*ਪਿੰਡ ਕੁੱਲਰੀਆਂ ਦੀ ਜ਼ਮੀਨ ਬਚਾਉਣ ਲਈ ਭਾਕਿਯੂ (ਏਕਤਾ) ਡਕੌਂਦਾ ਦਾ ਹੱਲਾ ਬੋਲ ਧਰਨਾ*

0
29

ਮਾਨਸਾ 28 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):

ਅੱਜ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਸੂਬਾ ਕਮੇਟੀ ਦੀ ਅਗਵਾਈ ਵਿਚ ਐੱਸ.ਐੱਸ.ਪੀ ਦਫਤਰ ਅੱਗੇ ਹਜ਼ਾਰਾਂ ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਕੇ ਰੋਸ ਪ੍ਰਗਟ ਕੀਤਾ। ਜਿਸ ਵਿੱਚ ਜਿਲੇ ਭਰ ਤੋਂ ਇਲਾਵਾ ਨੇੜਲੇ ਹੋਰ ਜਿਲਿਆਂ ਤੋਂ ਵੀ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ 13 ਜਿਲਿਆਂ ਦੇ ਆਗੂ ਵੀ ਸ਼ਾਮਿਲ ਹੋਏ । ਦੱਸਣਯੋਗ ਹੈ ਕਿ ਮਾਨਸਾ ਜਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਮੁਰੱਬੇਬੰਦੀ ਸਮੇਂ ਬੱਚਤ ਦੀ 71 ਏਕੜ ਜ਼ਮੀਨ ਤੇ 100 ਪਰਿਵਾਰ ਖੇਤੀ ਕਰਦੇ ਆ ਰਹੇ ਹਨ। ਇਸ ਜ਼ਮੀਨ ‘ਤੇ ਲੱਗਪਗ 40 ਪਰਿਵਾਰਾਂ ਦੇ ਘਰ ਵੀ ਬਣੇ ਹੋਏ ਹਨ ਪਰ ਹੁਣ ਪੰਜਾਬ ਸਰਕਾਰ ਦੀ ਸਹਿ ‘ਤੇ ਪੰਚਾਇਤੀ ਵਿਭਾਗ ਕਿਸਾਨਾਂ ਨੂੰ ਬੇਦਖਲ ਕਰਨ ਦਾ ਯਤਨ ਕਰ ਰਿਹਾ ਹੈ । ਕਿਸਾਨ ਕਹਿੰਦੇ ਹਨ ਕਿ ਮੁਰੱਬੇਬੰਦੀ ਵਿਭਾਗ ਨੇ ਇਹ ਜ਼ਮੀਨ ਕਿਸਾਨਾਂ ਦੇ ਨਾਮ ਕੀਤੀ ਹੋਈ ਹੈ ਅਤੇ ਸਰਕਾਰ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਪਿਛਲੇ ਸਮੇਂ ਵਿਚ ਜ਼ਮੀਨ ‘ਤੇ ਕਬਜ਼ੇ ਲਈ ਦੋਹਾਂ ਧਿਰਾਂ ਵਿੱਚ ਤਿੰਨ ਚਾਰ ਵਾਰ ਰੱਸਾਕਸ਼ੀ ਹੋ ਚੁੱਕੀ ਹੈ । ਇਸੇ ਰੌਲੇ ਦੇ ਚੱਲਦਿਆਂ ਪਹਿਲਾਂ ਪਿੰਡ ਦੇ ਕਿਸਾਨਾਂ ਤੇ ਕੇਸ ਦਰਜ ਹੋਏ ਹਨ । ਫਿਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਸਮੇਤ 30 ਕਿਸਾਨਾਂ ਅਤੇ 150 ਅਣਪਛਾਤੇ ਕਿਸਾਨਾਂ ਖਿਲਾਫ਼ ਕੇਸ ਦਰਜ ਹੋ ਚੁੱਕੇ ਹਨ। ਅੱਜ ਹਜ਼ਾਰਾਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਵਿਚ ਕਹਿ ਰਿਹਾ ਹੈ ਕਿ ਛੋਟੇ ਕਿਸਾਨਾਂ ਤੋਂ ਜ਼ਮੀਨ ਨਹੀ ਖੋਹੀ ਜਾਵੇਗੀ ਪਰ ਉਹਨਾਂ ਦੀ ਸਰਕਾਰ ਉਹਨਾਂ ਦੀ ਕਹੀ ਗੱਲ ਲਾਗੂ ਨਹੀ ਕਰ ਰਹੀ। ਆਮ ਆਦਮੀ ਪਾਰਟੀ ਦਾ ਪ੍ਰਧਾਨ ਬੁੱਧ ਰਾਮ ਕਿਸੇ ਵੀ ਕਨੂੰਨੀ ਨੁਕਤੇ ਤੇ ਗੱਲ ਕਰਨ ਤੋਂ ਇਨਕਾਰੀ ਹੈ ਅਤੇ ਬੇਸ਼ਰਮੀ ਨਾਲ ਭੂੰ ਮਾਫੀਆ ਦਾ ਪੱਖ ਪੂਰ ਰਿਹਾ ਹੈ।

