ਪਿੰਡ ਗੁਰੂਸਰ ਵਿੱਚ ਨੌਜਵਾਨਾਂ ‘ਚ ਹੋਈ ਖੂਨੀ ਝੜਪ, ਕਈ ਜ਼ਖ਼ਮੀ ਹਸਪਤਾਲ ‘ਚ ਭਰਤੀ

0
63

ਗਿੱਦੜਬਾਹਾ 13 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਇੱਥੇ ਦੇ ਪਿੰਡ ਗੁਰੂਸਰ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਕਿਸੇ ਗੱਲ ਨੂੰ ਲੈਕੇ ਹੋਈ ਖੂਨੀ ਝੜਪ ਵਿਚ ਗੋਲੀਆਂ ਚੱਲਣ ਅਤੇ ਤੇਜਧਾਰ ਹਥਿਆਰਾਂ ਨਾਲ ਸੱਤ ਜਣਿਆਂ ਦੇ ਜਖਮੀ ਹੋਣ ਦੀ ਖ਼ਬਰ ਮਿਲੀ ਹੈ। ਜਿਨ੍ਹਾਂ ਚੋਂ ਦੋ ਨੌਜਵਾਨ ਗੰਭੀਰ ਜਖਮੀਂ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਗੰਭੀਰ ਜ਼ਖ਼ਮੀਆਂ ਚੋਂ ਇੱਕ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਅਤੇ ਦੂਜੇ ਨੂੰ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਹੈ।

ਇਸ ਝੜਪ ਬਾਰੇ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨਾਂ ‘ਚ ਬੀਤੇ ਦਿਨੀਂ ਵੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ-ਮੈਂ ਮੈਂ ਹੋਈ ਸੀ। ਜਿਸ ਉਪਰੰਤ ਦੋਵਾਂ ਧਿਰਾਂ ਦੇ ਨੌਜਾਵਾਨਾਂ ਨੇ ਪਿੰਡ ਹੁਸਨਰ ਤੋਂ ਗੁਰੂਸਰ ਨਹਿਰਾਂ ਦੇ ਪੁਲ ਨੇੜੇ ਆਪਣੇ-ਆਪਣੇ ਹਮਾਇਤੀਆਂ ਨਾਲ ਸੈਂਕੜਿਆ ਦੀ ਗਿਣਤੀ ਵਿਚ ਇਕੱਠੇ ਹੋਏ। ਇਸ ਤੋਂ ਬਾਅਦ ਨੌਜਵਾਨਾਂ ਨੇ ਅਹਮੋਂ ਸਾਹਮਣੀ ਲੜਾਈ ਵਿਚ ਇਕ ਦੂਜੇ ‘ਤੇ ਫਾਇਰਿੰਗ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਨ੍ਹਾਂ ਨੌਜਵਾਨਾਂ ਵਿਚ ਪਿੰਡ ਗੁਰੂਸਰ, ਹੁਸਨਰ, ਮਧੀਰ ਆਦਿ ਪਿੰਡਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ।

ਦੱਸ ਦਈਏ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚੇ ਸੱਤ ਜ਼ਖ਼ਮੀਆਂ ਚੋਂ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੈ ਜਿਸ ਦੀ ਪਛਾਣ ਗੋਰਾ ਸਿੰਘ ਪੁੱਤਰ ਗੁਰਮੋਹਨ ਸਿੰਘ ਵਾਸੀ ਗੁਰੂਸਰ ਵਜੋਂ ਹੋਈ ਹੈ। ਇਸ ਨੌਜਵਾਨ ਦੇ ਟਿੱਢ ‘ਚ ਗੋਲੀ ਲੱਗੀ ਹੈ ਜਿਸ ਨੂੰ ਮੁੱਢਲੀ ਮਦਦ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਦੂਸਰੇ ਗੁਰਸੇਵਕ ਸਿੰਘ ਪੁੱਤਰ ਕੌਰ ਸਿੰਘ ਵਾਸੀ ਹੁਸਨਰ ਜੋ ਕਿ ਤੇਜਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਨੂੰ ਵੀ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ।

ਘਟਨਾ ਬਾਰੇ ਪ੍ਰਤਖਦਰਸ਼ੀਆਂ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ 100-150 ਨੌਜਵਾਨ ਆਏ, ਜਿਨ੍ਹਾਂ ਕੋਲ ਤੇਜਧਾਰ ਹਥਿਆਰ ਸੀ ਅਤੇ ਇੱਥੇ ਇਨ੍ਹਾਂ ਦਰਮਿਆਨ ਆਹਮੋਂ ਸਾਹਮਣੇ ਲੜਾਈ ‘ਚ ਫਾਈਰਿੰਗ ਵੀ ਹੋਈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਕਿਸੇ ਨੇ ਉਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਇਸ ਦੀ ਸੂਚਨਾਂ ਪੁਲਿਸ ਨੂੰ ਪਹਿਲਾ ਦੇ ਦਿੱਤੀ ਸੀ, ਪਰ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ। ਇਸ ਕਰਕੇ ਇਹ ਖੂਨੀ ਝੜਪ ਹੋਈ। ਬਾਅਦ ਵਿਚ ਘਟਨਾ ਸਥਾਨ ‘ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਧਰ ਜ਼ਖ਼ਮੀਆਂ ਅਤੇ ਪ੍ਰਤਖਦਰਸ਼ੀਆਂ ਦੇ ਬਿਆਨ ਦਰਜ ਕਰਕੇ ਘਟਨਾਂ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

NO COMMENTS