*ਪਾਰਦਰਸ਼ੀ ਤੇ ਯੋਜਨਾਬੱਧ ਢੰਗ ਨਾਲ ਕੀਤੀ ਜਾਵੇ ਰਾਸ਼ਨ ਕਾਰਡਾਂ ਦੀ ਪੜਤਾਲ-ਡਿਪਟੀ ਕਮਿਸ਼ਨਰ*

0
23

ਮਾਨਸਾ, 07 ਜੁਲਾਈ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਪਾਰਦਰਸ਼ੀ ਅਤੇ ਯੋਜਨਾਬੱਧ ਢੰਗ ਨਾਲ ਸਰਵੇ ਕਰਕੇ ਰਾਸ਼ਨ ਕਾਰਡਾਂ ਦੀ ਪੜਤਾਲ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਿਰਫ ਲੋੜਵੰਦ ਲਾਭਪਾਤਰੀ ਦਾ ਹੀ ਰਾਸ਼ਨ ਕਾਰਡ ਬਣਿਆ ਹੋਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਨੇ ਸਥਾਨਕ ਬੱਚਤ ਭਵਨ ਵਿਖੇ ਸਮੂਹ ਵਿਭਾਗੀ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕਰਨ ਮੌਕੇ ਕੀਤਾ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਦੀ ਪੜਤਾਲ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਧਵਾ, ਅਪਾਹਜ ਅਤੇ ਅਨਾਥ ਲੋਕਾਂ ਦਾ ਵੇਰਵਾ, ਕੈਂਸਰ ਅਤੇ ਅਧਰੰਗ ਦੇ ਮਰੀਜ਼ਾਂ ਦਾ ਵੇਰਵਾ ਅਤੇ ਬਿਜਲੀ ਦੇ ਬਿੱਲਾਂ ਦਾ ਵੇਰਵਾ ਸਬੰਧਤ ਵਿਭਾਗਾਂ ਤੋਂ ਇਕੱਤਰ ਕਰਕੇ ਇਸ ਵੇਰਵੇ ਦੇ ਆਧਾਰ ’ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਕਾਰਡ ਦੇ ਲਾਭਪਾਤਰੀ ਬਣਾਇਆ ਜਾਵੇ।  ਉਨ੍ਹਾਂ ਕਿਹਾ ਕਿ ਅਯੋਗ ਪਾਏ ਕਾਰਡ ਕੱਟ ਕੇ ਯੋਗ ਤੇ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਬਣਾਏ ਜਾਣ ਤਾਂ ਜੋ ਸਹੀ ਲਾਭਪਾਤਰੀ ਨੂੰ ਇਹ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਗੰਭੀਰਤਾ ਨਾਲ ਲੈਂਦਿਆ ਕੀਤਾ ਜਾਵੇ ਅਤੇ ਕਿਸੇ ਪ੍ਰਕਾਰ ਦੀ ਲਾਪਰਵਾਹੀ ਨਾ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਮੁਕੰਮਲ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਭੇਜੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਬੇਵਜ੍ਹਾ ਲੰਬਿਤ ਨਾ ਰਹੇ। ਉਨ੍ਹਾਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਪਾਸੋਂ ਸਮਾਰਟ ਵਿਲੇਜ ਕੰਪੇਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਪੰਜਾਬ ਨਿਰਮਾਣ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਸਮੂਹ ਕਾਰਜਸਾਧਕ ਅਫ਼ਸਰਾਂ ਪਾਸੋਂ ਪ੍ਰਾਪਰਟੀ ਟੈਕਸ ਦੀ ਕੁਲੈਕਸ਼ਨ ਅਤੇ ਐਮ.ਆਰ.ਐਫ. ਸ਼ੈੱਡਾਂ ਅੰਦਰ ਕੂੜੇ ਦੀ ਸੈਗਰੀਗੇਸ਼ਨ ਸਬੰਧੀ ਜਾਣਕਾਰੀ ਹਾਸਲ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਡ ਡੇਅ ਮੀਲ ਅੰਦਰ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਦੀ ਮਾਤਰਾ ਅਤੇ ਗੁਣਵੱਤਾ ਦਾ ਖਾਸ ਖਿਆਲ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਬੀ.ਡੀ.ਪੀ.ਓਜ਼ ਅਤੇ ਨਾਇਬ ਤਹਿਸੀਲਦਾਰ ਸਾਰੇ ਮਿਡ-ਡੇਅ-ਮੀਲ ਦਾ ਦੌਰਾ ਕਰਕੇ ਖਾਣੇ ਦੀ ਗੁਣਵੱਤਾ ਦੀ ਜਾਂਚ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਮਗਨਰੇਗਾ, ਨਾਜਾਇਜ਼ ਕਬਜਿਆਂ, ਭਲਾਈ ਸਕੀਮਾਂ ਅਤੇ ਵਿਵੇਕੀ ਗ੍ਰਾਟਾਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਲਈ।

NO COMMENTS