ਮਾਨਸਾ, 8 ਸਤੰਬਰ(ਸਾਰਾ ਯਹਾਂ/ਜੋਨੀ ਜਿੰਦਲ): ਪਿੰਡ ਟਾਂਡੀਆਂ ਬਲਾਕ ਝੁਨੀਰ ਵਿਖੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ. ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਡਾ.ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਦੇ ਦਿਸ਼ਾ ਨਿਰਦੇਸਾਂ ਤਹਿਤ ਸ੍ਰੀ ਸੁਰੇਸ਼ ਕੁਮਾਰ ਖੇਤੀਬਾੜੀ ਅਫ਼ਸਰ ਝੁਨੀਰ ਦੀ ਅਗਵਾਈ ਹੇਠ ਗੁਲਾਬੀ ਸੁੰਡੀ ਦੇ ਹਮਲੇ ਨੂੰ ਧਿਆਨ ਵਿੱਚ ਰਖਦੇ ਹੋਏ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ 60 ਤੋਂ ਵਧੇਰੇ ਕਿਸਾਨਾਂ ਨੇ ਭਾਗ ਲਿਆ।
ਇਸ ਦੌਰਾਨ ਡਾ.ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਝੁਨੀਰ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇਂ ਦੀ ਫਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ।ਕਿਸਾਨ ਦੇਖਾ ਦੇਖੀ ਸਪਰੇਆਂ ਨਾ ਕਰਨ ਆਪਣੇ ਖੇਤ ਦਾ ਸਰਵੇ ਕਰਨ, ਜੇਕਰ ਹਮਲਾ ਆਰਥਿਕ ਕਗਾਰ (5 ਫੀਸਦੀ) ਦੀ ਹੱਦ ਤੋਂ ਉਪਰ ਪਾਇਆ ਜਾਂਦਾ ਹੈ ਤਾਂ ਹੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਦਵਾਈਆਂ ਪ੍ਰੋਫੈਨੋਫਾਸ 500 ਐਮ ਐਲ ਪ੍ਰਤੀ ਏਕੜ, ਸਾਈਪਰਮੈਥਰਿਨ 80 ਐਮ ਐਲ ਪ੍ਰਤੀ ਏਕੜ,ਇਨਡੋਕਾਸਕਾਰਬ 200 ਐਮ ਐਲ ਪ੍ਰਤੀ ਏਕੜ ਅਤੇ ਈਥੀਅਨ 800 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ।
ਇਸ ਮੌਕੇ ਸ੍ਰੀ ਸੁਖਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਗਲਤ ਅਨਸਰਾਂ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਅਫਵਾਹਾਂ ਫੈਲਾਅ ਕੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਕਿਸਾਨ ਸ਼ਗਨਦੀਪ ਸਿੰਘ ਪੁੱਤਰ ਦਰਸਨ ਸਿੰਘ, ਪਿੰਡ ਟਾਂਡੀਆਂ ਦੇ ਖੇਤ ਦਾ ਸਰਵੇਖਣ ਕੀਤਾ ਗਿਆ। ਇਸ ਖੇਤ ਵਿੱਚ ਗੁਲਾਬੀ ਸੁੰਡੀ ਦੀ ਆਰਥਿਕ ਕਗਾਰ ਘੱਟ ਪਾਈ ਗਈ ਅਤੇ ਗਮਦੂਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਟਾਂਡੀਆਂ ਦੇ ਖੇਤ ਵਿੱਚ ਸਰਵੇ ਦੌਰਾਨ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਉਪਰ ਪਾਇਆ ਗਿਆ ਅਤੇ ਕਿਸਾਨ ਨੂੰ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ।