*ਪਿੰਡ ਘਰਾਂਗਣਾ ਦਾ ਕਿਸਾਨ ਸ਼ਿੰਗਾਰਾ ਸਿੰਘ ਪਿਛਲੇ 10 ਸਾਲ ਤੋਂ 15 ਏਕੜ ਰਕਬੇ ਵਿੱਚ ਸੁਪਰ ਸੀਡਰ ਨਾਲ ਕਰ ਰਿਹੈ ਕਣਕ ਦੀ ਬਿਜਾਈ-ਵਧੀਕ ਡਿਪਟੀ ਕਮਿਸ਼ਨਰ*

0
24

ਮਾਨਸਾ, 06 ਨਵੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਨੇ ਪਿੰਡ ਘਰਾਂਗਣਾ, ਮੂਸਾ, ਗਾਗੋਵਾਲ ਅਤੇ ਹੀਰੋ ਕਲਾਂ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਨੂੰ ਨਾ ਜਲਾ ਕੇ ਪ੍ਰਦੂਸ਼ਣ ਰਹਿਤ ਵਾਤਾਵਰਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।  
ਉਨ੍ਹਾਂ ਪਿੰਡ ਘਰਾਂਗਣਾ ਵਿਖੇ ਕਿਸਾਨ ਸ੍ਰੀ ਸ਼ਿੰਗਾਰਾ ਸਿੰਘ ਦੇ 15 ਏਕੜ ਰਕਬੇ ਵਿੱਚ ਸੁਪਰ ਸੀਡਰ ਦੁਆਰਾ ਕੀਤੀ ਜਾ ਰਹੀ ਕਣਕ ਦੀ ਬਿਜਾਈ ਦਾ ਮੌਕਾ ਵੇਖਿਆ। ਉਨ੍ਹਾਂ ਦੱਸਿਆ ਕਿ ਕਿਸਾਨ ਸ਼ਿੰਗਾਰਾ ਸਿੰਘ ਪਿਛਲੇ 10 ਸਾਲ ਤੋਂ ਇਸੇ ਤਰ੍ਹਾਂ ਪਰਾਲੀ ਦਾ ਪ੍ਰਬੰਧਨ ਕਰ ਰਿਹਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਸ਼ਿੰਗਾਰਾ ਸਿੰਘ ਜਿਹੇ ਕਿਸਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਮਸ਼ੀਨੀਰੀ ਨਾਲ ਬਹੁਤ ਹੀ ਕਾਰਗਰ ਤਰੀਕਿਆਂ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਆਪਣਾ ਫਰਜ ਪਛਾਣਦੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਡਾ. ਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਹਰਚੇਤ ਸਿੰਘ, ਖੇਤੀਬਾੜੀ ਉਪ ਨਿਰੀਖਕ, ਸ੍ਰੀ ਦਵਿੰਦਰ ਸਿੰਘ, ਖੇਤੀਬਾੜੀ ਉਪ ਨਿਰੀਖਕ ਅਤੇ ਲੇਖਾਕਾਰ ਰਾਜੇਸ਼ ਕੁਮਾਰ ਹਾਜ਼ਰ ਸਨ।

NO COMMENTS