*ਪਾਲਿਸੀ ਉਲੀਕਣ ਬਾਰੇ ਪੀੜਤਾਂ ਨਾਲ ਹੋਵੇਗੀ 11 ਜੂਨ ਨੂੰ ਜਲੰਧਰ ਵਿਖੇ ਵਿਚਾਰ-ਚਰਚਾ !! ਵਿਦੇਸ਼ਾਂ ਦੀ ਆੜ ’ਚ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਨੂੰ ਵਿਚਾਰ-ਚਰਚਾ ਲਈ ਖੁੱਲ੍ਹਾ ਸੱਦਾ*

0
30

ਮਾਨਸਾ, 08 ਜੂਨ: (ਸਾਰਾ ਯਹਾਂ/ਬਿਊਰੋ ਨਿਊਜ਼ ) 
ਪੰਜਾਬ ਦੀਆਂ ਮਹਿਲਾਵਾਂ ਨੂੰ ਵਿਦੇਸ਼ਾਂ ਵਿਚ ਭੇਜ ਕੇ ਉਨ੍ਹਾਂ ਨਾਲ ਹੋ ਰਹੇ ਸ਼ੋਸ਼ਣ ਨੂੰ ਸੂਬਾ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਸਬੰਧੀ ਮਹਿਲਾਵਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਰਾਜ ਪੱਧਰੀ ਪਾਲਿਸੀ ਉਲੀਕਣ ਲਈ ਪੀੜਿਤਾਂ ਨਾਲ ਜਲੰਧਰ ਵਿਖੇ 11 ਜੂਨ ਨੂੰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ.ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਹਰਜਿੰਦਰ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮਹਿਲਾਵਾਂ ਜੋ ਵਿਦੇਸ਼ਾਂ ਵਿਚ ਜਾਣ ਦੀਆਂ ਇੱਛੁਕ ਹਨ, ਉਥੇ ਵੱਸੀਆਂ ਹੋਈਆਂ ਹਨ ਜਾਂ ਵਾਪਸ ਆ ਚੁੱਕੀਆ ਹਨ ਦੇ ਹੱਕਾਂ ਦੀ ਰਾਖੀ ਲਈ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੁੱਝ ਏਜੰਟਾਂ ਵੱਲੋਂ ਮਹਿਲਾਵਾਂ ਨੂੰ ਵਿਦੇਸ਼ਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਭੇਜਣ ਦੇ ਮੰਤਵ ਨਾਲ ਨੌਕਰੀ ਦਾ ਝਾਂਸਾ ਦੇਣ ਅਤੇ ਗਲਤ ਬਿਆਨ ਬਾਜ਼ੀ ਕਰਕੇ ਉਨ੍ਹਾਂ ਨਾਲ ਕਈ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਸਥਿਤੀ ’ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਇਕ ਰਾਜ ਪੱਧਰੀ ਪਾਲਿਸੀ ਤਿਆਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਵਿਚ ਹਰ ਤਰ੍ਹਾਂ ਦਾ ਸ਼ੋਸ਼ਣ ਭੁਗਤ ਚੁੱਕੀਆਂ ਔਰਤਾਂ ਦੇ ਦੁਖਾਂਤ ਨੂੰ ਸੁਣਨ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਪਾਲਿਸੀ ਵਿਚ ਸ਼ਾਮਿਲ ਕਰਨ ਲਈ 11 ਜੂਨ ਨੂੰ ਡਿਪਟੀ ਕਮਿਸ਼ਨਰ, ਜਲੰਧਰ ਦੇ ਦਫਤਰ ਵਿਖੇ 11.00 ਵਜੇ ਤੋਂ 1.00 ਵਜੇ ਤੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੇ ਸ਼ੋਸ਼ਣ ਸਬੰਧੀ ਖਾਸ ਤੌਰ ’ਤੇ ਅਮਰੀਕਾ, ਕਨੇਡਾ, ਆਸਟ੍ਰੇਲੀਆ, ਨਿਯੂਜੀਲੈਡ, ਮੱਧ ਪੂਰਬੀ ਦੇਸ਼ ਜਿਵੇਂ ਕੁਵੈਤ, ਦੁਬਈ, ਓਮਾਨ ਆਦਿ ਤੋਂ ਅਜਿਹੀਆਂ ਮੰਦਭਾਗੀ ਘਟਨਾਵਾਂ ਦੀ ਰਿਪੋਰਟ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਵਤੀਰੇ ਨੂੰ ਸੂਬਾ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਐਨ.ਆਰ.ਆਈ ਵਿਅਕਤੀਆਂ/ਏਜੰਟਾਂ/ਰਿਸ਼ਤੇਦਾਰਾਂ ਦੇ ਝਾਂਸੇ ਵਿੱਚ ਆ ਕੇ ਧੋਖਾ ਖਾ ਚੁੱਕੀਆਂ ਮਹਿਲਾਵਾਂ ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 0181-2253285, 70092-39158 ਅਤੇ ਸਖੀ ਵਨ ਸਟਾਪ ਸੈਂਟਰ, ਜਲੰਧਰ 90231-31010 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 

NO COMMENTS