*ਪਿੰਡ ਕੁਲਰੀਆਂ ਦੇ ਮਸਲੇ ਨੂੰ ਲੈ ਕੇ 23 ਸਤੰਬਰ ਨੂੰ ਪ੍ਰਿੰਸੀਪਲ ਬੁੱਧ ਰਾਮ ਦੇ ਦਫ਼ਤਰ ਦਾ ਘਿਰਾਓ-ਭਾਕਿਯੂ (ਏਕਤਾ) ਡਕੌਂਦਾ*

0
18

 ਬੁਢਲਾਡਾ/ ਬਰੇਟਾ 19 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਲ੍ਹਾ ਮਾਨਸਾ ਦੀ ਅਗਵਾਈ ਵਿੱਚ ਹਲਕਾ ਬੁਢਲਾਡਾ ਦੇ ਪਿੰਡਾਂ ਦੇ ਵਿੱਚ ਝੰਡਾ ਮਾਰਚ ਕੀਤਾ ਗਿਆ । ਜਿਸ ਮਾਰਚ ਵਿੱਚ ਸੈਕੜੇ ਮੋਟਰ ਸਾਈਕਲ ਸਵਾਰ ਅਤੇ ਗੱਡੀਆਂ ‘ਤੇ ਸਵਾਰ ਕਿਸਾਨਾਂ ਨੇ ਸ਼ਮੂਲੀਅਤ ਕੀਤੀ । ਅੱਜ ਦਾ ਕਾਫ਼ਲਾ ਮਾਰਚ ਪਿੰਡ ਕੁਲਰੀਆਂ ਵਿੱਚ ਰੈਲੀ ਕਰਨ ਉਪਰੰਤ ਸ਼ੁਰੂ ਕੀਤਾ ਗਿਆ ਅਤੇ ਪੁਲਿਸ ਚੌਂਕੀ ਸਾਹਮਣੇ ਭਾਰੀ ਨਾਅਰੇਬਾਜ਼ੀ ਕੀਤੀ ਗਈ । ਇਸ ਤੋਂ ਬਾਅਦ ਇਹ ਮਾਰਚ ਪਿੰਡ ਕਾਹਨਗੜ੍ਹ, ਜਗਲਾਣ, ਮੰਡੇਰ, ਬਰੇਟਾ, ਜਲਵੇੜਾ, ਸੰਘਰੇੜੀ, ਧਰਮਪੁਰਾ, ਸੈਦੇਵਾਲਾ, ਮੰਘਾਣੀਆਂ, ਸ਼ੇਰ ਖਾਂ ਵਾਲਾ, ਬੋਹਾ, ਮੰਡੇਰਨਾ, ਭੱਠਲ, ਮੱਲ ਸਿੰਘ ਵਾਲਾ, ਵਰ੍ਹੇ, ਅਹਿਮਦਪੁਰ ਵਿੱਚੋਂ ਦੀ ਹੁੰਦਾ ਹੋਇਆ ਅਖੀਰ ਵਿੱਚ ਬੁਢਲਾਡਾ ਸ਼ਹਿਰ ਜੋਸ਼ ਨਾਲ ਨਾਅਰੇਬਾਜ਼ੀ ਕਰਦਿਆਂ ਝੰਡਾ ਮਾਰਚ ਦੀ ਸਮਾਪਤੀ ਕੀਤੀ ਗਈ । ਇਹ ਮਾਰਚ ਆਉਣ ਵਾਲੀ 23 ਸਤੰਬਰ ਨੂੰ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਸਿੰਘ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਸੰਬੰਧੀ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ, ਪੰਜਾਬ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਧੜਾਧੜ ਗੈਰ ਕਾਨੂੰਨੀ ਕਬਜ਼ੇ ਕਰਵਾ ਰਹੀ ਹੈ । ਪੰਚਾਇਤੀ ਵਿਭਾਗ ਵੱਲੋਂ ਸਰਕਾਰੀ ਜ਼ਮੀਨਾਂ ਦੇ ਨਾਮ ਉੱਤੇ ਜੱਦੀ ਪੁਸ਼ਤੀ ਅਬਾਦ ਕਰਨ ਵਾਲੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖ਼ਲ ਕੀਤਾ ਜਾ ਰਿਹਾ ਹੈ । ਕੁਲਰੀਆਂ, ਸਸਪਾਲੀ ਸਮੇਤ ਹੋਰ ਬੁਢਲਾਡਾ ਹਲਕੇ ਦੇ 17 ਪਿੰਡਾਂ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖ਼ਲ ਕਰਨ ਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਜਦੋਂ ਕਿ ਕਿਸਾਨ ਬੱਚਤ ਦੀ ਜ਼ਮੀਨ ਉੱਤੇ ਜ਼ੱਦੀ ਪੁਸ਼ਤੀ ਪੰਜ ਛੇ ਦਹਾਕਿਆਂ ਤੋਂ ਲੈ ਕੇ ਕਾਸ਼ਤ ਕਰਦੇ ਆ ਰਹੇ ਹਨ । ਇੰਨਾਂ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖ਼ਲ ਹੋਣ ਤੋਂ ਰੋਕਣ ਲਈ ਕਿਸਾਨਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਭੂੰ ਮਾਫ਼ੀਆ ਗਿਰੋਹ ਨੇ ਜੋ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰ ਲਏ ਹਨ । ਇੰਨਾਂ ਸਾਰੇ ਮਸਲਿਆਂ ਦੇ ਸੰਬੰਧ ਵਿੱਚ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਮਾਰੂ ਨੀਤੀਆਂ ਤੋਂ ਰੋਕਣ ਦੇ ਸਿੱਟੇ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ 30 ਆਗੂਆਂ ਅਤੇ 150 ਕਿਸਾਨਾਂ ਉੱਤੇ ਬਰੇਟਾ ਥਾਣੇ ਵਿੱਚ ਝੂਠੇ ਪਰਚੇ ਦਰਜ ਕੀਤੇ ਗਏ ਹਨ । ਜਿੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ । ਦੂਸਰੇ ਪਾਸੇ ਹੜ੍ਹ ਮਾਰੇ ਇਲਾਕਿਆਂ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਕੋਈ ਸਾਰ ਨਹੀ ਲਈ ਜਾ ਰਹੀ ਅਤੇ ਕੋਈ ਮਾਲੀ ਮੱਦਦ ਨਹੀ ਕੀਤੀ ਜਾ ਰਹੀ । ਇੰਨਾਂ ਸਾਰੇ ਮਸਲਿਆਂ ਨੂੰ ਲੈ ਕੇ ਸੰਘਰਸ਼ ਦੇ ਪ੍ਰੋਗਰਾਮ ਉੱਲੀਕੇ ਗਏ ਹਨ ਅਤੇ 23 ਸਤੰਬਰ ਨੂੰ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਦਫ਼ਤਰ ਮੂਹਰੇ ਹਜ਼ਾਰਾਂ ਕਿਸਾਨ ਰੋਹ ਭਰਪੂਰ ਧਰਨਾ ਦੇਣਗੇ । ਅੱਜ ਦੇ ਇਸ ਕਾਫ਼ਲਾ ਮਾਰਚ ਵਿੱਚ ਜਿਲ੍ਹਾ ਕਮੇਟੀ ਦੇ ਨਾਲ ਜਥੇਬੰਦੀ ਦੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ, ਜਿਲ੍ਹਾ ਜਨਰਲ ਸਕੱਤਰ ਬਲਵਿੰਦਰ ਸ਼ਰਮਾਂ, ਜਗਦੇਵ ਸਿੰਘ ਕੋਟਲੀ, ਦੇਵੀ ਰਾਮ ਰੰਘੜਿਆਲ ਸਮੇਤ ਬਲਾਕਾਂ ਦੇ ਪ੍ਰਧਾਨ ਸਕੱਤਰ ਸੱਤਪਾਲ ਸਿੰਘ ਵਰ੍ਹੇ, ਬਲਜੀਤ ਸਿੰਘ ਭੈਣੀ ਅਤੇ ਸੈਕੜੇ ਹੋਰ ਕਿਸਾਨ ਹਾਜ਼ਰ ਸਨ ।

NO COMMENTS