*ਪਿੰਡ ਖਿਆਲਾ ਕਲਾਂ ਦਾ ਅਗਾਂਹਵਧੂ ਕਿਸਾਨ ਬਿੱਕਰ ਸਿੰਘ 10 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਿਹੈ ਕਣਕ ਦੀ ਬਿਜਾਈ*

0
3

ਮਾਨਸਾ, 07 ਫਰਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪੈਸਟ ਸਰਵੇਲੈਂਸ ਟੀਮ ਵੱਲੋਂ ਹਾੜ੍ਹੀ ਦੀਆਂ ਫਸਲਾਂ ਦਾ ਸਰਵੇਖਣ ਕਰਨ ਲਈ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਵੱਲੋਂ ਪਿੰਡ ਤਾਮਕੋਟ, ਮਲਕਪੁਰ ਖਿਆਲਾ ਅਤੇ ਖਿਆਲਾ ਕਲਾਂ ਵਿਖੇ ਕਿਸਾਨਾਂ ਦੇ ਖੇਤਾਂ ਵਿਚ ਕਣਕ ਅਤੇ ਸਰ੍ਹੋਂ ਦੀ ਫਸਲ ਦਾ ਸਰਵੇਖਣ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਦੇ ਅਗਾਂਹਵਧੂ ਕਿਸਾਨ ਸ੍ਰੀ ਬਿੱਕਰ ਸਿੰਘ ਵੱਲੋਂ ਆਪਣੇ ਤਿਆਰ ਕੀਤੇ ਬੀਜ ਨਾਲ ਲਗਭਗ 09 ਏਕੜ ਰਕਬੇ ਵਿਚ ਕਣਕ ਕਿਸਮ ਡੀ.ਬੀ. ਡਬਲਯੂ-187 ਦੀ ਬਿਜਾਈ ਕੀਤੀ ਹੋਈ ਸੀ ਅਤੇ ਕਿਸਾਨ ਪਿਛਲੇ ਲਗਭਗ 10 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਖੇਤਾਂ ਦੇ ਸਰਵੇਖਣ ਦੌਰਾਨ ਪਾਇਆ ਗਿਆ ਕਿ ਕਣਕ ਅਤੇ ਸਰ੍ਹੋਂ ਦੀ ਫਸਲ ਦੀ ਹਾਲਤ ਬਹੁਤ ਵਧੀਆ ਸੀ ਅਤੇ ਕਿਸੇ ਵੀ ਕੀੜੇ ਮਕੌੜੇ ਅਤੇ ਬਿਮਾਰੀ ਦਾ ਹਮਲਾ ਵੇਖਣ ਵਿਚ ਨਹੀਂ ਆਇਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਦਾ ਨਿਰੰਤਰ ਦੌਰਾ ਕੀਤਾ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਵਾਧਾ ਹੋਣ ਕਾਰਨ ਹਰੇ ਤੇਲੇ ਦਾ ਹਮਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖੇਤ ਵਿਚ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਪਾਇਆ ਗਿਆ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਲੋੜ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਿਫਾਰਸ਼ਸ਼ੁਦਾ ਕੀੜੇਮਾਰ ਦਵਾਈਆਂ ਦੀ ਸਪਰੇਅ ਕਰਵਾ ਕੇ ਹਮਲੇ ਨੂੰ ਕੰਟਰੋਲ ਕੀਤਾ ਜਾ ਸਕੇ।
ਇਸ ਮੌਕੇ ਡਾ. ਹਰਬੰਸ ਸਿੰਘ, ਜ਼ਿਲ੍ਹਾ ਸਿਖਲਾਈ ਅਫ਼ਸਰ, ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਪਰਾਗਦੀਪ ਸਿੰਘ ਬੀ.ਟੀ.ਐਮ., ਸ੍ਰੀ ਗੁਰਬਖਸ਼ ਸਿੰਘ ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਪਿੰਡ ਦੇ ਕਿਸਾਨ ਹਾਜ਼ਰ ਸਨ।

NO COMMENTS