*ਪਿੰਡਾਂ ਵਿਚ ਅਧਿਕਾਰੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਲਗਾਤਾਰ ਮੁਸਤੈਦ-ਵਧੀਕ ਡਿਪਟੀ ਕਮਿਸ਼ਨਰ*

0
14

ਮਾਨਸਾ, 18 ਨਵੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ):
ਸਿਵਲ ਤੇ ਪੁਲਿਸ ਅਧਿਕਾਰੀ ਪਿੰਡਾਂ ਵਿਚ ਲਗਾਤਾਰ ਦੌਰਾ ਕਰਕੇ ਕਿਸਾਨ ਮਿਲਣੀਆਂ ਕਰ ਰਹੇ ਹਨ ਤਾਂ ਜੋ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ। ਇਸ ਤੋਂ ਇਲਾਵਾ ਜਿੱਥੇ ਕਿਤੇ ਵੀ ਪਰਾਲੀ ਨੂੰ ਲੱਗੀ ਅੱਗ ਦਾ ਮਾਮਲਾ ਸਾਹਮਣੇ ਆਉਂਦਾ ਹੈ ਉਸ ’ਤੇ ਤੁਰੰਤ ਕਾਰਵਾਈ ਕਰਦਿਆਂ ਅੱਗ ਨੂੰ ਬੁਝਾਇਆ ਜਾਂਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਨੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਮੌਕੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਜ ਪਿੰਡ ਪਿੰਡ ਬੁਰਜ ਹਰੀ, ਰੱਲਾ, ਅਨੂਪਗੜ੍ਹ, ਜੋਗਾ, ਭੈਣੀ ਬਾਘਾ, ਮਾਖਾ, ਤਾਮਕੋਟ, ਖੋਖਰ ਕਲਾਂ, ਖੋਖਰ ਖੁਰਦ, ਰਮਦਿੱਤੇ ਵਾਲਾ ਆਦਿ ਪਿੰਡਾਂ ਦਾ ਖੁਦ ਦੌਰਾ ਕਰਕੇ ਖੇਤਾਂ ਵਿਚ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਪਰਾਲੀ ਦਾ ਆਧੁਨਿਕ ਤਕਨੀਕਾਂ ਨਾਲ ਨਿਪਟਾਰਾ ਕਰ ਰਹੇ ਹਨ, ਪਰ ਫੇਰ ਵੀ ਜਿੱਥੇ ਕਿਤੇ ਵੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉੱਥੇ ਤੈਨਾਤ ਸਬੰਧਤ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਪਿੰਡ ਬਹਿਣੀਵਾਲ, ਗੁਰਨੇ ਖੁਰਦ, ਅੱਕਾਂਵਾਲੀ, ਤਲਵੰਡੀ ਅਕਲੀਆ, ਦਾਨੇਵਾਲਾ, ਦਲੇਲ ਵਾਲਾ, ਰੋੜਕੀ ਅਤੇ ਬੁਢਲਾਡਾ ਵਿਖੇ ਵੱਖ ਵੱਖ ਥਾਵਾਂ ’ਤੇ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨੂੰ ਅਧਿਕਾਰੀਆਂ ਵੱਲੋਂ ਮੌਕੇ ’ਤੇ ਜਾ ਕੇ ਬੁਝਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੌਰੇ ਦੌਰਾਨ ਪਿੰਡ ਬੁਰਜ ਹਰੀ ਵਿਖੇ ਇਕ ਖੇਤ ਵਿਚ ਪਰਾਲੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਮੌਕੇ ’ਤੇ ਜਾ ਕੇ ਬੁਝਾਇਆ ਗਿਆ।
ਉਨ੍ਹਾਂ ਦੱਸਿਆ ਕਿ ਪਿੰਡ ਬੁਰਜ ਰਾਠੀ ਦੇ ਕਿਸਾਨ ਮਨਦੀਪ ਸਿੰਘ ਵੱਲੋਂ 20 ਏਕੜ ਅਤੇ ਅਵਤਾਰ ਸਿੰਘ ਵੱਲੋਂ 12 ਏਕੜ ਰਕਬੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਪਰਾਲੀ ਦਾ ਪਰਬੰਧਨ ਕੀਤਾ ਗਿਆ ਅਤੇ ਇਹਨਾਂ ਕਿਸਾਨਾਂ ਦੁਆਰਾ ਪਿਛਲੇ ਕਰੀਬ 5 ਸਾਲ ਤੋਂ ਬਿੰਨਾਂ ਅੱਗ ਲਗਾਏ ਪਰਾਲੀ ਦੀ ਸੰਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਕਿਸਾਨ ਜਗਤਾਰ ਸਿੰਘ ਵੱਲੋਂ 2 ਏਕੜ, ਹਰਦੇਵ ਸਿੰਘ 4 ਏਕੜ ਅਤੇ ਸਤਵੀਰ ਸਿੰਘ ਵੱਲੋਂ 4 ਏਕੜ ਰਕਬੇ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ। ਪਿੰਡ ਚੱਕ ਤੋਂ ਕਿਸਾਨ ਜਗਰਾਜ ਸਿੰਘ ਨੇ 9 ਏਕੜ ਜ਼ਮੀਨ ’ਚ ਸੁਪਰ ਸੀਡਰ ਨਾਲ ਬਿਜਾਈ ਕੀਤੀ ਹੈ ਅਤੇ ਪਿੰਡ ਗੋਰਖਨਾਥ ਦੇ ਕਿਸਾਨ ਬਾਵਾ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਬੇਲਰ ਨਾਲ 25 ਏਕੜ ਰਕਬੇ ’ਚ ਪਰਾਲੀ ਦੀਆਂ ਗੰਢਾਂ ਬਣਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨ ਦੂਜੇ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ ਹਨ।

NO COMMENTS