ਸਰਦੂਲਗੜ੍ਹ 9 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਵਿੱਚ ਬਠਿੰਡਾ ਅਤੇ ਮਾਨਸਾ ਦੇ ਲੋਕਾਂ ਦਾ ਪਾਇਆ ਯੋਗਦਾਨ ਮੈਂ ਕਦੇ ਨਹੀਂ ਭੁੱਲਾਂਗੀ। ਬੇਸ਼ੱਕ ਵਿਰੋਧੀਆਂ ਨੇ ਅਕਾਲੀ ਦਲ ਦੇ ਮੋਦੀ ਦੀ ਝੋਲੀ ਪੈਣ ਦੀ ਬਿਆਨਬਾਜੀ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਸਟੈਂਡ, ਕਿਸਾਨੀ ਮੰਗਾਂ, ਪੰਜਾਬ ਦੇ ਹਿੱਤਾਂ ਦੇ ਪਹਿਲਾਂ ਵਾਲੇ ਫੈਸਲੇ ਤੇ ਅੜਿੱਕ ਰਹੇਗਾ। ਨਾ ਉਹ “ਇੰਡੀਆ” ਗਠਜੋੜ ਅਤੇ ਨਾ ਹੀ ਐੱਨ.ਡੀ.ਏ ਦਾ ਹਿੱਸਾ ਬਣੇਗਾ। ਉਹ ਇੱਕਲਿਆਂ ਹੀ ਪਹਿਲਾਂ ਦੀ ਤਰ੍ਹਾਂ 543 ਸੰਸਦ ਮੈਂਬਰਾਂ ਵਿੱਚੋਂ ਪੰਜਾਬ ਦੀ ਅਵਾਜ ਬਣ ਕੇ ਗੂੰਜਦੇ ਰਹਿਣਗੇ। ਬਠਿੰਡਾ ਲੋਕ ਸਭਾ ਤੋਂ ਚੋਥੀ ਵਾਰ ਮੈਂਬਰ ਪਾਰਲੀਮੈਂਟ ਬਣੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ 13-0 ਦੀ ਗੱਲ, ਬਾਦਲਾਂ ਦਾ ਬਠਿੰਡੇ ਤੋਂ ਸਫਾਇਆ ਅਤੇ ਹੋਰ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਲੋਕਾਂ ਨੂੰ ਛਲਾਵਾ ਦੇ ਰਹੀਆਂ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਦੇ ਹਿੱਤ ਪਿਆਰੇ ਹਨ, ਜਿੱਤਾਂ-ਹਾਰਾਂ ਜਾਂ ਕੁਰਸੀਆਂ ਨਹੀਂ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਚੇਤੇ ਰਹੇਗਾ ਕਿ ਅਕਾਲੀ ਦਲ ਨਾਲ ਕੋਣ ਖੜਿਆ, ਕੋਣ ਨਹੀਂ। ਕਿਸ ਨੇ ਕਿਹੋ-ਜਿਹਾ ਪ੍ਰਚਾਰ ਅਤੇ ਕਿਸ ਦੀ ਕਿਹੋ-ਜਿਹੀ ਭੂਮਿਕਾ ਰਹੀ। ਸਮਾਂ ਆਉਣ ਤੇ ਇਸ ਦਾ ਹਿਸਾਬ ਵੀ ਕਰ ਲਿਆ ਜਾਵੇਗਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਚੋਥੀ ਜਿੱਤ ਪ੍ਰਮਾਤਮਾ ਤੇ ਲੋਕਾਂ ਦੀ ਸੰਗਤ ਦੀ ਕਿਰਪਾ ਹੈ। ਪਰ ਉੇਹ ਆਪਣੀ ਚੋਥੀ ਜਿੱਤ ਨੂੰ ਸੰਸਦ ਵਿੱਚ ਚੁੱਪ ਕਰਕੇ ਬੈਠਣ ਵਿੱਚ ਨਹੀਂ ਗਵਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਵਿੱਚੋਂ ਅਕਾਲੀ ਦਲ ਵੱਲੋਂ ਬੇਸ਼ੱਕ ਇੱਕਲੇ ਮੈਂਬਰ ਪਾਰਲੀਮੈਂਟ ਹਨ। ਪਰ ਉਨ੍ਹਾਂ ਦੀ ਪਾਰਲੀਮੈਂਟ ਵਿੱਚ ਭੂਮਿਕਾ ਲੋਕਾਂ ਨੂੰ ਪਤਾ ਲੱਗੇਗੀ। ਕੋਈ ਬੋਲੇ ਨਾ ਬੋਲੇ ਅਕਾਲੀ ਦਲ ਪੰਜਾਬ ਦੀ ਅਗਵਾਈ ਕਰੇਗਾ ਅਤੇ ਐੱਨ.ਡੀ.ਏ ਜਾਂ “ਇੰਡੀਆ” ਗਠਜੋੜ ਦਾ ਹਿੱਸਾ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੂਡੀਆ ਨੂੰ ਕਿਹਾ ਕਿ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਪੰਜਾਬ ਸਰਕਾਰ ਨਸ਼ੇ ਦਾ ਖਾਤਮਾ ਕਰੇ ਅਤੇ ਮਾਨਸਾ ਦੇ ਸੀਵਰੇਜ ਸਿਸਟਮ ਲਈ ਗ੍ਰਾਂਟ ਦੇਣ, ਜਿਸ ਵਿੱਚ ਅਕਾਲੀ ਦਲ ਵੱਲੋਂ ਹਰ ਤਰ੍ਹਾ ਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਸੋਢੀ, ਮੇਵਾ ਸਿੰਘ ਬਾਂਦਰਾਂ, ਸੁਖਦੇਵ ਸਿੰਘ ਚੈਨੇਵਾਲਾ, ਸੁਰਜੀਤ ਸਿੰਘ ਰਾਏਪੁਰ , ਗੁਰਪ੍ਰੀਤ ਸਿੰਘ ਚਹਿਲ, ਸੁਖਵਿੰਦਰ ਸਿੰਘ ਹੌਲੀ , ਗੁਰਵਿੰਦਰ ਸਿੰਘ ਤਲਵੰਡੀ ਅਕਲੀਆ, ਰੇਸ਼ਮ ਬਣਾਂਵਾਲੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।