*ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿੰਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਪੂਰੀ ਤਨਦੇਹੀ ਨਾਲ ਯਤਨ ਜਾਰੀ*

0
18

ਮਾਨਸਾ, 14 ਅਗਸਤ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਪਸ਼ੂ ਪਾਲਣ ਵਿਭਾਗ ਵੱਲੋਂ  ਲੰਪੀ ਸਕਿੰਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡਾ. ਅਮਰੀਕ ਸਿੰਘ ਨੇ ਦਿੱਤੀ।
ਡਿਪਟੀ ਡਾਇਰੈਕਟਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਵੈਟਰਨਿਟੀ ਟੀਮਾਂ ਵੱਲੋਂ ਵੱਖ ਵੱਖ ਪਿੰਡਾਂ ਵਿਚ ਲੋਕਾਂ ਨੂੰ ਪਸ਼ੂਆਂ ਅੰਦਰ ਫੈਲੀ ਲੰਪੀ ਸਕਿੰਨ ਬਿਮਾਰੀ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਇਲਾਜ਼ ਅਤੇ ਵੈਕਸੀਨੇਸ਼ਨ ਲਈ ਸਮੂਹ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਐਸ.ਓ.ਪੀ. ਅਨੁਸਾਰ ਲੰਪੀ ਸਕਿੰਨ ਬਿਮਾਰੀ ਨਾਲ ਮਰਨ ਵਾਲੇ ਪਸ਼ੂਆਂ ਨੂੰ ਪੇਂਡੂ ਵਿਕਾਸ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਡੂੰਘਾ ਟੋਇਆ ਪੁੱਟ ਕੇ ਦਬਾਇਆ ਜਾਵੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡੇਅਰੀ ਫਾਰਮਰਜ਼ ਅਤੇ ਗਊਸ਼ਾਲਾਵਾਂ ਨੂੰ ਵੈਕਸੀਨੇਸ਼ਨ ਲਈ ਤਰਜੀਹ ਦਿੱਤੀ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਨਿਰੰਤਰ ਕੰਮ ਕਰ ਰਿਹਾ ਹੈ ਅਤੇ ਸਥਿਤੀ ਕਾਬੂ ਵਿੱਚ ਹੈ। ਉਨ੍ਹਾ ਕਿਹਾ ਕਿ ਪਸ਼ੂਆਂ ਦੇ ਇਲਾਜ ਲਈ ਪਹਿਲਾਂ 2.5 ਲੱਖ ਰੁਪਏ ਦੀਆਂ ਦਵਾਈਆਂ ਦੀ ਖਰੀਦ ਕਰ ਕੇ ਸਮੂਹ ਸੰਸਥਾਵਾਂ ਵਿੱਚ ਵੰਡੀਆਂ ਗਈਆਂ ਹਨ ।
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ 3854 ਪਸ਼ੂਆਂ ਦੇ ਬਿਮਾਰ ਹੋਣ ਤੋਂ ਬਾਅਦ 3691 ਪਸ਼ੂਆਂ ਦਾ ਇਲਾਜ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਲੰਪੀ ਸਕਿੰਨ ਡਸੀਜ਼ ਦੇ ਬਚਾਅ ਲਈ ਵੈਕਸੀਨ ਦੀਆਂ 10350 ਖੁਰਾਕਾਂ ਮਿਲੀਆਂ ਹਨ ਜਿਨ੍ਹਾਂ ਵਿਚੋਂ 6728 ਖੁਰਾਕਾਂ ਤੰਦਰੁਸਤ ਪਸ਼ੂਆਂ ਨੂੰ ਲੰਪੀ ਸਕਿੰਨ ਬਿਮਾਰੀ ਦੇ ਬਚਾਅ ਲਈ ਲਗਾਈਆਂ ਜਾ ਚੁੱਕੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ’ਤੇ ਜਾਰੀ ਅਡਵਾਇਜ਼ਰੀ ਅਤੇ ਹਦਾਇਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਪਰਾਲੇ ਅਤੇ ਲੋਕਾਂ ਦੇ ਸਹਿਯੋਗ ਨਾਲ ਸਥਿਤੀ ਕੰਟਰੋਲ ਹੇਠ ਹੈ।    
  

NO COMMENTS