*ਪਾਕਿਸਤਾਨ ’ਚ ਹਰੀ ਸਿੰਘ ਨਲੂਆ ਦੀ ਹਵੇਲੀ ਨੂੰ ਮਿਲੇਗਾ ਨਵਾਂ ਰੰਗ-ਰੂਪ, ਇਮਰਾਨ ਖ਼ਾਨ ਸਰਕਾਰ ਵੱਲੋਂ ਫੰਡ ਜਾਰੀ*

0
36

ਚੰਡੀਗੜ੍ਹ 20,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪਾਕਿਸਤਾਨ ਦੇ ਕਟਾਸਰਾਜ ਵਿਖੇ ਸਥਿਤ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ (1791–1837) ਦੀ ਹਵੇਲੀ ਨੂੰ ਹੁਣ ਇੱਕ ਨਵਾਂ ਰੰਗ-ਰੂਪ ਦਿੱਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਾਕਿਸਤਾਨ ਦੇ ‘ਈਵੈਕੁਈ ਟ੍ਰੱਸਟ ਪ੍ਰੌਪਰਟੀ ਬੋਰਡ’ (ETPB) ਨੇ ਇਸ ਲਈ 10 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਖ਼ਾਲਸਾ ਫ਼ੌਜ ਦੇ ਜਰਨੈਲ ਹਰੀ ਸਿੰਘ ਨਲੂਆ ਦੀ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਤੇ ਜਮਰੂਦ ਦੀਆਂ ਜੰਗਾਂ ਜਿੱਤਣ ਵਿੱਚ ਵੱਡੀ ਭੂਮਿਕਾ ਰਹੀ ਸੀ।

ETPB ਦੇ ਬੁਲਾਰੇ ਆਮਿਰ ਹਾਸ਼ਮੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਇੱਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਹਵੇਲੀ ਦੀ ਮੁਰੰਮਤ ਤੇ ਉਸ ਨੂੰ ਨਵਾਂ ਰੂਪ ਦੇਣ ਦਾ ਕੰਮ PSGPC ਦੀ ਨਿਗਰਾਨੀ ਹੇਠ ਪੂਰਾ ਹੋਵੇਗਾ। ਪਾਕਿਸਤਾਨ ਦੇ ਅਖ਼ਬਾਰ ‘ਦ ਇੰਟਰਨੈਸ਼ਨਲ ਨਿਊਜ਼’ ਨੇ ਇਸ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ। ਆਮਿਰ ਹਾਸ਼ਮੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠ ਸਰਕਾਰ ਪਾਕਿਸਤਾਨ ਦੀ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਹਰੀ ਸਿੰਘ ਨਲੂਆ ਨੇ ਇਹ ਹਵੇਲੀ 1800ਵਿਆਂ ਦੌਰਾਨ ਖ਼ੁਦ ਤਾਮੀਰ ਕਰਵਾਈ ਸੀ। ਇਸ ਉੱਚੀ ਹਵੇਲੀ ਤੋਂ ਦੂਰ-ਦੁਰਾਡੇ ਤੱਕ ਦੇ ਦ੍ਰਿਸ਼ ਵਿਖਾਈ ਦਿੰਦੇ ਹਨ।

ਪਾਕਿਸਤਾਨ ਸਰਕਾਰ ਹੋਰਨਾਂ ਸਿੱਖ ਗੁਰਧਾਮਾਂ ਵਾਂਗ ਇਸ ਹਵੇਲੀ ਨੂੰ ਵੀ ਆਪਣੀ ਰਾਸ਼ਟਰੀ ਵਿਰਾਸਤ ਸਮਝਦੀ ਹੈ। ਇਹ ਹਰੀ ਸਿੰਘ ਨਲੂਆ ਹੀ ਸਨ, ਜਿਨ੍ਹਾਂ ਦੀ ਅਗਵਾਈ ਹੇਠ ਸਿੱਖ ਰਾਜ ਦੀਆਂ ਫ਼ੌਜਾਂ ਨੇ ਆਪਣੀ ਹਕੂਮਤ ਸਿੰਧ ਦਰਿਆ ਨੂੰ ਪਾਰ ਕਰ ਕੇ ਖੈਬਰ ਦੱਰੇ ਤੱਕ ਕਾਇਮ ਕਰ ਲਈ ਸੀ। ਹਰੀ ਸਿੰਘ ਨਲੂਆ ਕਸ਼ਮੀਰ, ਪੇਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਵੀ ਰਹੇ ਸਨ। ਉਨ੍ਹਾਂ ਨੇ ਹੀ ਸਿੱਖ ਸਾਮਰਾਜ ਦੀ ਇੱਕ ਟਕਸਾਲ ਕਾਇਮ ਕੀਤੀ ਸੀ ਤੇ ਕਸ਼ਮੀਰ ਅਤੇ ਪੇਸ਼ਾਵਰ ’ਚ ਮਾਲੀਆ ਤੇ ਹੋਰ ਟੈਕਸ ਇਕੱਠੇ ਕਰਨ ਦੀ ਪਰੰਪਰਾ ਅਰੰਭੀ ਸੀ।

ਪਾਕਿਸਤਾਨੀ ਸੂਬੇ (ਲਹਿੰਦੇ) ਪੰਜਾਬ ਦੇ ਚਕਵਾਲ ਜ਼ਿਲ੍ਹੇ ’ਚ ਸਥਿਤ ਕਟਾਸਰਾਜ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਵੀ ਸਥਿਤ ਹੈ, ਜਿੱਥੇ ਹਰ ਸਾਲ ਭਾਰਤ ਤੋਂ ਹਿੰਦੂਆਂ ਦਾ ਜੱਥਾ ਦੋ ਵਾਰ ਦਰਸ਼ਨਾਂ ਲਈ ਜਾਂਦਾ ਹੈ। ਕਟਾਸਰਾਜ ’ਚ ਸਥਿਤ ਕੁਝ ਤਾਲਾਬਾਂ ਬਾਰੇ ਅਜਿਹੀ ਮਾਨਤਾ ਹੈ ਕਿ ਉਨ੍ਹਾਂ ਵਿੱਚ ਮੌਜੂਦ ਜਲ, ਦਰਅਸਲ ਆਮ ਪਾਣੀ ਨਹੀਂ, ਸਗੋਂ ਭਗਵਾਨ ਸ਼ਿਵਜੀ ਦੇ ਅੱਥਰੂ ਹਨ।

NO COMMENTS