ਸਥਾਨਕ ਸਰਪੰਚ ਪੰਜਾਬ ਸਰਕਾਰ ਦੀ ਸਹਿ ‘ਤੇ ਵਾਰ ਵਾਰ ਬਦਮਾਸ਼ੀ ਕਰ ਰਿਹਾ ਹੈ। ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਢਣੀਆਂ, ਪਰਵਾਸੀ ਮਜ਼ਦੂਰਾਂ ਨੂੰ ਕੁੱਟ ਕੇ ਭਜਾਉਣਾ ਅਤੇ ਮੋਟਰ ਦਾ ਪਾਣੀ ਲਾ ਰਹੇ ਕਿਸਾਨਾਂ ‘ਤੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰਨਾ, ਇਸ ਦੀਆਂ ਕੁੱਝ ਉਦਾਹਰਨਾਂ ਹਨ। ਉਸ ਖਿਲਾਫ਼ ਕਿਸਾਨਾਂ ਵੱਲੋਂ ਪੁਲਿਸ ਕੋਲ ਦਰਖਾਸਤਾਂ ਦਿੱਤੀਆਂ ਹੋਈਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਕਿਸਾਨਾਂ ਤੇ ਆਪਣੀਆਂ ਹੀ ਮੋਟਰਾਂ ਤੋਂ ਚੋਰੀ ਕਰਨ ਦੇ ਇਲ਼ਜਾਮ ਲਗਾ ਕੇ ਪਰਚਾ ਦਰਜ ਕਰ ਦਿੱਤਾ ਹੈ। ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਇਹ ਜ਼ਮੀਨ ਕਿਸਾਨਾਂ ਦੀ ਬੱਚਤ ਜ਼ਮੀਨ ਹੈ। ਇਸ ਜ਼ਮੀਨ ਦੇ ਮਾਲਕ ਅਤੇ ਕਾਸ਼ਤਕਾਰ ਕਿਸਾਨ ਹਨ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਵੇ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਖਿਲਾਫ਼ ਇਕ ਤਰਫਾ ਗੈਰਕਨੂੰਨੀ ਕਾਰਵਾਈ ਕਰ ਰਿਹਾ ਹੈ। ਕਿਸਾਨਾਂ ਤੋਂ ਧੱਕੇ ਨਾਲ ਜਮੀਨ ਦਾ ਕਬਜਾ ਖੋਹਿਆ ਗਿਆ ਹੈ। ਕਿਸਾਨਾਂ ਦਾ ਕਬਜਾ ਤੁਰੰਤ ਬਹਾਲ ਰੱਖੇ । ਇਕੱਠ ਨੂੰ ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੋਹਾਲੀ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਮਹਿੰਦਰ ਸਿੰਘ ਦਿਆਲਪੁਰਾ ਅਤੇ ਜਥੇਬੰਦੀ ਦੀ ਔਰਤ ਵਿੰਗ ਦੀ ਆਗੂ ਬੀਬੀ ਅਮ੍ਰਿਤਪਾਲ ਕੌਰ ਹਰੀ ਨੌਂ ਨੇ ਸੰਬੋਧਨ ਕੀਤਾ। ਮਾਨਸਾ ਤੋ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਸਰਪੰਚ ਰਾਜਵੀਰ ਸਿੰਘ ਨੇ 25 ਅਗਸਤ ਨੂੰ ਵੀ ਕਿਸਾਨਾਂ ਤੇ ਜਾਨਲੇਵਾ ਹਮਲਾ ਕਰਾਇਆ ਹੈ। ਪੁਲਿਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਸਰਪੰਚ ਅਤੇ ਉਸਦੇ ਗੁੰਡਿਆਂ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਇਹ ਜ਼ਮੀਨ ਮਾਲਕੀ ਦੇ ਹਿਸਾਬ ਨਾਲ ਮੁਰੱਬੇਬੰਦੀ ਵਿਭਾਗ ਵੱਲੋਂ 1967 ਵਿਚ ਕਿਸਾਨਾਂ ਨੂੰ ਦਿੱਤੀ ਗਈ ਸੀ ਅਤੇ ਉਸ ਸਮੇਂ ਗ੍ਰਾਮ ਸਭਾ ਦੇ ਮਤੇ ਅਨੁਸਾਰ ਦੋ ਬੋਰਾਂ ਦਾ ਸੰਤਾਲੀ ਸੌ ਪ੍ਰਤੀ ਬੋਰ ਜਮ੍ਹਾਂ ਕਰਵਾ ਕੇ ਬੋਰਾਂ ਦਾ ਕਬਜਾ ਲਿਆ ਸੀ। ਓਦੋਂ ਤੋਂ ਹੀ ਕਿਸਾਨ ਇਸ ਜ਼ਮੀਨ ਤੇ ਮਾਲਕ ਹਨ ਤੇ ਖੇਤੀ ਕਰਦੇ ਆ ਰਹੇ ਹਨ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਪੂਰਥਲਾ ਤੋਂ ਅਵਤਾਰ ਸਿੰਘ ਸੈਦੋਵਾਲ, ਬਠਿੰਡਾ ਤੋਂ ਬਲਵਿੰਦਰ ਸਿੰਘ ਜੇਠੂਕੇ, ਮਲੇਰਕੋਟਲਾ ਤੋਂ ਬੂਟਾ ਖਾਨ, ਲੁਧਿਆਣਾ ਤੋਂ ਜਗਤਾਰ ਸਿੰਘ ਦੇਹੜਕਾ, ਫਿਰੋਜਪੁਰ ਤੋਂ ਦਰਸ਼ਨ ਸਿੰਘ ਕੜਮਾ, ਫਾਜਿਲਕਾ ਤੋਂ ਹਰਮੀਤ ਸਿੰਘ, ਫਰੀਦਕੋਟ ਤੋਂ ਜੱਸਾ ਸਿੰਘ ਕੁਹਾਰ ਵਾਲਾ, ਸੰਗਰੂਰ ਤੋਂ ਕਰਮਜੀਤ ਸਿੰਘ ਰਾਮਨਗਰ ਛੰਨਾ, ਬਰਨਾਲਾ ਤੋਂ ਕੁਲਵੰਤ ਸਿੰਘ ਮਾਨ, ਮੋਗੇ ਤੋਂ ਰਾਜੂ, ਮੋਹਾਲੀ ਤੋਂ ਪ੍ਰਦੀਪ ਮਿੱਤਲ ਤੇ ਮੁਕਤਸਰ ਤੋਂ ਗੁਰਦੀਪ ਸਿੰਘ ਖੁੱਡੀਆਂ ਨੇ ਵੀ ਸੰਬੋਧਨ ਕੀਤਾ। ਜਾਰੀ ਕਰਤਾ- ਅੰਗਰੇਜ ਸਿੰਘ ਮੋਹਾਲੀ ਸੂਬਾ ਪ੍ਰੈੱਸ ਸਕੱਤਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ

NO COMMENTS