ਮਾਨਸਾ, 05 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਪਲਾਸਟਿਕ ਦੀ ਵਰਤੋਂ ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਬਹੁਤ ਹੀ ਜ਼ਿਆਦਾ ਘਾਤਕ ਹੈ ਅਤੇ ਸਿੰਗਲ ਯੂਜ਼ ਪਲਾਸਟਿਕ ਦਾ ਪ੍ਰਦੂਸ਼ਨ ਫੈਲਾਉਣ ਵਿੱਚ ਕਾਫ਼ੀ ਵੱਡਾ ਹੱਥ ਹੈ। ਇਹ ਸਿੰਗਲ ਯੂਜ਼ ਪਲਾਸਟਿਕ ਹੀ ਸੀਵਰੇਜ਼ ਬਲਾਕ ਦੀ ਸਮੱਸਿਆ ਦਾ ਕਾਰਨ ਬਣਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਸ਼੍ਰੀ ਬੁੱਧ ਰਾਮ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਸਿੰਗਲ ਯੂਜ਼ ਪਲਾਸਟਿਕ ਦੇ ਬੈਨ ਸਬੰਧੀ ਹੋਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਅਭਿਆਨ ਦੌਰਾਨ ਕੀਤਾ। ਉਨ੍ਹਾਂ ਇਸ ਮੁਹਿੰਮ ਦਾ ਅੱਜ ਪੂਰੇ ਪੰਜਾਬ ਵਿੱਚ ਆਗਾਜ਼ ਕਰਨ ਲਈ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਮੁਹਿੰਮ ਦੀ ਅੱਜ ਜ਼ਿਲ੍ਹਾ ਸੰਗਰੂਰ ਤੋਂ ਰਾਜ ਪੱਧਰੀ ਸਮਾਗਮ ਰਾਹੀਂ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਪੰਜਾਬ ਸਰਕਾਰ ਇਸ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਦਿਨੀਂ ਲੋਕਾਂ ਦੇ ਸਹਿਯੋਗ ਨਾਲ ਮੁਹਿੰਮ ਚਲਾ ਕੇ ਲੱਖਾਂ ਪੌਦੇ ਲਗਾਏ ਗਏ ਅਤੇ ਹੁਣ ਸਿੰਗਲ ਯੂਜ਼ ਪਲਾਸਟਿਕ ’ਤੇ ਅੰਕੁਸ਼ ਲਗਾਉਣ ਲਈ ਅੱਜ ਜਾਗਰੂਕਤਾ ਮੁਹਿੰਮ ਦਾ ਪੂਰੇ ਸੂਬੇ ਵਿੱਚ ਆਗਾਜ਼ ਕੀਤਾ ਗਿਆ ਹੈ।
ਵਿਧਾਇਕ ਨੇ ਕਿਹਾ ਕਿ ਸਰਕਾਰ ਦੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਜੇਕਰ ਹਰੇਕ ਵਿਅਕਤੀ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੇ ਤਾਂ ਬਹੁਤ ਜਲਦ ਹੀ ਅਸੀਂ ਪ੍ਰਦੂਸ਼ਣ ਰਹਿਤ ਅਤੇ ਸਾਫ਼-ਸੁਥਰਾ ਵਾਤਾਵਰਣ ਸਿਰਜ ਸਕਦੇ ਹਾਂ। ਉਨ੍ਹਾਂ ਕਿਹਾ ਕਿਹਾ ਕਿ ਸਕੂਲਾਂ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਮੌਕੇ ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਇਸ ਮੁਹਿੰਮ ਦਾ ਘਰ-ਘਰ ਫੈਲਾਅ ਹੋ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਸਟਿਕ ਦੇ ਲਿਫ਼ਾਫਿਆਂ ਜਾਂ ਪਲਾਸਟਿਕ ਦੀਆਂ ਹੋਰ ਵਸਤਾਂ ਨੂੰ ਖਾ ਕੇ ਬੇਸਹਾਰਾ ਪਸ਼ੂ ਵੀ ਮਰ ਜਾਂਦੇ ਹਨ ਅਤੇ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਇਸ ਪ੍ਰਦੂਸ਼ਿਤ ਵਾਤਾਵਰਣ ਕਾਰਨ ਅਲੋਪ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਈ ਬਿਮਾਰੀਆਂ ਦਾ ਮੁੱਖ ਕਾਰਨ ਵੀ ਇਹ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾਂ ਹਨ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਆਪਣੇ ਵਿਰਸੇ ਨਾਲ ਜੁੜਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਕੋਲ ਹਮੇਸ਼ਾਂ ਕਪੜੇ ਦੇ ਥੈਲੇ ਹੁੰਦੇ ਸਨ। ਸਾਨੂੰ ਦੁਬਾਰਾ ਇਸ ਵਿਰਾਸਤ ਨੂੰ ਲੈ ਕੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਬਜ਼ਾਰ ਤੋਂ ਸਾਮਾਨ ਲੈਣ ਲਈ ਜਾਂਦੇ ਹਾਂ ਤਾਂ ਆਪਣੇ ਨਾਲ ਕਪੜੇ ਜਾਂ ਜੂਟ ਦਾ ਥੈਲਾ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਪਲਾਸਟਿਕ ਦੇ ਲਿਫਾਫਿਆਂ ਦੀ ਮੰਗ ਨਹੀਂ ਕਰਾਂਗੇ ਤਾਂ ਇਸਦੀ ਸਪਲਾਈ ਵੀ ਖੁਦ ਹੀ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਲਾਸਟਿਕ ਨੂੰ ਗਲਣ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਹਨ ਅਤੇ ਇਹ ਨਦੀ-ਨਾਲਿਆਂ ਵਿੱਚ ਜਾ ਕੇ ਵੀ ਜੀਵ-ਜੰਤੂਆਂ ਦੀ ਮੌਤ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮਿੱਟੀ ਦੀ ਬਣਤਰ ਵੀ ਖ਼ਰਾਬ ਹੋ ਜਾਂਦੀ ਹੈ। ਇਸ ਲਈ ਸਾਨੂੰ ਇਨ੍ਹਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ 19 ਤਰ੍ਹਾਂ ਦੇ ਸਿੰਗਲ ਯੂਜ਼ ਪਲਾਸਟਿਕ ’ਤੇ ਬੈਨ ਲਗਾਇਆ ਗਿਆ ਹੈ, ਜਿਨ੍ਹਾਂ ਵਿੱਚ ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬੱਡਜ਼ ਤੇ ਗੁਬਾਰੇ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ-ਕ੍ਰੀਮ ਸਟਿਕਸ, ਸਜਾਵਟ ਲਈ ਪੋਲੀਸਟੀਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਪਾਈਪ, ਮਿਠਾਈਆਂ ਦੇ ਡੱਬਿਆਂ, ਇਨਵੀਟੇਸ਼ਨ ਕਾਰਡ, ਸਿਗਰੇਟ ਪੈਕੇਟ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਕਰਨ ਵਾਲੀਆਂ ਫਿਲਮਾਂ, 100 ਮਾਈਕਰੋਨ ਤੋਂ ਘੱਟ ਪਲਾਸਟਿਕ ਜਾਂ ਪੀ.ਵੀ.ਸੀ ਬੈਨਰ, ਸਟਿੱਕਰ ਆਦਿ ਸ਼ਾਮਿਲ ਹਨ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬੁਨਿਆਦ ਸਕੀਮ ਅਧੀਨ ਲੱਕੀ ਡਰਾਅ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਸੁਕੰਨਿਆ ਸਮਰਿਧੀ ਯੋਜਨਾ ਤਹਿਤ 20 ਜੁਲਾਈ 2022 ਤੋਂ 15 ਅਗਸਤ 2022 ਤੱਕ ਨਵੇਂ ਖੁਲ੍ਹੇ 7500 ਖਾਤਿਆਂ ਵਿੱਚੋਂ 10 ਲੱਕੀ ਖਾਤਾ ਧਾਰਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਤੀ ਖਾਤਾ 2000/- ਰੁਪਏ ਦਿੱਤੇ ਜਾਣਗੇ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਖੁਰਦ ਦੀ ਬਾਰ੍ਹਵੀਂ ਵਿਦਿਆਰਥਣ ਸੁਮਨਦੀਪ ਕੌਰ ਵੱਲੋਂ ਵਾਤਾਵਰਣ ਵਿਸ਼ੇ ’ਤੇ ਸਪੀਚ ਪੇਸ਼ ਕੀਤੀ ਗਈ। ਇਸ ਦੌਰਾਨ ਪਤਵੰਤਿਆਂ ਨੂੰ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਨਾਲ ਸਬੰਧਤ ਵੀਡੀਓਜ਼ ਵੀ ਦਿਖਾਈ ਗਈ ਅਤੇ ਪਤਵੰਤਿਆਂ ਨੂੰ ਜੂਟ ਬੈਗ ਅਤੇ ਜਾਗਰੂਕਤਾ ਪੈਂਫਲੇਟਸ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਐਸ.ਪੀ. ਸ਼੍ਰੀ ਦਿਗਵਿਜਯ ਕਪਿਲ, ਮੈਡਮ ਤੂਸ਼ੀਤਾ ਗੁਲਾਟੀ, ਸੀਨੀਆਰ ਵਾਤਾਵਰਣ ਇੰਜੀਨੀਅਰ ਸ਼੍ਰੀ ਰਾਜੀਵ ਗੋਇਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਪਰਮਪਾਲ ਸਿੰਘ ਅਤੇ ਸਹਾਇਕ ਵਾਤਾਵਰਣ ਇੰਜੀਨੀਅਰ ਸ਼੍ਰੀ ਰਵੀਦੀਪ ਸਿੰਗਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਸਕੂਲਾਂ ਦੇ ਕਲਸਟਰ ਹੈੱਡ, ਮਿਊਂਸਪਲ ਕਾਊਂਸਲਰ ਅਤੇ ਸ਼ਹਿਰ ਦੇ ਮੋਹਤਵਰ ਵਿਅਕਤੀ ਸ਼ਾਮਿਲ ਸਨ।