*ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਨਰਮੇ ਦੀ ਫਸਲ ਦੀ ਸਾਂਭ—ਸੰਭਾਲ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ*

0
18

ਮਾਨਸਾ, 29 ਜੁਲਾਈ :(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਅਤੇ ਕੇਂਦਰੀ ਕਪਾਹ ਖੋਜ ਸੰਸਥਾਨ ਦੇ ਖੇਤਰੀ ਖ਼ੋਜ ਕੇਂਦਰ, ਸਿਰਸਾ ਦੇ ਖੇਤੀ ਮਾਹਿਰਾਂ ਵੱਲੋਂ ਜ਼ਿਲ੍ਹੇ ਦੇ ਬਲਾਕ ਝੁਨੀਰ ਅੰਦਰ ਪੈਂਦੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਨਰਮੇ ਦੀ ਫਸਲ ਦੀ ਸਾਂਭ—ਸੰਭਾਲ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ 104 ਕਿਸਾਨ ਵੀਰਾਂ ਨੇ ਭਾਗ ਲਿਆ।
ਇਸ ਮੌਕੇ ਵਿਗਿਆਨੀ ਕੇਂਦਰੀ ਕਪਾਹ ਖੋਜ ਸੰਸਥਾਨ ਡਾ. ਅਮਰਪਰੀਤ ਸਿੰਘ ਨੇ ਕਿਸਾਨ ਵੀਰਾਂ ਨੂੰ ਦੱਸਿਆ ਕਿ ਬਰਸਾਤ ਨਾ ਹੋਣ ਕਾਰਨ ਨਰਮੇ ਦੀ ਫ਼ਸਲ ਵਿੱਚ ਔੜ ਵਰਗੇ ਹਾਲਾਤ ਬਣ ਰਹੇ ਹਨ, ਇਸ ਲਈ ਕਿਸਾਨ ਵੀਰਾਂ ਨੂੰ ਪਾਣੀ ਲਗਾਉਣ ਮਗਰੋਂ ਸਿਫਾਰਿਸ਼ ਅਨੁਸਾਰ ਯੂਰੀਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਫਸਲ ਦਾ ਚੰਗਾ ਵਾਧਾ ਹੋ ਸਕੇ। ਉਨ੍ਹਾਂ ਦੱਸਿਆ ਕਿ ਫੁੱਲਾਂ ਦੇ ਸ਼ੁਰੂ ਹੋਣ ਤੋਂ ਲੈ ਕੇ ਇੱਕ ਹਫ਼ਤੇ ਦੇ ਵਕਫੇ ’ਤੇ 4 ਵਾਰ 2 ਫੀਸਦੀ ਪੋਟਾਸ਼ੀਅਮ ਨਾਇਟਰੇਟ (13:0:45) ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਖੇਤਾਂ ਵਿੱਚ ਨਦੀਨ ਨਹੀਂ ਹੋਣ ਦੇਣ ਚਾਹੀਦੇ।
ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ, ਡਾ. ਰਣਵੀਰ ਸਿੰਘ ਨੇ ਦੱਸਿਆ ਕਿ ਨਰਮੇ ’ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਨਰਮੇ ਦੀ ਫ਼ਸਲ ਉੱਪਰ ਕੀੜਿਆਂ ਦੀ ਰੋਕਥਾਮ ਲਈ ਸਿਰਫ਼ ਸਿਫਾਰਿਸ਼ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰਨਾ ਚਾਹੀਦਾ ਹੈ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 06 ਹੋ ਜਾਵੇ। ਜੇਕਰ ਨਰਮੇ ਉੱਪਰ ਚਿੱਟੀ ਮੱਖੀ ਦਾ ਹਮਲਾ ਬਹੁਤ ਜ਼ਿਆਦਾ ਹੋਵੇ, ਤਾਂ ਕਲਾਸਟੋ 20 ਡਬਲਯੂ ਜੀ. (ਪਾਇਰੀਫਲੂਕੀਨਾਜ਼ੋਨ) 200 ਗ੍ਰਾਮ/ਏਕੜ ਦੀ ਸਪਰੇਅ ਕਰਨ ਤੋਂ ਬਾਅਦ ਲੈਨੋ 10 ਈ. ਸੀ. (ਪਾਈਰੀਪਰੋਕਸੀਫਿਨ) 500 ਮਿ.ਲੀ./ਏਕੜ ਜਾਂ ਓਬਰੋਨ 22.9 ਐਸ ਸੀ (ਸਪੈਰੋਮੈਸੀਫਿਨ) 200 ਮਿ.ਲੀ./ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਚਾਹੀਦੀ ਹੈ। ਜੇ ਚਿੱਟੀ ਮੱਖੀ ਦਾ ਹਮਲਾ ਦਰਮਿਆਨਾ ਹੋਵੇ ਤਾਂ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) 400 ਮਿ.ਲੀ./ਏਕੜ ਜਾਂ ਪੋਲੋ 50 ਡਬਲਯੂ ਪੀ (ਡਾਇਆਫੈਨਥੂਯੂਰੋਨ) 200 ਗ੍ਰਾਮ/ ਏਕੜ ਦੀ ਸਪਰੇਅ ਕਰਨ ਤੋਂ ਬਾਅਦ  ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) 500 ਮਿ.ਲੀ./ਏਕੜ ਜਾਂ ਓਬਰੋਨ 22.9 ਐਸ ਸੀ (ਸਪੈਰੋਮੈਸੀਫਿਨ) 200 ਮਿ.ਲੀ./ਏਕੜ  ਦੀ ਸਪਰੇਅ ਕਰਨੀ ਚਾਹੀਦੀ ਹੈ। ਘੱਟ ਹਮਲੇ ਵਾਲੇ ਨਰਮੇ ਦੇ ਖੇਤਾਂ ਵਿੱਚ ਓਸ਼ੀਨ 20 ਐਸ ਜੀ (ਡਾਇਨੋਟੈਫੂਰਾਨ) 60 ਗ੍ਰਾਮ/ਏਕੜ ਜਾਂ ਫੋਸਮਾਈਟ  50 ਈ ਸੀ (ਈਥੀਆਨ) 800 ਮਿ.ਲੀ./ਏਕੜ ਦੀ ਸਪਰੇਅ ਕਰਨੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਫੁੱਲਾਂ ਅਤੇ ਟੀਂਡਿਆਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇ 100 ਫੁੱਲਾਂ ਵਿਚੋਂ ਨੁਕਸਾਨ ਕੀਤੇ ਗਏ 05 ਫੁੱਲ ਮਿਲਦੇ ਹਨ ਜਾਂ 20 ਹਰੇ ਟੀਂਡਿਆਂ ਵਿੱਚੋਂ 02 ਜਾਂ 03 ਤੋਂ ਜ਼ਿਆਦਾ ਸੁੰਡੀਆਂ ਮਿਲਦੀਆਂ ਹਨ, ਤਾਂ ਪਰੋਕਲੇਮ 5 ਐਸ ਜੀ ( ਐਮਾਮੈਕਟਿਨ ਬੈਨਜੋਏਟ) 100 ਗ੍ਰਾਮ ਜਾਂ ਕਿਊਰਾਕਰਨ 50 ਈ ਸੀ (ਪ੍ਰੋਫੈਨੋਫਾਸ)500 ਮਿ.ਲੀ.  ਜਾਂ ਅਵਾਂਟ 15 ਐਸ ਸੀ (ਇੰਡੋਕਸਾਕਾਰਬ) 200 ਮਿ.ਲੀ. ਜਾਂ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) 250 ਗ੍ਰਾਮ ਜਾਂ ਫੇਮ 400 ਐਸ ਸੀ (ਫਲੂਬੈਡਾਮਾਈਡ) 40 ਮਿ.ਲੀ. ਜਾਂ ਫੋਸਮਾਈਟ 50 ਈ ਸੀ (ਈਥੀਆਨ) 800 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।
ਸਹਾਇਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਇੰਜੀਨਿਅਰ ਅਲੋਕ ਗੁਪਤਾ ਨੇ ਮਿੱਟੀ ਅਤੇ ਪਾਣੀ ਪਰਖ਼ ਲਈ ਨਮੂਨੇ ਲੈਣ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਿੱਟੀ ਅਤੇ ਪਾਣੀ ਪਰਖ਼ ਸੁਵਿਧਾ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਮਾਨਸਾ ਵੱਲੋ ਮਹੁੱਈਆ ਕਰਵਾਈ ਜਾਂਦੀ ਹੈ। ਕੋਈ ਵੀ ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਮਾਨਸਾ ਤੋਂ ਆਪਣੇ ਖੇਤੀ ਦੀ ਮਿੱਟੀ ਅਤੇ ਪਾਣੀ ਦਾ ਨਮੂਨਾ ਲਿਆ ਕੇ ਪਰਖ਼ ਕਰਵਾ ਸਕਦਾ ਹੈ।

NO COMMENTS