ ਸਭਾ ’ਚ ਮਤਾ ਪਾਸ ਹੋਇਆ ਸੀ ਤਾਂ ਪਾਰਟੀ ਦੇ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਪਾਲ ਭਵਨ ’ਚ ਵੀ ਗਏ ਪਰ ਮਗਰੋਂ ਸਿਆਸੀ ਪੱਤਾ ਖੇਡਕੇ ਮਤਿਆਂ ਨੂੰ ਨਿੰਦਣ ਲੱਗ ਪਏ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਅਜੇ ਤੱਕ ਕਾਲੇ-ਖੇਤੀ ਕਾਨੂੰਨ ਵਿਧਾਨ ਸਭਾ ਬੁਲਾ ਕੇ ਰੱਦ ਨਹੀਂ ਕੀਤੇ । ਸ੍ਰੋਮਣੀ ਅਕਾਲੀ ਦਲ (ਬ) ਦਾ ਜ਼ਿਕਰ ਕਰਦਿਆਂ ਕਿਸਾਨ ਆਗੂਆਂ ਤੇ ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਬਾਦਲਾਂ ਦੀ ਨੂੰਹ ਨੇ ਅਸਤੀਫਾ ਕੋਈ ਸੌਖਾ ਨਹੀਂ ਦਿੱਤਾ ਜਦੋਂ ਕਿਸਾਨਾਂ ਨੇ ਬਾਦਲ ਪਿੰਡ ਵਾਲਾ ਘਰ ਘੇਰ ਲਿਆ ਅਤੇ ਪਤਾ ਲੱਗ ਗਿਆ ਕਿ ਇਨਾਂ ਨੇ ਪਿੰਡਾਂ ’ਚ ਵੜਨ ਨਹੀਂ ਦੇਣਾ ਫਿਰ ਕੁਰਸੀ ਛੱਡੀ ਹੈ। ਉਨਾਂ ਕਿਹਾ ਕਿ ਇਹ ਅਸਤੀਫਾ ਵੀ ਮਗਰਮੱਛ ਦੇ ਹੰਝੂ ਵਹਾਉਣ ਵਾਂਗ ਹੀ ਹੈ ਕਿਉਂਕਿ ਜਦੋਂ ਇਹ ਬਿੱਲ ਹਾਲੇ ਆਰਡੀਨੈਂਸ ਦੇ ਰੂਪ ’ਚ ਹੀ ਸਨ ਤਾਂ ਉਦੋਂ ਸਮੁੱਚਾ ਬਾਦਲ ਪਰਿਵਾਰ ਇਨਾਂ ਆਰਡੀਨੈਂਸਾਂ ਦੀ ਸਿਫਤ ਕਰਦਾ ਨਹੀਂ ਥੱਕਦਾ ਸੀ। ਇਸ ਇਕੱਠ ਦੌਰਾਨ ਪਿੰਡ ਦੇ ਨੌਜਵਾਨਾਂ ਨੇ ਆਪਸੀ ਏਕੇ ਦਾ ਪ੍ਰਗਟਾਵਾ ਕਰਦਿਆਂ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਤਲਵੰਡੀ ਅਕਲੀਆ ਦੇ ਰਾਹ ਪੈਣ ਤੋਂ ਪਹਿਲਾਂ ਸੌ ਵਾਰ ਸੋਚਣ ਤੇ ਜੇਕਰ ਕੋਈ ਆਗੂ ਪਿੰਡ ਦੀ ਜੂਹ ’ਚ ਵੜ ਆਇਆ ਤਾਂ ਉਸਦਾ ਸਖਤ ਵਿਰੋਧ ਕੀਤਾ ਜਾਵੇਗਾ। ੲਿਸ ਮੌਕੇ ਪੰਜਾਬ ਕਿਸਾਨ ਯੂਨੀਅਨ ਸਾਰੇ ਅਹੁਦੇਦਾਰ ਤੇ ਮੈਂਬਰ ਹਾਜਰ ਸਨ  ਅਤੇ ਗ੍ਰਾਮ ਪੰਚਾੲਿਤ ਦੀ ਤਰਫੋਂ ਮੈਬਰ ਗੋਰਾ ਸਿੰਘ ਤੇ ਦਰਸ਼ਨ ਸਿੰਘ ਮੈਂਬਰ ਹਾਜਰ ਸਨ ।

NO COMMENTS