*ਪਿੰਡ ਅਕਲੀਆ ਦੇ ਵਿਕਾਸ ਕੰਮਾਂ ਦੇ ਫਰਜੀ ਦਿਹਾੜੀਆਂ ਦਾ ਮਾਮਲਾ ਅਧਿਕਾਰੀਆਂ ਕੋਲ ਪੁੱਜਾ*

0
268

ਮਾਨਸਾ 20,ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਪਿੰਡ ਅਕਲੀਆ ਵਿਖੇ ਸਾਲ 2019 ਵਿੱਚ ਹੋਏ ਵਿਕਾਸ ਕੰਮਾਂ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਕੁੱਝ ਵਿਅਕਤੀਆਂ ਦੀਆਂ ਮਜਦੂਰਾਂ ਦੀਆਂ ਫਰਜੀ ਦਿਹਾੜੀਆਂ ਕਾਗਜਾਂ ਵਿੱਚ ਪਾਉਣ ਨੂੰ ਲੈ ਕੇ ਬਾਵੇਲਾ ਖੜ੍ਹਾ ਹੋ ਗਿਆ ਹੈ। ਪਿੰਡ ਦੇ ਕੁੱਝ ਮਜ਼ਦੂਰਾਂ ਤੇ ਵਿਅਕਤੀਆਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ, ਵਿਜੀਲੈਂਸ, ਡੀਡੀਪੀਓ ਮਾਨਸਾ ਅਤੇ ਏਡੀਸੀ ਮਾਨਸਾ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਰਜੀ ਦਿਹਾੜੀਆਂ ਕਾਗਜਾਂ ਵਿੱਚ ਸ਼ਾਮਿਲ ਕਰਕੇ ਪਿੰਡ ਦੇ ਸਰਪੰਚ ਵੱਲੋਂ ਹੇਰਫੇਰ ਕੀਤਾ ਗਿਆ ਹੈ। ਜਿਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ, ਜਦੋਂ ਕਿ ਦੂਜੇ ਪਾਸੇ ਪਿੰਡ ਦੀ ਮਹਿਲਾ ਸਰਪੰਚ ਨੇ ਅਜਿਹਾ ਕੁੱਝ ਵੀ ਨਾ ਹੋਣ ਅਤੇ ਪਾਰਦਰਸ਼ੀ ਢੰਗ ਨਾਲ ਮਜ਼ਦੂਰਾਂ ਤੋਂ ਕੰਮ ਕਰਵਾਏ ਜਾਣ ਦੀ ਗੱਲ ਕਹੀ ਹੈ। ਪਿੰਡ ਦੇ ਮਜਦੂਰ ਗੁਰਸੇਵਕ ਸਿੰਘ, ਸੱਤਪਾਲ ਅਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2019 ਵਿੱਚ ਮਾਰਚ ਮਹੀਨੇ ਵਿੱਚ ਪਿੰਡ ਵਿੱਚ ਗਲੀਆਂ ਨਾਲੀਆਂ ਬਣਾਈਆਂ ਗਈਆਂ ਸਨ, ਪਰ ਇੰਨ੍ਹਾਂ ਦਿਹਾੜੀਆਂ ਦੀ ਮਾਸਟਰ ਰੋਲ ਲਿਸਟ ਵਿੱਚ ਕੁੱਝ ਮਜਦੂਰਾਂ ਦਾ ਫਰਜੀ ਨਾਂ ਤੇ ਦਿਹਾੜੀਆਂ ਪਾ ਕੇ ਉਨ੍ਹਾਂ ਨੂੰ ਦਿੱਤੇ ਪੈਸੇ ਦਿਖਾਏ ਗਏ ਹਨ। ਗੁਰਸੇਕਵ ਸਿੰਘ ਨੇ ਕਿਹਾ ਕਿ ਉਸ ਦੀ 31 ਦਿਹਾੜੀਆਂ ਦੀ ਹਾਜ਼ਰ ਲਗਾਈ ਹੈ। ਜਿਸ ਦੇ 9641 ਰੁਪਏ ਦਿਖਾਏ ਗਏ ਹਨ, ਪਰ ਉਸ ਦੇ ਪਿੰਡ ਵਿੱਚ ਕੋਈ ਵੀ ਦਿਹਾੜੀ ਨਹੀਂ ਲਗਾਈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇੰਨ੍ਹਾਂ ਕੰਮਾਂ ਵਿੱਚ ਵੱਡਾ ਘਪਲਾ ਤੇ ਹੇਰਫੇਰ ਕੀਤੀ ਗਈ ਹੈ ਅਤੇ ਮਜ਼ਦੂਰਾਂ ਦੇ ਫਰਜੀ ਦਸਤਖਤ ਕਰਕੇ ਮਾਸਟਰਰੋਲ ਵਿੱਚ ਖਾਨਾ ਪੂਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਲੀਆਂ, ਨਾਲੀਆਂ ਬਣਾਉਣ ਲਈ ਵੱਡੀ ਪੱਧਰ ਤੇ ਗ੍ਰਾਂਟ ਭੇਜੀ ਸੀ, ਜਿੰਨਾਂ ਦੇ ਪੈਸੇ ਫਰਜੀ ਦਿਹਾੜੀਆਂ ਦਿਖਾ ਕੇ ਹੜੱਪੇ ਗਏ ਹਨ। ਉਨ੍ਹਾਂ ਉਚ ਅਧਿਕਾਰੀਆਂ ਨੂੰ ਲਿਖੇ ਪੱਤਰਾਂ ਵਿੱਚ ਮੰਗ ਕੀਤੀ ਹੈ ਕਿ ਸਰਕਾਰ ਪਾਸੋਂ ਆਈਆਂ ਗ੍ਰਾਂਟਾ, ਹੋਏ ਵਿਕਾਸ ਦੇ ਕੰਮਾਂ ਅਤੇ ਫਰਜੀ ਦਿਹਾੜੀਆਂ ਦੇ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਇਸ ਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਿਹਾੜੀਆਂ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਹੋਰ ਵੀ ਉਚ ਅਧਿਕਾਰੀਆਂ ਨੁੰ ਸ਼ਿਕਾਇਤਾਂ ਭੇਜੀਆਂ ਹਨ ਅਤੇ ਇਸ ਦੇ ਸਾਰੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ, ਜਿੰਨਾਂ ਨੂੰ ਜਦੋਂ ਚਾਹੇ ਪੇਸ਼ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਪਿੰਡ ਦੀ ਮਹਿਲਾ ਸਰਪੰਚ ਸੁਖਬੀਰ ਕੌਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਨਹੀਂ ਹੈ ਅਤੇ ਨਾ ਹੀ ਦਿਹਾੜੀਆਂ ਆਦਿ ਨੂੰ ਲੈ ਕੇ ਕਿਸੇ ਵਿਅਕਤੀ ਨਾਲ ਉਨ੍ਹਾਂ ਦਾ ਝਗੜਾ ਝਮੇਲਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਰਦਰਸ਼ੀ ਢੰਗ ਨਾਲ ਕੰਮ ਕਰਵਾਏ ਗਏ ਹਨ, ਜਿਸ ਦਾ ਸਾਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ ਅਤੇ ਇਸ ਵਿੱਚ ਹੇਰਫੇਰ ਦੀ ਕੋਈ ਵੀ ਗੱਲ ਨਹੀਂ ਹੈ।

NO COMMENTS