ਮਾਨਸਾ, 30 ਜੂਨ (ਸਾਰਾ ਯਹਾ /ਬਲਜੀਤ ਸ਼ਰਮਾ) : ਪਲਾਸਟਿਕ ਵਸਤਾਂ ਦੀ ਮੁੜ ਵਰਤੋਂ ਨੂੰ ਪ੍ਰਫੂਲਿਤ ਕਰਨ ਲਈ ਖਾਦ ਨੂੰ ਡੱਬਿਆਂ ਵਿੱਚ ਪੈਕ ਕਰਕੇ ਤਿਆਰ ਕੀਤੇ ਨਮੂਨੇ 3ਡੀ ਸੁਸਾਇਟੀ ਦੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੂੰ ਭੇਟ ਕੀਤੇ ਗਏ।ਇਸ ਮੌਕੇ 3 ਡੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ 3ਡੀ ਸੁਸਾਇਟੀ ਦੇ ਸੈਕਟਰੀ ਸ਼੍ਰੀ ਜਸਵਿੰਦਰ ਸਿੰਘ ਨੇ ਦੱਸਿਆ ਇਸ ਤੋਂ ਇਲਾਵਾ ਕੂੜੇ ਵਿੱਚੋਂ ਇਕੱਠੇ ਕੀਤੇ ਪਲਾਸਟਿਕ ਦੇ ਡੱਬੇ ਜਿਵੇਂ ਦਹੀ ਵਾਲੇ ਕੱਪ, ਫਰੂਟ ਪੈਕਿੰਗ ਵਾਲੇ ਡੱਬੇ ਆਦਿ ਨੂੰ ਅੱਪ-ਸਾਈਕਲ ਕਰਕੇ ਕੰਪੋਸਟ ਇਨ੍ਹਾਂ ਵਿੱਚ ਪੈਕ ਕੀਤੀ ਜਾ ਰਹੀ ਹੈ। ਸ਼੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਵਿਖੇ ਚੱਲ ਰਹੇ 3ਡੀ ਪ੍ਰਜੈਕਟ ਤਹਿਤ 3ਡੀ ਸੁਸਾਇਟੀ ਵੱਲੋਂ ਮਾਨਸਾ ਸ਼ਹਿਰ ਦੇ ਸਾਰੇ ਵਾਰਡਾਂ ਵਿੱਚੋਂ ਕੂੜੇ ਨੂੰ ਡੋਰ ਟੂ ਡੋਰ ਘਰਾਂ, ਦੁਕਾਨਾਂ ਅਤੇ ਵੱਖ-ਵੱਖ ਅਦਾਰਿਆਂ ਵਿੱਚੋਂ ਇਕੱਠਾ ਕਰਕੇ ਸ਼ਹਿਰ ਵਿੱਚ ਵੱਖ-ਵੱਖ 4 ਐਮ.ਆਰ.ਐਫ ਸ਼ੈੱਡਾਂ (ਮਟੀਰੀਅਲ ਰਿਕਵਰੀ ਫੈਸਿਲਟੀ) ‘ਤੇ ਲਿਜਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਹ 4 ਐਮ.ਆਰ.ਐਫ ਸ਼ੈੱਡ ਖੋਖਰ ਰੋਡ, ਚਕੇਰੀਆਂ ਰੋਡ, ਐਸ.ਡੀ.ਐਮ ਆਫਿਸ ਅਤੇ ਡਿਪਟੀ ਕਮਿਸ਼ਨਰ ਰਿਹਾਇਸ ਦੇ ਨਾਲ ਬਣੇ ਹੋਏ ਹਨ। ਸ਼੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਐਮ.ਆਰ.ਐਫ ਸ਼ੈੱਡਾਂ ਉਪਰ ਸੁੱਕੇ ਕੂੜੇ ਨੂੰ ਵਰਕਰਾਂ ਦੁਆਰਾ ਅਲੱਗ-ਅਲੱਗ ਬੋਰਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਇਸਨੂੰ ਰੀਸਾਈਕਲ ਲਈ ਭੇਜਿਆ ਜਾਂਦਾ ਹੈ ਅਤੇ ਗਿੱਲੇ ਕੂੜੇ (ਕਿਚਨ ਵੇਸਟ, ਹੋਰਟੀਕਲਚਰ ਵੇਸਟ) ਨੂੰ ਪ੍ਰੋਸੈਸਿੰਗ ਲਈ ਪਿੱਟਾਂ ਵਿੱਚ ਖਾਦ ਬਣਨ ਦੇ ਲਈ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿઠਘਰ-ਘਰ ਇਕੱਠੇ ਕੀਤੇ ਕੂੜੇ ਵਿੱਚੋਂ ਗਊਆਂ ਦੇ ਖਾਣ ਯੋਗ ਵਸਤਾਂ ਨੂੰ ਅਲੱਗ ਰੱਖਿਆ ਜਾਂਦਾ ਹੈ ਅਤੇ ਇਸਨੂੰ ਗਊਸ਼ਾਲਾ ਵਿੱਚ ਭੇਜਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਐਮ.ਆਰ.ਐਫ. ਸ਼ੈੱਡਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਤਜਵੀਜਤ 125 ਪਿੱਟਸ ਵਿੱਚੋਂ ਕੁੱਲ 57 ਪਿੱਟਸ ਐਮ.ਆਰ.ਐਫ ਸ਼ੈੱਡਾਂ ਵਿੱਚ ਬਣੇ ਹੋਏ ਹਨ ਅਤੇ ਬਾਕੀ ਪਿੱਟਸ ਖੋਖਰ ਰੋਡ ਉੱਪਰ ਐਮ.ਆਰ.ਐਫ ਸ਼ੈੱਡ ਦੇ ਨਾਲ ਬਣ ਰਹੇ ਹਨ।ઠਉਨ੍ਹਾਂ ਦੱਸਿਆ ਕਿ ਕਿਚਨ ਵੇਸਟ ਤੋਂ ਤਿਆਰ ਕੀਤੀ ਖਾਦ 10 ਰੁਪਏ ਕਿੱਲੋ ਦੇ ਹਿਸਾਬ ਨਾਲ ਅਤੇ ਵਰਮੀ ਕੰਪੋਸਟ ਖਾਦ 50 ਰੁਪਏ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ।